Latest News
ਬੰਗਾਲ ਨੂੰ ਗੁਜਰਾਤ ਨਹੀਂ ਬਣਨ ਦੇਵਾਂਗੀ : ਮਮਤਾ

Published on 11 Jun, 2019 11:24 AM.


ਕੋਲਕਾਤਾ
(ਨਵਾਂ ਜ਼ਮਾਨਾ ਸਰਵਿਸ)
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮੰਗਲਵਾਰ ਨੂੰ ਸਮਾਜ ਸੁਧਾਰਕ ਈਸ਼ਵਰ ਚੰਦਰ ਵਿਦਿਆਸਾਗਰ ਨੂੰ ਸ਼ਰਧਾਂਜਲੀ ਦਿੱਤੀ ਅਤੇ ਕੋਲਕਾਤਾ 'ਚ ਇੱਕ ਪ੍ਰੋਗਰਾਮ ਦੌਰਾਨ ਵਿਦਿਆਸਾਗਰ ਦੀ ਨਵੀਂ ਮੂਰਤੀ ਦਾ ਉਦਘਾਟਨ ਕੀਤਾ। ਇਸ ਨੂੰ ਵਿਦਿਆਸਾਗਰ ਕਾਲਜ 'ਚ ਲਾਇਆ ਗਿਆ। 14 ਮਈ ਨੂੰ ਭਾਜਪਾ ਪ੍ਰਮੁੱਖ ਅਮਿਤ ਸ਼ਾਹ ਦੇ ਰੋਡ ਦੌਰਾਨ ਹੋਈ ਝੜਪ 'ਚ ਵਿਦਿਆਸਾਗਰ ਕਾਲਜ 'ਚ ਲੱਗੀ ਮੂਰਤੀ ਟੁੱਟ ਗਈ ਸੀ। ਭਾਜਪਾ ਨੇ ਮੂਰਤੀ ਤੋੜਨ ਲਈ ਟੀ ਐਮ ਸੀ ਦੇ ਵਰਕਰਾਂ 'ਤੇ ਦੋਸ਼ ਲਾਇਆ ਸੀ, ਤਾਂ ਉਥੇ ਹੀ ਮਮਤਾ ਨੇ ਇਸ ਮੁੱਦੇ 'ਤੇ ਵਿਰੋਧ ਦਰਜ ਕਰਾਉਣ ਲਈ ਇੱਕ ਵਿਸ਼ਾਲ ਰੈਲੀ ਆਯੋਜਿਤ ਕੀਤੀ ਸੀ, ਜਿਸ 'ਚ ਮਮਤਾ ਨੇ ਦੋਸ਼ ਲਾਇਆ ਸੀ ਕਿ ਇਹ ਭਾਜਪਾ ਦੇ ਸਮਰੱਥਕਾਂ ਦੀ ਕਰਤੂਤ ਹੈ। ਅੱਜ ਮਮਤਾ ਨੇ ਕਿਹਾ, 'ਅਸੀਂ 4 ਹੋਰ ਮੂਰਤੀਆਂ ਬਣਾਵਾਂਗੇ ਅਤੇ ਉਨ੍ਹਾਂ ਨੂੰ ਇੱਥੇ ਲਾਵਾਂਗੇ। ਸਥਾਪਤ ਕੀਤੀਆਂ ਜਾਣ ਵਾਲੀਆਂ 4 ਮੂਰਤੀਆਂ ਹਨ ਰਵਿੰਦਰ ਨਾਥ ਟੈਗੋਰ, ਵਿਦਿਆਸਾਗਰ, ਆਸ਼ੂਤੋਸ਼ ਅਤੇ ਕਾਜੀ ਨਜ਼ਰੂਲ ਇਸਲਾਮ।'
ਅਮਿਤ ਸ਼ਾਹ 'ਤੇ ਨਿਸ਼ਾਨਾ ਲਾਉਂਦੇ ਹੋਏ ਉਨ੍ਹਾ ਕਿਹਾ, ਗ੍ਰਹਿ ਮੰਤਰੀ ਦੇ ਰੋਡ ਸ਼ੋਅ ਦੌਰਾਨ ਮੂਰਤੀ ਦੀ ਤੋੜਫੋੜ ਕੀਤੀ ਗਈ। ਉਨ੍ਹਾਂ ਨੂੰ ਇਸ ਦੀ ਇਜਾਜ਼ਤ ਕਿਉਂ ਦਿੱਤੀ। ਉਨ੍ਹਾ ਇਸ ਨੂੰ ਤੋੜਿਆ। ਸਾਡੇ ਕੋਲ ਸਾਰੇ ਸਬੂਤ ਹਨ। ਫਿਰ ਵੀ ਉਹ ਝੂਠ ਬੋਲ ਰਹੇ ਹਨ। ਉਹ ਕੀ ਚਾਹੁੰਦੇ ਹਨ? ਕੀ ਉਹ ਬੰਗਾਲ ਨੂੰ ਗੁਜਰਾਤ 'ਚ ਬਦਲਣ ਦੀ ਯੋਜਨਾ ਬਣਾ ਰਹੇ ਹਨ। ਮੂਰਤੀ ਨੂੰ ਤੋੜ ਕੇ ਉਹ ਬੰਗਾਲ ਦੀ ਸੰਸਕ੍ਰਿਤੀ ਨੂੰ ਖ਼ਤਮ ਨਹੀਂ ਕਰ ਸਕਦੇ।'
ਮਮਤਾ ਨੇ ਕਿਹਾ, ਵਿਦਿਆਸਾਗਰ ਦੀ ਮੂਰਤੀ ਨੂੰ ਤੋੜ ਕੇ ਉਨ੍ਹਾਂ ਦੇ ਕੰਮ ਨੂੰ ਨਸ਼ਟ ਨਹੀਂ ਕੀਤਾ ਜਾ ਸਕਦਾ। ਰਾਜਾ ਰਾਮ ਮੋਹਨ ਰਾਏ ਦੀ ਆਲੋਚਨਾ ਕਰਕੇ ਉਹ ਬੰਗਾਲ ਦੀ ਸੰਸਕ੍ਰਿਤੀ ਨੂੰ ਨਸ਼ਟ ਨਹੀਂ ਕਰ ਸਕਦੇ। ਇਹ ਸਾਡੀ ਸੰਸਕ੍ਰਿਤੀ, ਸਾਡੀ ਦ੍ਰਿਸ਼ਟੀ 'ਤੇ ਹਮਲਾ ਹੈ। ਇਹ ਸਾਡੇ ਇਤਿਹਾਸ 'ਤੇ ਹਮਲਾ ਹੈ। ਬੰਗਾਲ ਨੂੰ ਖ਼ਤਮ ਕਰਨ ਦੀ ਇੱਕ ਸਾਜਿਸ਼ ਹੈ। ਬੰਗਾਲ ਦੇ ਸਾਹਿਤ ਅਤੇ ਇਤਿਹਾਸ ਨੂੰ ਮਿਟਾਉਣ ਦੀ ਸਾਜਿਸ਼ ਹੈ। ਉਹ ਕਦੀ ਸਫ਼ਲ ਨਹੀਂ ਹੋਣਗੇ।'

170 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper