Latest News
ਦੁਖਾਂਤ ਬੋਰ ਵੈੱਲ ਵਿੱਚ ਡਿੱਗੇ ਬੱਚੇ ਦਾ

Published on 12 Jun, 2019 11:19 AM.


ਸੰਗਰੂਰ ਜ਼ਿਲ੍ਹੇ ਵਿੱਚ ਕਸਬਾ ਸੁਨਾਮ ਦੇ ਨੇੜਲੇ ਪਿੰਡ ਭਗਵਾਨਪੁਰ ਦੇ ਬੱਚੇ ਫਤਹਿਵੀਰ ਦੀ ਮੌਤ ਦਾ ਦੁੱਖ ਪੰਜਾਬ ਭਰ ਦੇ ਲੋਕਾਂ ਨੇ ਮਨਾਇਆ ਹੈ। ਉਹ ਬੱਚਾ ਪੰਜ ਦਿਨਾਂ ਤੋਂ ਵੱਧ ਮੌਤ ਦੇ ਖੂਹ ਵਿੱਚ ਪਿਆ ਰਿਹਾ। ਆਖਰ ਨੂੰ ਜਦੋਂ ਕੱਢਿਆ ਤੇ ਫਿਰ ਉਸ ਨੂੰ ਹਸਪਤਾਲ ਪੁਚਾਇਆ ਗਿਆ ਤਾਂ ਡਾਕਟਰਾਂ ਨੇ ਮਰਨ ਪਿੱਛੋਂ ਲਿਆਂਦਾ ਗਿਆ ਕਹਿ ਕੇ ਆਸ ਖਤਮ ਕਰ ਦਿੱਤੀ। ਡਾਕਟਰਾਂ ਨੇ ਪੋਸਟ-ਮਾਰਟਮ ਕੀਤਾ ਤਾਂ ਇਹ ਗੱਲ ਲਿਖ ਦਿੱਤੀ ਕਿ ਮੌਤ ਦੋ ਤੋਂ ਵੱਧ ਦਿਨ ਪਹਿਲਾਂ ਹੋ ਚੁੱਕੀ ਸੀ।
ਇਹ ਆਖਰੀ ਗੱਲ ਦੱਸਦੀ ਹੈ ਕਿ ਸਾਡਾ ਸਿਸਟਮ ਕਿੰਨਾ ਨਿਕੰਮਾ ਹੈ ਕਿ ਉਹ ਪੰਜ ਦਿਨ ਤੱਕ ਬੱਚੇ ਨੂੰ ਕੱਢਣ ਦੇ ਯਤਨਾਂ ਦੀ ਕਹਾਣੀ ਤਾਂ ਮੀਡੀਏ ਸਾਹਮਣੇ ਪੇਸ਼ ਕਰਦਾ ਰਿਹਾ, ਪਰ ਪਤਾ ਨਹੀਂ ਕਰ ਸਕਿਆ ਕਿ ਬੱਚਾ ਕਿਸ ਹਾਲ ਵਿੱਚ ਹੈ? ਬੱਚੇ ਕੋਲ ਹੇਠਾਂ ਸੁੱਟੇ ਕੈਮਰੇ ਇਹ ਦ੍ਰਿਸ਼ ਪੇਸ਼ ਕਰ ਸਕਦੇ ਸਨ ਕਿ ਬੱਚਾ ਹਰਕਤ ਕਰਦਾ ਹੈ ਕਿ ਨਹੀਂ, ਪਰ ਪ੍ਰਸ਼ਾਸਨ ਦੇ ਮੋਹਰੀ ਅਫਸਰ ਤੇ ਓਥੇ ਆਇਆ ਇੱਕ ਮੰਤਰੀ ਮੀਡੀਏ ਕੋਲ ਆਪਣੇ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਕਥਾ ਹੀ ਗਾਉਂਦੇ ਰਹੇ। ਉਨ੍ਹਾਂ ਨੂੰ ਆਸੇ-ਪਾਸੇ ਖੜੇ ਰੋਸ ਪ੍ਰਗਟ ਕਰਦੇ ਆਮ ਲੋਕ ਵੀ ਬੇਵਕੂਫ ਜਾਪਦੇ ਸਨ, ਜਿਹੜੇ ਕਹਿੰਦੇ ਸਨ ਕਿ ਆਹ ਸਿਰਸੇ ਵਾਲੇ ਬੰਦੇ ਇਸ ਕੰਮ ਐਵੇਂ ਲਾ ਰੱਖੇ ਹਨ, ਇਨ੍ਹਾਂ ਦੀ ਥਾਂ ਕਿਸੇ ਢੁਕਵੀਂ ਏਜੰਸੀ ਦੇ ਹਵਾਲੇ ਇਹ ਕੰਮ ਕਰ ਦਿਓ। ਓਸੇ ਪਿੰਡ ਦਾ ਇੱਕ ਨੌਜਵਾਨ ਪਿੰਡਾਂ ਵਿੱਚ ਇਹੋ ਜਿਹੇ ਬੋਰ ਕਰਨ ਦਾ ਕੰਮ ਕਰਦਾ ਹੈ, ਜਿੱਦਾਂ ਦੇ ਬੋਰ ਵਿੱਚ ਬੱਚਾ ਡਿੱਗਾ ਸੀ। ਕਿਹਾ ਜਾਂਦਾ ਹੈ ਕਿ ਉਸ ਨੌਜਵਾਨ ਨੇ ਕਈ ਵਾਰ ਖੁਦ ਇਹ ਪੇਸ਼ਕਸ਼ ਕੀਤੀ ਸੀ ਕਿ ਇਸ ਕੰਮ ਲਈ ਮੈਨੂੰ ਸਮਾਂ ਦਿਓ, ਪਰ ਅਫਸਰੀ ਪਲਟਨ ਨੂੰ ਉਹ ਅਨਪੜ੍ਹ ਜਿਹਾ ਬੰਦਾ ਕਿਸੇ ਕੰਮ ਦਾ ਨਹੀਂ ਸੀ ਜਾਪਦਾ, ਹਾਲਾਂਕਿ ਅੰਤ ਵਿੱਚ ਫਿਰ ਉਹੋ ਕੰਮ ਆਇਆ ਸੀ। ਜੇ ਉਸ ਨੌਜਵਾਨ ਦੇ ਕਹੇ ਦਾ ਅਸਰ ਪਹਿਲੇ ਦਿਨ ਮੰਨ ਲਿਆ ਹੁੰਦਾ ਤਾਂ ਤਿੰਨ ਦਿਨਾਂ ਬਾਅਦ ਮਰ ਗਿਆ ਬੱਚਾ ਉਸ ਦਿਨ ਜ਼ਿੰਦਾ ਮਿਲ ਸਕਦਾ ਸੀ।
ਸਾਡੇ ਲੋਕਾਂ ਨੇ ਐੱਨ ਡੀ ਆਰ ਐੱਫ ਦੀ ਟੀਮ ਦਾ ਬਿਆਨ ਪੜ੍ਹਿਆ ਹੈ ਕਿ ਉਨ੍ਹਾਂ ਕੋਲ ਇਹੋ ਜਿਹੇ ਕੰਮਾਂ ਦਾ ਤਜਰਬਾ ਵੀ ਨਹੀਂ ਸੀ ਤੇ ਉਸ ਦੇ ਲਈ ਲੋੜੀਂਦੇ ਪ੍ਰਬੰਧ ਵੀ ਨਹੀਂ ਸਨ। ਜੇ ਉਨ੍ਹਾਂ ਕੋਲ ਨਹੀਂ ਸਨ ਤਾਂ ਉਨ੍ਹਾਂ ਨੂੰ ਇਹੋ ਜਿਹੇ ਕੰਮ ਵਿੱਚ ਲਾ ਕੇ ਪੰਜ ਦਿਨ ਗਰਕ ਨਹੀਂ ਸੀ ਕਰਨੇ ਚਾਹੀਦੇ ਤੇ ਜਿਹੜੀ ਫੌਜ ਦੀ ਟੁਕੜੀ ਪੰਜਵੇਂ ਦਿਨ ਸ਼ਾਮ ਨੂੰ ਬੁਲਾਈ ਗਈ, ਪਹਿਲੇ ਦਿਨ ਹੀ ਉਸ ਨੂੰ ਬੁਲਾਇਆ ਜਾ ਸਕਦਾ ਸੀ। ਇਸ ਦੀ ਥਾਂ ਇੱਕ ਡੇਰੇ ਨਾਲ ਜੁੜੀ ਹੋਈ ਗੈਰ-ਸਰਕਾਰੀ ਸੰਸਥਾਂ ਦੇ ਲੋਕਾਂ ਨੂੰ ਇਸ ਕੰਮ ਲਈ ਅੱਗੇ ਕੀਤਾ ਗਿਆ ਅਤੇ ਲੋਕ ਤਾਂ ਇਹ ਵੀ ਆਖਦੇ ਹਨ ਕਿ ਕੁਝ ਅਫਸਰ ਇਸ ਬਹਾਨੇ ਉਸ ਸੰਸਥਾ ਦਾ ਅਕਸ ਚਮਕਦਾ ਵੇਖਣਾ ਚਾਹੁੰਦੇ ਸਨ। ਜੇ ਇਹ ਗੱਲ ਸਹੀ ਹੋਵੇ ਤਾਂ ਉਨ੍ਹਾਂ ਅਫਸਰਾਂ ਦੇ ਖਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਹੈਰਾਨੀ ਦੀ ਗੱਲ ਤਾਂ ਇਹ ਵੀ ਹੈ ਕਿ ਪੰਜਵੇਂ ਦਿਨ ਜਦੋਂ ਓਥੇ ਫੌਜੀ ਟੀਮ ਆ ਗਈ, ਉਸ ਦੇ ਬਾਅਦ ਕੁਝ ਅਫਸਰਾਂ ਨੇ ਇਹ ਕਿਹਾ ਸੀ ਕਿ ਸਾਡੇ ਕੋਲ ਏਅਰ ਐਂਬੂਲੈਂਸ ਵਜੋਂ ਵਰਤਣ ਲਈ ਹੈਲੀਕਾਪਟਰ ਖੜਾ ਹੈ, ਬੱਚਾ ਬਾਹਰ ਨਿਕਲਦੇ ਸਾਰ ਇਸ ਉੱਤੇ ਨੇੜੇ ਦੇ ਵੱਡੇ ਹਸਪਤਾਲ ਭੇਜ ਦਿੱਤਾ ਜਾਵੇਗਾ। ਜਦੋਂ ਮੰਗਲਵਾਰ ਸਵੇਰੇ ਬੱਚਾ ਬਾਹਰ ਕੱਢਿਆ ਤਾਂ ਸੜਕ ਵਾਲੀ ਐਂਬੂਲੈਂਸ ਉੱਤੇ ਪਹਿਲਾਂ ਲੁਧਿਆਣਾ ਦੇ ਇੱਕ ਹਸਪਤਾਲ ਅਤੇ ਫਿਰ ਚੰਡੀਗੜ੍ਹ ਪੀ ਜੀ ਆਈ ਵਿੱਚ ਪੁਚਾਇਆ ਗਿਆ, ਪਹਿਲਾਂ ਦੱਸੀ ਗਈ ਏਅਰ ਐਂਬੂਲੈਂਸ ਨਹੀਂ ਸੀ ਵਰਤੀ ਗਈ। ਪੁੱਛਣ ਉੱਤੇ ਇਹ ਜਵਾਬ ਦਿੱਤਾ ਗਿਆ ਕਿ ਹੈਲੀਕਾਪਟਰ ਦੇ ਵਿੱਚ ਆਕਸੀਜਨ ਦੇ ਸਿਲੰਡਰ ਆਦਿ ਦਾ ਪ੍ਰਬੰਧ ਨਾ ਹੋਣ ਕਾਰਨ ਉਸ ਨੂੰ ਨਹੀਂ ਸੀ ਵਰਤਿਆ ਗਿਆ, ਪਰ ਇਹ ਗੱਲ ਬੱਚੇ ਨੂੰ ਕੱਢੇ ਜਾਣ ਤੋਂ ਪਹਿਲਾਂ ਵੀ ਅਫਸਰਾਂ ਨੂੰ ਪਤਾ ਹੋਣੀ ਚਾਹੀਦੀ ਸੀ, ਕਿਸੇ ਅਫਸਰ ਨੂੰ ਓਦੋਂ ਇਹ ਖਿਆਲ ਹੀ ਨਹੀਂ ਸੀ ਆਇਆ। ਏਥੋਂ ਸਾਫ ਦਿੱਸਦਾ ਹੈ ਕਿ ਜਿਹੜੇ ਅਫਸਰਾਂ ਦੇ ਹੱਥ ਸਥਿਤੀ ਸੰਭਾਲਣ ਦੀ ਕਮਾਨ ਸੀ, ਉਹ ਹਰ ਮਾਮਲੇ ਵਿੱਚ ਨਿਕੰਮੇ ਸਾਬਤ ਹੋਏ ਹਨ ਤੇ ਇਸ ਬੱਚੇ ਦੇ ਨਾਲ ਵਾਪਰੇ ਕਹਿਰ ਦੀ ਜ਼ਿੰਮੇਵਾਰੀ ਕਿਸੇ ਨਾ ਕਿਸੇ ਰੂਪ ਵਿੱਚ ਉਨ੍ਹਾਂ ਦੇ ਸਿਰ ਪਾਈ ਜਾ ਸਕਦੀ ਹੈ। ਸਰਕਾਰ ਨੂੰ ਇਸ ਬਾਰੇ ਸਖਤ ਰੁਖ ਅਪਣਾਉਣਾ ਚਾਹੀਦਾ ਹੈ, ਤਾਂ ਕਿ ਇਸ ਰਾਜ ਦੀ ਅਫਸਰਸ਼ਾਹੀ ਦੇ ਵਿਹਾਰ ਨੂੰ ਬਦਲਿਆ ਜਾ ਸਕੇ।
ਆਖਰੀ ਗੱਲ ਇਹ ਕਿ ਸਾਡੇ ਲੋਕ ਵੀ ਸਿਆਣੇ ਹੋਣ ਵਾਲਾ ਕਿਸੇ ਤਰ੍ਹਾਂ ਦਾ ਸੰਕੇਤ ਨਹੀਂ ਦੇ ਰਹੇ। ਉਹ ਆਪਣੀ ਜਾਨ ਦੀ ਜਾਂ ਆਪਣੇ ਪਰਵਾਰ ਦੀ ਵੀ ਜਾਨ ਦੀ ਪ੍ਰਵਾਹ ਨਹੀਂ ਕਰਦੇ ਤਾਂ ਹੋਰਨਾਂ ਲੋਕਾਂ ਦੀ ਚਿੰਤਾ ਵੀ ਕਿਵੇਂ ਕਰ ਸਕਦੇ ਹਨ? ਜਿਹੜੇ ਬੋਰ ਵੈੱਲ ਵਿੱਚ ਇਹ ਬੱਚਾ ਡਿੱਗਾ ਸੀ, ਉਹ ਕਿਸੇ ਬੇਗਾਨੇ ਨੇ ਨਹੀਂ ਸੀ ਪੁੱਟਿਆ ਤੇ ਇਹੋ ਜਿਹੇ ਬੋਰ ਸਾਡੇ ਰਾਜ ਦੇ ਹਰ ਪਿੰਡ ਵਿੱਚ ਕਈ ਮਿਲ ਸਕਦੇ ਹਨ, ਜਿਨ੍ਹਾਂ ਨੂੰ ਵਰਤਿਆ ਨਹੀਂ ਜਾਂਦਾ ਤੇ ਭਰ ਕੇ ਬੰਦ ਵੀ ਨਹੀਂ ਕੀਤਾ ਜਾ ਰਿਹਾ। ਪੰਜਾਬ ਦੇ ਮੁੱਖ ਮੰਤਰੀ ਨੇ ਇਸ ਦੁਖਾਂਤ ਦੇ ਬਾਅਦ ਇਹ ਹੁਕਮ ਜਾਰੀ ਕੀਤਾ ਹੈ ਕਿ ਸਾਰੇ ਡਿਪਟੀ ਕਮਿਸ਼ਨਰ ਆਪੋ ਆਪਣੇ ਜ਼ਿਲ੍ਹੇ ਦੇ ਹਰ ਪਿੰਡ ਤੋਂ ਇਸ ਬਾਰੇ ਰਿਪੋਰਟ ਮੰਗਣ ਅਤੇ ਇਹ ਯਕੀਨੀ ਬਣਾਉਣ ਕਿ ਕਿਸੇ ਥਾਂ ਇਹੋ ਜਿਹਾ ਕੋਈ ਖੂਹ ਬਚਿਆ ਨਾ ਰਹਿ ਜਾਵੇ। ਇਸੇ ਗੱਲ ਦੇ ਬਾਰੇ ਪਹਿਲਾਂ ਚਿੰਤਾ ਕੀਤੀ ਗਈ ਹੁੰਦੀ ਤਾਂ ਫਤਹਿਵੀਰ ਨਾਂਅ ਦੇ ਬੱਚੇ ਦੀ ਜਾਨ ਬਚ ਸਕਦੀ ਸੀ। ਕੋਈ ਤੇਰਾਂ ਕੁ ਸਾਲ ਪਹਿਲਾਂ ਦੀ ਏਸੇ ਤਰ੍ਹਾਂ ਬੋਰ ਵੈੱਲ ਵਿੱਚ ਪ੍ਰਿੰਸ ਨਾਂਅ ਦਾ ਇੱਕ ਬੱਚਾ ਡਿੱਗਣ ਦੀ ਘਟਨਾ ਦੇਸ਼ ਦੇ ਲੋਕਾਂ ਨੂੰ ਯਾਦ ਹੈ, ਜਿਸ ਨੂੰ ਆਖਰ ਫੌਜ ਦੇ ਇੰਜੀਨੀਅਰਾਂ ਦੀ ਹਿੰਮਤ ਨਾਲ ਬਚਾਇਆ ਗਿਆ ਸੀ। ਉਸ ਘਟਨਾ ਤੋਂ ਬਾਅਦ ਸਾਰੀਆਂ ਸਰਕਾਰਾਂ ਨੂੰ ਸੋਚਣਾ ਚਾਹੀਦਾ ਸੀ ਅਤੇ ਆਪੋ ਆਪਣੇ ਰਾਜ ਵਿੱਚ ਇਹੋ ਜਿਹੇ ਮੌਤ ਦੇ ਖੂਹ ਬੰਦ ਕਰਾਉਣੇ ਚਾਹੀਦੇ ਸਨ। ਪਹਿਲਾਂ ਦੀ ਪੰਜਾਬ ਸਰਕਾਰ ਨੇ ਵੀ ਇਸ ਮਾਮਲੇ ਵਿੱਚ ਕੁਝ ਨਹੀਂ ਕੀਤਾ ਅਤੇ ਨਵੀਂ ਸਰਕਾਰ ਨੂੰ ਵੀ ਪਹਿਲੇ ਦੋ ਸਾਲ ਇਸ ਦਾ ਚੇਤਾ ਨਹੀਂ ਸੀ ਆ ਸਕਿਆ ਅਤੇ ਸਿਰਫ ਪੰਜਾਬ ਵਿੱਚ ਨਹੀਂ, ਬਾਕੀ ਰਾਜਾਂ ਤੋਂ ਵੀ ਇਸੇ ਤਰ੍ਹਾਂ ਦੇ ਹਾਲਾਤ ਦੀਆਂ ਖਬਰਾਂ ਸਾਨੂੰ ਨਿੱਤ ਮਿਲਦੀਆਂ ਹਨ।
ਜਿਹੜਾ ਬੱਚਾ ਭਗਵਾਨਪੁਰ ਪਿੰਡ ਵਿੱਚ ਦੁਖਾਂਤ ਦਾ ਸ਼ਿਕਾਰ ਹੋਇਆ ਹੈ, ਉਹ ਤਾਂ ਮੁੜ ਨਹੀਂ ਆਉਣਾ, ਪਰ ਇਸ ਮਗਰੋਂ ਰਾਜ ਸਰਕਾਰ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਅੱਗੇ ਤੋਂ ਕੋਈ ਹੋਰ ਇਹੋ ਜਿਹਾ ਕਾਂਡ ਨਾ ਵਾਪਰ ਸਕੇ।

910 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper