Latest News
ਖੌਲਦਾ ਤਾਪਮਾਨ

Published on 11 Jun, 2019 11:04 AM.


ਸੋਮਵਾਰ ਦੇਸ਼ ਦੇ 10 ਸ਼ਹਿਰਾਂ ਦਾ ਤਾਪਮਾਨ 46.3 ਡਿਗਰੀ ਸੈਂਟੀਗਰੇਡ ਤੋਂ ਉੱਪਰ ਨੋਟ ਕੀਤਾ ਗਿਆ। ਸਿਖ਼ਰ 50.3 ਡਿਗਰੀ ਰਾਜਸਥਾਨ ਦੇ ਚੁਰੂ ਵਿੱਚ ਸੀ। ਭਾਰਤੀ ਮੌਸਮ ਵਿਭਾਗ ਦੇ ਅਨੁਮਾਨ ਮੁਤਾਬਕ ਜੂਨ ਮਹੀਨੇ ਪਾਰਾ ਅਜੇ ਹੋਰ ਚੜ੍ਹੇਗਾ। ਮੌਸਮ ਵਿਭਾਗ ਵੱਲੋਂ ਦੇਸ਼ ਭਰ ਵਿਚਲੇ ਆਪਣੇ 103 ਕੇਂਦਰਾਂ ਤੋਂ ਇਕੱਠੇ ਕੀਤੇ ਗਏ ਅੰਕੜਿਆਂ ਮੁਤਾਬਕ 1961 ਤੋਂ 2018 ਤੱਕ ਤਾਪਮਾਨ ਵਿੱਚ ਡਰਾਮਈ ਵਾਧਾ ਹੋਇਆ ਹੈ। ਤਾਪਮਾਨ ਸਿਰਫ਼ 0.8 ਡਿਗਰੀ ਸੈਂਟੀਗਰੇਡ ਦੇ ਰੇਂਜ ਵਿੱਚ ਹੀ ਨਹੀਂ ਵਧਿਆ, ਸਗੋਂ ਗਰਮ ਦਿਨਾਂ ਦੀ ਗਿਣਤੀ ਵੀ ਵਧ ਗਈ ਹੈ। ਗਰਮੀ ਦੀ ਮਾਰ ਦਾ ਸ਼ਿਕਾਰ ਸ਼ਿਮਲਾ, ਮਸੂਰੀ, ਦਾਰਜੀਲਿੰਗ ਤੇ ਮਨਾਲੀ ਵੀ ਆ ਗਏ ਹਨ, ਜਿੱਥੇ ਤਾਪਮਾਨ ਪੰਜ ਤੋਂ ਵੀ ਵੱਧ ਡਿਗਰੀ ਤੱਕ ਵਧ ਗਿਆ ਹੈ। ਮਸੂਰੀ ਵਰਗੇ ਸਥਾਨ ਦਾ ਤਾਪਮਾਨ 38 ਡਿਗਰੀ ਤੱਕ ਪੁੱਜ ਗਿਆ ਹੈ। ਹਾਈਵੇ ਬਣਾਉਣ ਲਈ ਜਿਵੇਂ ਅੰਨ੍ਹੇਵਾਹ ਦਰੱਖ਼ਤਾਂ ਦਾ ਵਢਾਂਗਾ ਹੋ ਰਿਹਾ ਹੈ ਅਤੇ ਖਣਿਜ ਪਦਾਰਥ ਕੱਢਣ ਲਈ ਜੰਗਲਾਂ ਦੇ ਜੰਗਲ ਸਾਫ਼ ਹੋ ਰਹੇ ਹਨ, ਉਹ ਦਿਨ ਦੂਰ ਨਹੀਂ, ਜਦੋਂ ਕਈ ਇਲਾਕਿਆਂ ਦਾ ਤਾਪਮਾਨ 50 ਡਿਗਰੀ ਨੂੰ ਛੂਹਣ ਲੱਗ ਪਏਗਾ ਤੇ ਉਦੋਂ ਏਅਰ ਕੰਡੀਸ਼ਨਰ ਵੀ ਕੰਮ ਕਰਨਾ ਬੰਦ ਕਰ ਦੇਣਗੇ।
ਤਾਪਮਾਨ ਵਿੱਚ ਇਸ ਤਬਦੀਲੀ ਨੂੰ ਉਮਰ ਦਰਾਜ ਲੋਕਾਂ ਨਾਲੋਂ ਵੱਧ ਹੋਰ ਕੌਣ ਮਹਿਸੂਸ ਕਰ ਸਕਦਾ ਹੈ। ਸੋਲਨ ਬ੍ਰੀਵਰੀ ਤੋਂ ਰਿਟਾਇਰ ਹੋਏ ਚੁਰਾਸੀ ਸਾਲ ਦੇ ਡੀ ਐੱਨ ਖੰਨਾ ਨੇ ਕਿਹਾ ਕਿ ਕਾਲਕਾ-ਸ਼ਿਮਲਾ ਸੜਕ ਨੂੰ ਫੋਰਲੇਨ ਕਰਨ ਲਈ ਦਰੱਖਤਾਂ ਨੂੰ ਜਿਸ ਹਿਸਾਬ ਨਾਲ ਕਤਲ ਕੀਤਾ ਗਿਆ, ਉਹ ਹੀ ਗਰਮੀ ਲਈ ਜ਼ਿੰਮੇਵਾਰ ਹੈ। ਵਿਕਾਸ ਦੇ ਨਾਂਅ 'ਤੇ ਅਸੀਂ ਹਜ਼ਾਰਾਂ ਦਰੱਖਤ ਵੱਢ ਦਿੱਤੇ ਹਨ। ਪਹਿਲਾਂ ਸ਼ਿਮਲਾ ਤੇ ਕਾਲਕਾ ਵਿਚਾਲੇ ਦਾ ਸਫ਼ਰ ਆਨੰਦਮਈ ਹੁੰਦਾ ਸੀ। ਤਾਜ਼ੇ ਪਾਣੀ ਦੇ ਕਈ ਝਰਨੇ ਹੁੰਦੇ ਸਨ, ਜਿਹੜੇ ਹੁਣ ਸੁੱਕ ਗਏ ਹਨ। ਹਿਮਾਚਲ ਦਿੱਲੀ ਨੂੰ ਪਾਣੀ ਸਪਲਾਈ ਕਰਦਾ ਹੈ, ਪਰ ਇੱਥੇ ਲੋਕਾਂ ਨੂੰ ਪੰਜਵੇਂ ਦਿਨ ਪਾਣੀ ਮਿਲ ਰਿਹਾ ਹੈ। ਪੁਣੇ ਕਿਸੇ ਵੇਲੇ ਮਹਾਰਾਸ਼ਟਰ ਦਾ ਸਭ ਤੋਂ ਵਧੀਆ ਹਿੱਲ ਸਟੇਸ਼ਨ ਮੰਨਿਆ ਜਾਂਦਾ ਸੀ, ਉਥੇ ਵੀ ਕੁਝ ਦਿਨ ਪਹਿਲਾਂ ਤਾਪਮਾਨ 43 ਡਿਗਰੀ ਤੋਂ ਟੱਪ ਗਿਆ। ਅਜਿਹਾ 50 ਸਾਲ ਬਾਅਦ ਹੋਇਆ। ਬੇਂਗਲੁਰੂ ਵਿੱਚ ਤਾਪਮਾਨ 26 ਡਿਗਰੀ ਤਕ ਕਦੇ-ਕਦਾਈਂ ਪੁੱਜਦਾ ਹੁੰਦਾ ਸੀ। ਅੱਜਕੱਲ੍ਹ 40 ਡਿਗਰੀ ਦੇ ਲਾਗੇ-ਛਾਗੇ ਚੱਲ ਰਿਹਾ ਹੈ। ਬੇਂਗੁਲੂਰੂ 'ਚ ਰਹਿੰਦੀ ਬਾਲ-ਪੁਸਤਕਾਂ ਦੀ ਲੇਖਿਕਾ ਸ੍ਰੀਲਤਾ ਮੈਨਨ ਦਾ ਕਹਿਣਾ ਹੈ ਕਿ ਦੋ ਦਹਾਕੇ ਪਹਿਲਾਂ ਉਹ ਗਰਮੀਆਂ 'ਚ ਪੱਖੇ ਵੀ ਨਹੀਂ ਵਰਤਦੇ ਸਨ। ਅੱਜ ਏ ਸੀ ਵਰਤਣੇ ਪੈ ਰਹੇ ਹਨ। ਦਿਨ ਤੇ ਰਾਤ ਦਾ ਤਾਪਮਾਨ ਜ਼ਬਰਦਸਤ ਕਰਵਟ ਲੈਂਦਾ ਹੈ। ਰਾਤ ਨੂੰ ਝੱਖੜ ਝੁਲਦਾ ਹੈ ਤੇ ਦਿਨੇ ਬਹੁਤ ਗਰਮੀ ਹੋ ਜਾਂਦੀ ਹੈ। ਇੰਡੀਅਨ ਆਇਲ ਵਿੱਚ ਸੀਨੀਅਰ ਐਗਜ਼ੈਕਟਿਵ ਦੇ ਅਹੁਦੇ ਤੋਂ ਰਿਟਾਇਰ ਹੋਏ ਵੀ. ਰਾਮਾਚੰਦਰ ਰਾਓ ਚੇਤੇ ਕਰਦੇ ਹਨ ਕਿ ਹੈਦਰਾਬਾਦ ਮੈਸੂਰ ਵਾਂਗ ਸ਼ਾਂਤ ਸ਼ਹਿਰ ਹੁੰਦਾ ਸੀ, ਪਰ 1990ਵਿਆਂ ਵਿੱਚ ਸਾਫ਼ਟਵੇਅਰ ਇੰਡਸਟਰੀ ਕਾਇਮ ਕਰਨ ਲਈ ਵੱਡੀ ਗਿਣਤੀ ਵਿੱਚ ਦਰੱਖਤ ਵੱਢੇ ਗਏ। ਲੈਂਡ ਮਾਫ਼ੀਆ ਨੇ ਝੀਲਾਂ ਤੇ ਤਲਾਬਾਂ 'ਤੇ ਕਬਜ਼ੇ ਕਰ ਲਏ, ਜਿਹੜੇ ਧਰਤੀ ਹੇਠਲੇ ਪਾਣੀ ਦਾ ਪੱਧਰ ਉੱਚਾ ਕਰਨ ਦੇ ਕੰਮ ਆਉਂਦੇ ਸੀ। ਧਰਤੀ ਹੇਠਲੇ ਪਾਣੀ ਦਾ ਪੱਧਰ ਹੇਠਾਂ ਜਾਣ ਨਾਲ ਪਾਣੀ ਦੀ ਕਿੱਲਤ ਹੋ ਗਈ ਹੈ ਤੇ ਦਰੱਖਤ ਵੱਢੇ ਜਾਣ ਨਾਲ ਤਾਪਮਾਨ ਵਧ ਰਿਹਾ ਹੈ।
ਵਿਕਾਸ ਦੇ ਨਾਂਅ 'ਤੇ ਇਕਹਿਰੀਆਂ ਤੇ ਦੂਹਰੀਆਂ ਸੜਕਾਂ ਦੇ ਕਿਨਾਰੇ ਲੱਗੇ ਦਰੱਖਤਾਂ ਦੀ ਵਢਾਈ ਅਤੇ ਕਾਰਪੋਰੇਟੀ ਘਰਾਣਿਆਂ ਨੂੰ ਖਣਿਜ ਪਦਾਰਥ ਕੱਢਣ ਲਈ ਜੰਗਲਾਂ ਦੇ ਸਫ਼ਾਏ ਦੀ ਦਿੱਤੀ ਖੁੱਲ੍ਹੀ ਛੋਟ ਦਾ ਨਤੀਜਾ ਇਹ ਸਾਹਮਣੇ ਆਇਆ ਹੈ ਕਿ ਸੋਕੇ ਦੀ ਮਾਰ ਹੇਠ ਆਉਣ ਵਾਲਾ ਇਲਾਕਾ ਪਿਛਲੇ ਸਾਲ ਨਾਲੋਂ ਇਸ ਸਾਲ ਚਾਰ ਗੁਣਾ ਵਧ ਗਿਆ ਹੈ। ਆਂਧਰਾ, ਬਿਹਾਰ, ਗੁਜਰਾਤ, ਝਾਰਖੰਡ, ਕਰਨਾਟਕ, ਰਾਜਸਥਾਨ, ਮਹਾਂਰਾਸ਼ਟਰ, ਤਾਮਿਲਨਾਡੂ ਅਤੇ ਉੱਤਰ-ਪੂਰਬ ਦੇ ਕੁਝ ਹਿੱਸੇ ਬੁਰੀ ਤਰ੍ਹਾਂ ਪ੍ਰਭਾਵਤ ਹਨ। ਇਨ੍ਹਾਂ ਇਲਾਕਿਆਂ ਵਿੱਚ ਭਾਰਤ ਦੀ 50 ਕਰੋੜ ਅਬਾਦੀ ਵਸਦੀ ਹੈ। ਮੌਸਮ ਦੀ ਭਵਿੱਖਬਾਣੀ ਕਰਨ ਵਾਲੇ ਨਿੱਜੀ ਅਦਾਰੇ 'ਸਕਾਈਮੇਟ' ਦੀ ਭਵਿੱਖਬਾਣੀ ਹੈ ਕਿ ਐਤਕੀਂ ਮਾਨਸੂਨ ਨਾਰਮਲ ਨਾਲੋਂ ਘੱਟ ਵਰ੍ਹੇਗਾ। ਜੂਨ ਤੇ ਜੁਲਾਈ ਵਿੱਚ ਹੀ ਫ਼ਸਲਾਂ ਬੀਜੀਆਂ ਜਾਣੀਆਂ ਹਨ। ਮਾਨਸੂਨ ਆਸਰੇ ਰਹਿਣ ਵਾਲੇ ਕਿਸਾਨਾਂ ਦੀ ਹੋਣ ਜਾ ਰਹੀ ਹਾਲਤ ਦਾ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ। ਜਿਨ੍ਹਾਂ ਕਿਸਾਨਾਂ ਕੋਲ ਟਿਊਬਵੈੱਲ ਹਨ, ਉਨ੍ਹਾਂ ਨੂੰ ਫ਼ਸਲਾਂ ਬਚਾਉਣ ਲਈ ਧਰਤੀ ਹੇਠਲੇ ਪਾਣੀ ਦੀ ਵੱਧ ਤੋਂ ਵੱਧ ਵਰਤੋਂ ਕਰਨੀ ਪੈਣੀ ਹੈ।
ਮਨੁੱਖ ਵੱਲੋਂ ਕੁਦਰਤ ਨਾਲ ਖਿਲਵਾੜ ਦੇ ਨਤੀਜੇ ਵਜੋਂ ਵਧ ਰਹੀ ਗਰਮੀ ਕੰਮਕਾਰ ਲਈ ਬਾਹਰ ਨਿਕਲਣ ਲਈ ਮਜਬੂਰ ਲੋਕਾਂ 'ਤੇ ਮਾਰੂ ਅਸਰ ਕਰ ਰਹੀ ਹੈ। ਤੇਜ਼ ਗਰਮੀ ਕਾਰਨ 1992 ਤੋਂ ਹੁਣ ਤੱਕ 22 ਹਜ਼ਾਰ ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ। ਇਸੇ ਵਿੱਚੋਂ ਬਹੁਤੀਆਂ ਮੌਤਾਂ ਧੱਕੇ ਤੇ ਸਰੀਰ 'ਚ ਪਾਣੀ ਮੁੱਕਣ ਕਾਰਨ ਹੋਈਆਂ ਹਨ। ਡਾਕਟਰਾਂ ਮੁਤਾਬਕ ਤਿੱਖੀ ਗਰਮੀ 'ਚ ਜ਼ਿਆਦਾ ਸਮਾਂ ਰਹਿਣ ਨਾਲ ਸਰੀਰ ਦਾ ਤਾਪਮਾਨ ਏਨਾ ਵਧ ਜਾਂਦਾ ਹੈ ਕਿ ਪ੍ਰੋਟੀਨ ਸੈੱਲ ਜ਼ਿਆਦਾ ਗਰਮ ਹੋਣ ਨਾਲ ਦਿਮਾਗ਼ 'ਤੇ ਸਿੱਧਾ ਹਮਲਾ ਹੁੰਦਾ ਹੈ। ਕੇਰਲਾ ਵਿੱਚ ਤਾਂ ਪਹਿਲੀ ਮਾਰਚ ਤੋਂ ਤਿੰਨ ਮਹੀਨਿਆਂ ਵਿੱਚ ਹੀ 288 ਲੋਕ ਧੱਕੇ ਨਾਲ ਮਾਰੇ ਜਾ ਚੁੱਕੇ ਹਨ। ਇਨ੍ਹਾਂ ਵਿੱਚੋਂ ਬਹੁਤੇ ਉਹ ਸਨ, ਜਿਨ੍ਹਾਂ ਨੂੰ ਮਜ਼ਦੂਰੀ ਲਈ ਰੋਜ਼ਾਨਾ ਹੀ ਬਾਹਰ ਨਿਕਲਣਾ ਪੈਂਦਾ ਸੀ। ਮੌਸਮ ਵਿੱਚ ਤਬਦੀਲੀ ਬਾਰੇ ਸੰਯੁਕਤ ਰਾਸ਼ਟਰ ਦੇ ਅੰਤਰ-ਰਾਸ਼ਟਰੀ ਪੈਨਲ ਨੇ ਆਪਣੀ ਅੱਠਵੀਂ ਜਾਇਜ਼ਾ ਰਿਪੋਰਟ ਵਿੱਚ ਕਿਹਾ ਹੈ ਕਿ 1850 ਤੋਂ ਬਾਅਦ ਪਿਛਲੇ ਤਿੰਨ ਦਹਾਕੇ ਸਭ ਤੋਂ ਗਰਮ ਰਹੇ ਹਨ। ਜੰਗਲਾਂ ਦਾ ਅੰਨ੍ਹੇਵਾਹ ਸਫ਼ਾਇਆ ਹੁੰਦਾ ਰਿਹਾ ਅਤੇ ਤਾਪਮਾਨ 'ਚ ਵਾਧੇ ਕਾਰਨ ਗਲੇਸ਼ੀਅਰ ਇਸੇ ਹਿਸਾਬ ਨਾਲ ਪਿਘਲਦੇ ਰਹੇ ਤਾਂ ਸਥਿਤੀ ਹੋਰ ਭਿਆਨਕ ਰੂਪ ਲਵੇਗੀ।

1236 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper