Latest News
ਅੱਠ ਹਾਥੀਆਂ ਜਿੰਨਾ ਵਜ਼ਨੀ ਚੰਦਰਯਾਨ-2 ਉਤਰੇਗਾ ਚੰਨ ਦੇ ਅਣਦੇਖੇ ਹਿੱਸੇ 'ਤੇ

Published on 12 Jun, 2019 11:25 AM.


ਨਵੀਂ ਦਿੱਲੀ : ਚੰਨ ਵਾਲਾ ਭਾਰਤ ਦਾ ਦੂਜਾ ਮਿਸ਼ਨ 'ਚੰਦਰਯਾਨ-2' ਸ਼੍ਰੀਹਰੀਕੋਟਾ ਤੋਂ 15 ਜੁਲਾਈ ਦੀ ਰਾਤ ਨੂੰ ਰਵਾਨਾ ਹੋਵੇਗਾ। ਇਸਰੋ ਅੱਠ ਬਾਲਗ ਹਾਥੀਆਂ ਦੇ ਵਜ਼ਨ ਜਿੱਡੇ 3.8 ਟਨ ਦੇ ਉਪਗ੍ਰਹਿ ਦੀ ਉਡਾਣ ਨੂੰ ਅੰਤਮ ਛੋਹਾਂ ਦੇ ਰਹੀ ਹੈ। ਇਸ 'ਤੇ 600 ਕਰੋੜ ਰੁਪਏ ਤੋਂ ਵੱਧ ਖਰਚ ਹੋਏ ਹਨ। ਲਾਂਚਿੰਗ ਤੋਂ ਬਾਅਦ ਇਸਨੂੰ ਟਿਕਾਣੇ 'ਤੇ ਪੁੱਜਣ ਲਈ ਕਈ ਹਫਤੇ ਲੱਗਣਗੇ। ਇਹ ਚੰਨ ਦੇ ਦੱਖਣੀ ਧਰੁਵ 'ਤੇ ਲੈਂਡ ਕਰੇਗਾ। ਇਹ ਚੰਨ ਦਾ ਉਹ ਹਿੱਸਾ ਹੈ, ਜਿੱਥੇ ਦੁਨੀਆ ਦਾ ਕੋਈ ਪੁਲਾੜ ਯਾਨ ਨਹੀਂ ਉਤਰਿਆ ਹੈ। ਚੰਦਰਯਾਨ-2 ਨੂੰ ਬਾਹੂਬਲੀ ਅਥਵਾ ਜਿਓਸਿੰਕਰੋਨਸ ਸੈਟੇਲਾਈਟ ਲਾਂਚ ਵਹੀਕਲ ਮਾਰਕ-3 ਰਾਹੀਂ ਲਾਂਚ ਕੀਤਾ ਜਾਵੇਗਾ। ਚੰਦਰਯਾਨ-2 ਵਿਚ ਇਕ ਆਰਬਿਟਰ, ਵਿਕਰਮ ਨਾਂਅ ਦਾ ਲੈਂਡਰ ਤੇ ਪ੍ਰਗਯਾਨ ਨਾਂਅ ਦਾ ਰੋਵਰ ਸ਼ਾਮਲ ਹਨ। ਇਹ 13 ਉਪਕਰਣਾਂ ਨੂੰ ਲੈ ਕੇ ਜਾਵੇਗਾ। ਲੇਜ਼ਰ ਰੇਂਜਿੰਗ ਲਈ ਨਾਸਾ ਦੇ ਉਪਕਰਣ ਨੂੰ ਮੁਫਤ ਲੈ ਕੇ ਜਾਵੇਗਾ।
ਭਾਰਤ ਚੰਨ 'ਤੇ ਸਪੇਸ ਮਿਸ਼ਨ ਉਦੋਂ ਭੇਜ ਰਿਹਾ ਹੈ, ਜਦੋਂ ਕੁਝ ਮਹੀਨੇ ਪਹਿਲਾਂ ਚੀਨ ਨੇ ਚਾਂਗ ਈ-4 ਨਾਂਅ ਦਾ ਪੁਲਾੜ ਯਾਨ ਉਥੇ ਉਤਾਰਿਆ ਹੈ। ਅਮਰੀਕਾ ਵੀ 2024 ਤੱਕ ਉਥੇ ਮਨੁੱਖੀ ਮਿਸ਼ਨ ਭੇਜਣ ਜਾ ਰਿਹਾ ਹੈ। ਇਸ ਤਰ੍ਹਾਂ ਠੰਢੀ ਜੰਗ ਤੋਂ ਬਾਅਦ ਹੁਣ ਪੁਲਾੜ ਦੌੜ ਸ਼ੁਰੂ ਹੋ ਗਈ ਹੈ। ਚੀਨ ਨੇ 3 ਜਨਵਰੀ ਨੂੰ ਆਪਣਾ ਪੁਲਾੜ ਯਾਨ ਚੰਨ ਦੇ ਉਸ ਹਿੱਸੇ 'ਤੇ ਉਤਾਰਿਆ, ਜਿੱਥੇ ਹੁਣ ਤੱਕ ਕੋਈ ਨਹੀਂ ਪੁੱਜਾ। ਚੰਨ ਦੇ ਇਸ ਹਨੇਰੇ ਹਿੱਸੇ 'ਤੇ ਭਾਰਤ ਸਭ ਤੋਂ ਪਹਿਲਾਂ ਉਤਰਨਾ ਚਾਹੁੰਦਾ ਸੀ, ਪਰ ਬਾਜ਼ੀ ਚੀਨ ਨੇ ਮਾਰ ਲਈ। ਅਮਰੀਕਾ ਨੇ ਕਰੀਬ 50 ਸਾਲ ਪਹਿਲਾਂ 20 ਜੁਲਾਈ 1969 ਨੂੰ ਚੰਨ 'ਤੇ ਇਨਸਾਨ ਉਤਾਰਿਆ ਸੀ।
ਮਾਹਰਾਂ ਮੁਤਾਬਕ ਮਹਾਂਸ਼ਕਤੀਆਂ ਚੰਨ 'ਤੇ ਬਸਤੀਆਂ ਵਸਾਉਣੀਆਂ ਚਾਹੁੰਦੀਆਂ ਹਨ। ਚੀਨ ਦਾ 2036 ਤੱਕ ਚੰਨ 'ਤੇ ਪੱਕਾ ਟਿਕਾਣਾ ਬਣਾਉਣ ਦਾ ਨਿਸ਼ਾਨਾ ਹੈ। ਉਹ ਉਥੇ ਟਾਈਟੇਨੀਅਮ, ਯੂਰੇਨੀਅਮ, ਲੋਹੇ ਤੇ ਪਾਣੀ ਦੀ ਵਰਤੋਂ ਰਾਕਟ ਨਿਰਮਾਣ ਲਈ ਕਰਨਾ ਚਾਹੁੰਦਾ ਹੈ। ਉਹ ਇਸ ਸਾਲ ਦੇ ਅਖੀਰ ਤੱਕ ਚਾਂਗ ਈ-5 ਲਾਂਚ ਕਰੇਗਾ। ਇਹ ਉਸ ਹਿੱਸੇ 'ਤੇ ਉਤਰੇਗਾ, ਜਿਹੜਾ ਪੂਰੀ ਦੁਨੀਆ ਨੂੰ ਦਿਖਾਈ ਦਿੰਦਾ ਹੈ। ਇਥੋਂ ਉਹ ਮਿੱਟੀ ਦੇ ਨਮੂਨੇ ਲੈ ਕੇ ਆਵੇਗਾ। ਚੀਨ ਦੇ ਪੁਲਾੜ ਪ੍ਰੋਗਰਾਮ ਦੇ ਮੁਖੀ ਝਾਂਗ ਕੇਜਿਨ ਨੇ ਐਲਾਨਿਆ ਹੈ ਕਿ ਚੀਨ ਅਗਲੇ 10 ਸਾਲਾਂ ਵਿਚ ਚੰਨ ਦੇ ਦੱਖਣੀ ਧਰੁਵ 'ਤੇ ਖੋਜ ਕੇਂਦਰ ਕਾਇਮ ਕਰੇਗਾ।
ਚੀਨ 2030 ਤੱਕ ਉਥੇ ਦੋ ਰੋਬੋਟ ਭੇਜ ਰਿਹਾ ਹੈ, ਜਿਹੜੇ ਪਾਣੀ ਤੇ ਹੋਰ ਸਰੋਤਾਂ ਦੀ ਜਾਂਚ ਕਰਨਗੇ। ਅਮਰੀਕੀ ਪੁਲਾੜ ਜਥੇਬੰਦੀ ਨਾਸਾ ਵੀ 2028 ਤੱਕ ਚੰਨ 'ਤੇ ਅੱਡਾ ਬਣਾਉਣਾ ਚਾਹੁੰਦੀ ਹੈ। ਰੂਸੀ ਪੁਲਾੜ ਏਜੰਸੀ ਨੇ ਵੀ ਪਿਛਲੇ ਸਾਲ ਐਲਾਨਿਆ ਸੀ ਕਿ ਉਹ 2040 ਤੱਕ ਚੰਨ 'ਤੇ ਬਸਤੀ ਵਸਾਏਗੀ। ਜਾਪਾਨ ਤੇ ਦੱਖਣੀ ਕੋਰੀਆ ਦੀ ਵੀ ਚੰਨ 'ਤੇ ਪੁਲਾੜ ਯਾਨ ਭੇਜਣ ਦੀ ਯੋਜਨਾ ਹੈ। ਯੂਰਪੀ ਯੂਨੀਅਨ ਚੰਨ 'ਤੇ ਪਿੰਡ ਵਸਾਉਣਾ ਚਾਹੁੰਦੀ ਹੈ।

350 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper