Latest News
ਪਦਮਸ੍ਰੀ ਐਵਾਰਡੀ ਸਿਉਂਕ ਦੇ ਆਂਡੇ ਖਾਣ ਲਈ ਮਜਬੂਰ

Published on 25 Jun, 2019 11:03 AM.


ਇਸ ਸਾਲ ਜਨਵਰੀ ਮਹੀਨੇ ਦੌਰਾਨ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਉੜੀਸਾ ਦੇ ਇੱਕ ਗਰੀਬ ਸਮਾਜ ਸੇਵੀ ਦੈਤਰੀ ਨਾਇਕ ਨੂੰ ਦੇਸ਼ ਦੇ ਚੌਥੇ ਸਭ ਤੋਂ ਵੱਡੇ ਐਵਾਰਡ ਪਦਮਸ੍ਰੀ ਨਾਲ ਸਨਮਾਨਤ ਕੀਤਾ ਸੀ। ਉੜੀਸਾ ਦਾ ਮਾਂਝੀ ਕਿਹਾ ਜਾਣ ਵਾਲਾ 70 ਸਾਲਾ ਦੈਤਰੀ ਨਾਇਕ ਅੱਜ ਘੋਰ ਗਰੀਬੀ ਦੀ ਹਾਲਤ ਵਿੱਚ ਦਿਨ ਕੱਟਣ ਲਈ ਮਜਬੂਰ ਹੈ।
ਦੈਤਰੀ ਨਾਇਕ ਬਾਂਸਪਾਲ ਬਲਾਕ ਦੇ ਬੈਤਰਣੀ ਪਿੰਡ ਦਾ ਰਹਿਣ ਵਾਲਾ ਹੈ। ਇਸ ਬਲਾਕ ਦੇ ਬੈਤਰਣੀ ਸਮੇਤ ਕਈ ਪਿੰਡ ਪਾਣੀ ਦੀ ਸਮੱਸਿਆ ਤੋਂ ਪੀੜਤ ਸਨ। ਪਹਾੜੀ ਇਲਾਕਾ ਹੋਣ ਕਰਕੇ ਸਿਰਫ਼ ਮੀਂਹ ਦੇ ਪਾਣੀ ਉੱਤੇ ਹੀ ਨਿਰਭਰ ਰਹਿਣਾ ਪੈਂਦਾ ਸੀ। ਜਦੋਂ ਸਭ ਪੇਂਡੂ ਇਸ ਹਾਲਤ ਨੂੰ ਆਪਣੀ ਕਿਸਮਤ ਮੰਨ ਚੁੱਕੇ ਸਨ ਤਾਂ 70 ਸਾਲ ਦੇ ਦੈਤਰੀ ਨੇ ਸਮੱਸਿਆ ਨੂੰ ਹੱਲ ਕਰਨ ਦਾ ਤਹੱਈਆ ਕਰ ਲਿਆ। ਉਸ ਨੇ ਆਪਣੇ ਪਰਵਾਰ ਨੂੰ ਨਾਲ ਲੈ ਕੇ ਨਹਿਰ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਪਾਣੀ ਦੇ ਇੰਤਜ਼ਾਮ ਲਈ ਦੈਤਰੀ ਨੇ ਲਗਾਤਾਰ ਤਿੰਨ ਸਾਲ ਤੱਕ ਪਹਾੜੀ ਨੂੰ ਤੋੜਿਆ ਅਤੇ ਖੁਦਾਈ ਕੀਤੀ। ਉਸ ਦਾ ਸਾਰਾ ਪਰਵਾਰ ਇਸ ਕੰਮ ਵਿੱਚ ਉਸ ਦੀ ਮਦਦ ਕਰਦਾ ਰਿਹਾ। ਆਖਰ ਦੈਤਰੀ ਨੇ ਤਿੰਨ ਕਿਲੋਮੀਟਰ ਲੰਮੀ ਨਹਿਰ ਖੋਦ ਕੇ ਪਿੰਡ ਦੀ ਪਾਣੀ ਦੀ ਸਮੱਸਿਆ ਹੱਲ ਕਰ ਦਿੱਤੀ। ਇਹ ਅਜਿਹੀ ਸਮੱਸਿਆ ਸੀ, ਜਿਸ ਨੂੰ ਹੱਲ ਕਰਨ ਲਈ ਸਰਕਾਰ ਵੀ ਸਫ਼ਲ ਨਹੀਂ ਸੀ ਹੋ ਰਹੀ, ਪਰ ਦੈਤਰੀ ਦੇ ਉੱਦਮ ਨੇ ਨਾਮੁਮਕਿਨ ਨੂੰ ਮੁਮਕਿਨ ਕਰਕੇ ਦਿਖਾ ਦਿੱਤਾ। ਇਸ ਉਦਮ ਨਾਲ ਪਿੰਡ ਦੀ 100 ਏਕੜ ਖੇਤੀ ਦੀ ਜ਼ਮੀਨ ਵੀ ਸਿੰਜਾਈ ਹੇਠ ਆ ਗਈ।
ਅੱਜ ਉਹੀ ਦੈਤਰੀ ਨਾਇਕ ਤੇ ਉਸ ਦਾ ਪਰਵਾਰ ਸਿਉਂਕ ਦੇ ਆਂਡੇ ਖਾ ਕੇ ਗੁਜਾਰਾ ਕਰ ਰਿਹਾ ਹੈ। ਇਸੇ ਕਾਰਨ ਦੈਤਰੀ ਨੇ ਆਪਣਾ ਪਦਮਸ੍ਰੀ ਐਵਾਰਡ ਵਾਪਸ ਕਰਨ ਦਾ ਫ਼ੈਸਲਾ ਕਰ ਲਿਆ ਹੈ। ਪਿਛਲੇ ਇੱਕ ਸਾਲ ਤੋਂ ਦੈਤਰੀ ਨਾਇਕ ਨਹਿਰ ਨੂੰ ਪੱਕਾ ਕਰਨ ਦੀ ਮੰਗ ਕਰ ਰਹੇ ਹਨ, ਪਰ ਪ੍ਰਸ਼ਾਸਨ ਟੱਸ ਤੋਂ ਮੱਸ ਨਹੀਂ ਹੋ ਰਿਹਾ। ਉਸ ਦਾ ਕਹਿਣਾ ਹੈ ਕਿ ਸਾਡੇ ਪਿੰਡ ਵਿੱਚ ਕੋਈ ਬੁਨਿਆਦੀ ਸਹੂਲਤ ਨਹੀਂ ਹੈ। ਬਿਮਾਰੀ ਸਮੇਂ 5-7 ਕਿਲੋਮੀਟਰ ਪੈਦਲ ਚੱਲ ਕੇ ਇਲਾਜ ਲਈ ਜਾਣਾ ਪੈਂਦਾ ਹੈ। ਅਜਿਹੇ ਵਿੱਚ ਮੈਂ ਪਦਮਸ੍ਰੀ ਐਵਾਰਡ ਦਾ ਕੀ ਕਰਨਾ ਹੈ, ਇਹ ਮੇਰੇ ਕਿਸੇ ਕੰਮ ਦਾ ਨਹੀਂ ਹੈ, ਇਸ ਲਈ ਮੈਂ ਇਸ ਨੂੰ ਵਾਪਸ ਕਰਨ ਦਾ ਫ਼ੈਸਲਾ ਕੀਤਾ ਹੈ।
ਦੈਤਰੀ ਨਾਇਕ ਦੇ ਬੇਟੇ ਦਾ ਕਹਿਣਾ ਹੈ ਕਿ ਪਹਿਲਾਂ ਉਸ ਦੇ ਪਿਤਾ ਦਿਹਾੜੀ ਕਰਦੇ ਸਨ, ਪਰ ਜਦੋਂ ਦਾ ਉਨ੍ਹਾ ਨੂੰ ਪਦਮਸ੍ਰੀ ਐਵਾਰਡ ਮਿਲਿਆ ਹੈ, ਕੰਮ ਮਿਲਣਾ ਬੰਦ ਹੋ ਗਿਆ ਹੈ। ਲੋਕ ਉਨ੍ਹਾ ਦਾ ਸਨਮਾਨ ਕਰਨ ਲੱਗੇ ਹਨ ਅਤੇ ਮਜ਼ਦੂਰੀ ਦਾ ਕੰਮ ਨਹੀਂ ਦਿੰਦੇ। ਲੋਕ ਕਹਿੰਦੇ ਹਨ ਕਿ ਹੁਣ ਉਹ ਵੱਡੇ ਲੋਕ ਬਣ ਗਏ ਹਨ, ਪ੍ਰੰਤੂ ਹਕੀਕਤ ਵਿੱਚ ਦੈਤਰੀ ਨੂੰ ਕੰਮ ਨਾ ਮਿਲਣ ਕਾਰਨ ਪਰਵਾਰ ਦੀ ਮਾਲੀ ਹਾਲਤ ਵਿਗੜ ਚੁੱਕੀ ਹੈ।
ਹਿੰਦੋਸਤਾਨ ਟਾਈਮਜ਼ ਦੀ ਰਿਪੋਰਟ ਅਨੁਸਾਰ ਦੈਤਰੀ ਨਾਇਕ ਨੇ ਗੱਲਬਾਤ ਵਿੱਚ ਕਿਹਾ ਕਿ ਹੁਣ ਅਸੀਂ ਸਿਉਂਕ ਦੇ ਆਂਡੇ ਖਾ ਕੇ ਗੁਜਾਰਾ ਕਰ ਰਹੇ ਹਾਂ। ਉਹ ਆਪਣੇ ਪਰਵਾਰ ਦਾ ਗੁਜ਼ਾਰਾ ਚਲਾਉਣ ਲਈ ਤੇਂਦੂ ਪੱਤਾ ਤੇ ਅੰਬ ਪਾਪੜ ਵੇਚਣ ਦਾ ਕੰਮ ਕਰ ਰਹੇ ਹਨ, ਪ੍ਰੰਤੂ ਇਸ ਕੰਮ ਵਿੱਚ ਬਹੁਤ ਆਮਦਨੀ ਨਹੀਂ ਹੈ। ਸਰਕਾਰ ਵੱਲੋਂ ਉਸ ਨੂੰ 700 ਰੁਪਏ ਮਹੀਨਾ ਬੁਢਾਪਾ ਪੈਨਸ਼ਨ ਮਿਲਦੀ ਹੈ, ਜੋ ਗੁਜ਼ਾਰੇ ਲਾਇਕ ਨਹੀਂ ਹੈ। ਇੰਦਰਾ ਅਵਾਸ ਯੋਜਨਾ ਅਧੀਨ ਮਿਲਿਆ ਘਰ ਵੀ ਅਧੂਰਾ ਹੈ, ਜਿਸ ਕਾਰਨ ਅਸੀਂ ਟੁੱਟੇ ਕੱਚੇ ਮਕਾਨ ਵਿੱਚ ਰਹਿਣ ਲਈ ਮਜਬੂਰ ਹਾਂ। ਨਿਰਾਸ਼ ਦੈਤਰੀ ਨਾਇਕ ਨੇ ਆਪਣਾ ਪਦਮਸ੍ਰੀ ਐਵਾਰਡ ਬੱਕਰੀਆਂ ਦੀ ਛੰਨ ਵਿੱਚ ਟੰਗ ਰੱਖਿਆ ਹੈ।
ਦੇਸ਼ ਦੇ ਚੌਥੇ ਉੱਚ ਐਵਾਰਡ ਦੀ ਅਜਿਹੀ ਦੁਰਗਤੀ ਸ਼ਾਇਦ ਹੀ ਪਹਿਲਾਂ ਕਦੀ ਹੋਈ ਹੋਵੇ। ਇਸ ਸਥਿਤੀ ਲਈ ਕੇਂਦਰ ਤੇ ਰਾਜ ਸਰਕਾਰਾਂ ਦੋਵੇਂ ਦੋਸ਼ੀ ਹਨ। ਨੇਤਾ ਲੋਕ ਆਪਣੇ ਜੱਦੀ ਪਿੰਡਾਂ ਨੂੰ ਤਾਂ ਸ਼ਹਿਰਾਂ ਵਰਗੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਸਾਰਾ ਸ਼ਾਸਨ-ਪ੍ਰਸ਼ਾਸਨ ਝੋਕ ਦਿੰਦੇ ਹਨ, ਪਰ ਦੈਤਰੀ ਵਰਗੇ ਕਰਮਸ਼ੀਲ ਵਿਅਕਤੀ ਪ੍ਰਸ਼ਾਸਨਿਕ ਬੇਰੁਖੀ ਤੋਂ ਤੰਗ ਆ ਕੇ ਪਦਮਸ੍ਰੀ ਵਰਗੇ ਉੱਚ ਐਵਾਰਡ ਨੂੰ ਵਾਪਸ ਕਰਨ ਦਾ ਫ਼ੈਸਲਾ ਲੈਣ ਤੱਕ ਪਹੁੰਚ ਜਾਂਦੇ ਹਨ। ਦੈਤਰੀ ਦੀਆਂ ਮੰਗਾਂ ਕੋਈ ਇਹੋ ਜਿਹੀਆਂ ਨਹੀਂ ਕਿ ਉਨ੍ਹਾਂ ਨੂੰ ਪੂਰਾ ਕਰ ਸਕਣਾ ਔਖਾ ਹੋਵੇ। ਉਹ ਤਾਂ ਇਹੋ ਮੰਗ ਕਰ ਰਿਹਾ ਹੈ ਕਿ ਤਿੰਨ ਕਿਲੋਮੀਟਰ ਦੀ ਨਹਿਰ ਨੂੰ ਪੱਕਾ ਕਰ ਦਿੱਤਾ ਜਾਵੇ, ਪਿੰਡ ਨੂੰ ਪੱਕੀ ਸੜਕ ਨਾਲ ਜੋੜ ਦਿੱਤਾ ਜਾਵੇ ਤੇ ਇੱਕ ਆਂਗਣਵਾੜੀ ਕੇਂਦਰ ਖੋਲ੍ਹ ਦਿੱਤਾ ਜਾਵੇ। ਸਥਿਤੀ ਸ਼ਰਮਨਾਕ ਹੈ, ਪਰ ਸ਼ਰਮਸ਼ਾਰ ਹੋਣ ਦੀ ਵਾਰੀ ਕੇਂਦਰ 'ਤੇ ਰਾਜ ਸਰਕਾਰ ਤੇ ਪ੍ਰਸ਼ਾਸਨ ਦੀ ਹੈ।

978 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper