Latest News
ਯੁਵਰਾਜ ਦੀ ਕ੍ਰਿਕਟ ਨੂੰ ਅਲਵਿਦਾ

Published on 10 Jun, 2019 11:33 AM.


ਮੁੰਬਈ (ਨਵਾਂ ਜ਼ਮਾਨਾ ਸਰਵਿਸ)
ਟੀਮ ਇੰਡੀਆ ਦੇ ਹਰਫ਼ਨਮੌਲਾ ਖਿਡਾਰੀ ਯੁਵਰਾਜ ਸਿੰਘ ਨੇ ਅੱਜ ਸੋਮਵਾਰ ਨੂੰ ਮੁੰਬਈ 'ਚ ਪ੍ਰੈੱਸ ਕਾਨਫਰੰਸ ਦੌਰਾਨ ਆਪਣੇ ਸੰਨਿਆਸ ਦਾ ਐਲਾਨ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਪਤਨੀ ਹੇਜ਼ਲ ਅਤੇ ਮਾਂ ਵੀ ਮੌਜੂਦ ਸੀ। ਪ੍ਰੈੱਸ ਕਾਨਫਰੰਸ ਦੌਰਾਨ ਯੁਵਰਾਜ ਸਿੰਘ ਭਾਵੁਕ ਨਜ਼ਰ ਆਏ ਅਤੇ ਇਸ ਤੋਂ ਪਹਿਲਾਂ ਇੱਕ ਫ਼ਿਲਮ ਦਿਖਾਈ ਗਈ। ਸਾਲ 2011 'ਚ ਖੇਡੇ ਗਏ 10ਵੇਂ ਆਈ ਸੀ ਸੀ ਕ੍ਰਿਕਟ ਵਿਸ਼ਵ ਕੱਪ 'ਚ ਭਾਰਤੀ ਦੀ ਜਿੱਤ ਦੇ ਨਾਇਕ ਰਹੇ ਯੁਵਰਾਜ ਸਿੰਘ ਨੇ ਅੰਤਰਰਾਸ਼ਟਰੀ ਕ੍ਰਿਕਟ ਖੇਡਿਆ ਹੈ। ਯੁਵਰਾਜ ਨੇ ਸੋਮਵਾਰ ਨੂੰ ਸਾਊਥ ਮੁੰਬਈ ਦੇ ਇੱਕ ਹੋਟਲ 'ਚ ਪ੍ਰੈੱਸ ਕਾਨਫਰੰਸ ਕਰਕੇ ਆਪਣੇ ਸੰਨਿਆਸ ਦਾ ਐਲਾਨ ਕੀਤਾ। ਯੁਵਰਾਜ ਸਿੰਘ ਦੀ ਗਿਣਤੀ ਦੁਨੀਆ ਦੇ ਕੁਝ ਚੋਣਵੇਂ ਵਿਸਫੋਟਕ ਬੱਲੇਬਾਜ਼ਾਂ 'ਚ ਕੀਤੀ ਜਾਂਦੀ ਰਹੀ ਹੈ। ਯੁਵਰਾਜ ਸਿੰਘ ਭਾਰਤ ਦੇ ਦੋ ਵਰਲਡ ਕੱਪ ਚੈਂਪੀਅਨ (2007 'ਚ ਵਰਲਡ ਟੀ-20 ਅਤੇ 2011 'ਚ ਵਰਲਡ ਕੱਪ) ਟੀਮਾਂ ਦਾ ਹਿੱਸਾ ਰਹੇ ਅਤੇ ਦੋਵੇਂ ਹੀ ਟੂਰਨਾਮੈਂਟਾਂ 'ਚ ਉਨ੍ਹਾਂ ਨੇ ਆਪਣਾ ਵਧੀਆ ਪ੍ਰਦਰਸ਼ਨ ਕੀਤਾ। 2017 ਤੋਂ ਬਾਅਦ ਹੀ ਉਨ੍ਹਾਂ ਦੀ ਸਿਲੈਕਸ਼ਨ ਭਾਰਤੀ ਟੀਮ 'ਚ ਨਹੀਂ ਹੋ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ 37 ਸਾਲਾ ਯੁਵਰਾਜ ਆਈ ਸੀ ਸੀ ਤੋਂ ਮਾਨਤਾ ਪ੍ਰਾਪਤ ਵਿਦੇਸ਼ ਟੀ-20 ਲੀਗ 'ਚ ਬਤੌਰ ਫੀਲਾਂਸ ਕ੍ਰਿਕਟਰ ਕੈਰੀਅਰ ਬਣਾਉਣਾ ਚਾਹੁੰਦੇ ਹਨ। ਉਨ੍ਹਾਂ ਨੇ ਜੀ ਟੀ-20 (ਕੈਨੇਡਾ), ਆਇਰਲੈਂਡ ਅਤੇ ਹਾਲੈਂਡ 'ਚ ਯੂਰੋ ਟੀ-20 ਸਲੈਮ 'ਚ ਖੇਡਣ ਦੇ ਆਫ਼ਰ ਮਿਲ ਰਹੇ ਹਨ।
ਇਸ ਮੌਕੇ ਉਨ੍ਹਾਂ ਦੱਸਿਆ ਕਿ ਬਚਪਨ 'ਚ ਮੈਂ ਆਪਣੇ ਪਿਤਾ ਦੇਸ਼ ਲਈ ਖੇਡਣ ਦਾ ਸੁਪਨਾ ਪੂਰਾ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਇੱਥੇ ਆਪਣੇ ਕ੍ਰਿਕਟ ਕੈਰੀਅਰ ਨੂੰ ਯਾਦ ਕਰਦੇ ਹੋਏ ਕਿਹਾ, 'ਆਪਣੇ 25 ਸਾਲ ਦੇ ਕੈਰੀਅਰ ਅਤੇ ਖਾਸ ਤੌਰ 'ਤੇ 17 ਸਾਲ ਦੇ ਅੰਤਰਰਾਸ਼ਟਰੀ ਕੈਰੀਅਰ 'ਚ ਕਈ ਉਤਰਾਅ-ਚੜ੍ਹਾਅ ਦੇਖੇ। ਹੁਣ ਮੈਂ ਅੱਗੇ ਵਧਣ ਦਾ ਫੈਸਲਾ ਲੈ ਲਿਆ ਹੈ। ਇਸ ਖੇਡ ਨੇ ਮੈਨੂੰ ਸਿਖਾਇਆ ਕਿ ਕਿਸ ਤਰ੍ਹਾਂ ਲੜਨਾ ਹੈ, ਡਿੱਗਣਾ ਹੈ, ਫਿਰ ਉੱਠਣਾ ਹੈ ਅਤੇ ਅੱਗੇ ਵਧਦੇ ਜਾਣਾ ਹੈ।' ਇਹ ਲੈਫਟ ਹੈਂਡਰ ਬੱਲੇਬਾਜ਼ ਆਖਰੀ ਵਾਰ ਭਾਰਤ ਲਈ ਫਰਵਰੀ 2017 'ਚ ਇੰਗਲੈਂਡ ਦੇ ਖਿਲਾਫ਼ ਟੀ-20 ਇੰਟਰਨੈਸ਼ਨਲ ਮੈਚ 'ਚ ਖੇਡਿਆ ਸੀ। ਇਸ ਤੋਂ ਪਹਿਲਾਂ ਉਹ ਚੈਂਪੀਅਨਸ਼ਿਪ ਟਰਾਫ਼ੀ 2017 ਅਤੇ ਉਸ ਤੋਂ ਬਾਅਦ ਵੈਸਟ ਇੰਡੀਜ਼ ਦੌਰ 'ਤੇ ਗਈ ਭਾਰਤੀ ਟੀਮ ਦਾ ਹਿੱਸਾ ਰਿਹਾ। ਉਨ੍ਹਾਂ ਨੇ ਆਪਣੇ ਕੈਰੀਅਰ ਦਾ ਆਖਰੀ ਵਨ ਡੇ ਮੈਚ 30 ਜਨਵਰੀ 2017 ਨੂੰ ਵੈਸਟ ਇੰਡੀਜ਼ ਦੇ ਖਿਲਾਫ਼ ਐਂਟੀਗੂਆ 'ਚ ਖੇਡਿਆ ਸੀ। ਰਿਟਾਇਰ ਹੋਣ ਤੋਂ ਬਾਅਦ ਯੁਵਰਾਜ ਨੇ ਪ੍ਰੈੱਸ ਕਾਨਫਰੰਸ 'ਚ ਕਈ ਸਵਾਲਾਂ ਦੇ ਜਵਾਬ ਦਿੱਤੇ। ਉਨ੍ਹਾਂ ਨੇ ਦੱਸਿਆ ਕਿ ਆਈ ਪੀ ਐੱਲ ਦੌਰਾਨ ਉਹ ਸਚਿਨ ਦੇ ਰਿਟਾਇਰਮੈਂਟ 'ਤੇ ਗੱਲ ਕਰ ਰਹੇ ਸਨ। ਯੁਵਰਾਜ ਨੇ ਕਿਹਾ, 'ਸਚਿਨ ਨੇ ਮੈਨੂੰ ਕਿਹਾ ਸੀ ਕਿ ਤੂੰ ਹੀ ਤੈਅ ਕਰਨਾ ਹੈ ਕਿ ਕਦੋਂ ਆਪਣਾ ਕੈਰੀਅਰ ਖ਼ਤਮ ਕਰਨਾ ਹੈ, ਤੇਰੇ ਤੋਂ ਬਿਹਤਰ ਕੋਈ ਵੀ ਇਹ ਫੈਸਲਾ ਨਹੀਂ ਲੈ ਸਕਦਾ।'

350 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper