Latest News
ਤਿੰਨ ਹੋਣਹਾਰ ਧੀਆਂ ਦੀ ਤ੍ਰਾਸਦੀ

Published on 26 Jun, 2019 11:26 AM.ਮੋਗਾ ਜ਼ਿਲ੍ਹੇ ਦੇ ਪਿੰਡ ਰਣਸੀਂਹ ਕਲਾਂ ਦੀ ਅਰਸ਼ਪ੍ਰੀਤ ਕੌਰ ਨੇ ਆਪਣੇ ਪਰਵਾਰ ਦੀ ਮਾਲੀ ਹਾਲਤ ਸੁਧਾਰਨ ਲਈ 10 ਸਾਲ ਦੀ ਉਮਰ ਵਿੱਚ ਕੁਸ਼ਤੀ ਕਰਨੀ ਸ਼ੁਰੂ ਕੀਤੀ ਸੀ। ਇਸ ਵੇਲੇ ਨਿਹਾਲ ਸਿੰਘ ਵਾਲਾ ਦੇ ਕਮਲਾ ਨਹਿਰੂ ਸਕੂਲ ਵਿੱਚ ਗਿਆਰ੍ਹਵੀਂ ਵਿੱਚ ਪੜ੍ਹਦੀ 17 ਸਾਲ ਦੀ ਅਰਸ਼ਪ੍ਰੀਤ ਉਨ੍ਹਾਂ ਕਈ ਕੁੜੀਆਂ ਵਿੱਚ ਸ਼ਾਮਲ ਸੀ, ਜਿਹੜੀਆਂ 2010 ਵਿੱਚ ਨੇੜਲੇ ਪਿੰਡ ਧੂੜਕੋਟ ਰਣਸੀਂਹ ਵਿੱਚ ਖੁੱਲ੍ਹੇ ਫ੍ਰੀ ਕੋਚਿੰਗ ਕੈਂਪ ਵਿੱਚ ਜਾਣ ਲੱਗੀਆਂ ਸਨ। ਅਰਸ਼ਪ੍ਰੀਤ ਵਾਂਗ ਇਸੇ ਪਿੰਡ ਦੀਆਂ ਧਰਮਜੀਤ ਕੌਰ (16) ਤੇ ਸੰਦੀਪ ਕੌਰ (17) ਵੀ ਕੁਸ਼ਤੀ ਕਰਦੀਆਂ ਹਨ। ਤਿੰਨੋਂ ਕੌਮੀ ਪੱਧਰ 'ਤੇ ਮੈਡਲ ਜਿੱਤ ਕੇ ਸੂਬੇ ਦੀ ਸ਼ਾਨ ਵਧਾ ਚੁੱਕੀਆਂ ਹਨ। ਅਰਸ਼ਪ੍ਰੀਤ ਨੇ ਕੌਮੀ ਸਕੂਲ ਖੇਡਾਂ ਵਿੱਚ ਪੰਜ ਵਾਰ ਸੂਬੇ ਦੀ ਨੁਮਾਇੰਦਗੀ ਕੀਤੀ ਤੇ ਹਰ ਵਾਰ ਕਾਂਸੀ ਦਾ ਤਮਗਾ ਜਿੱਤਿਆ। ਧਰਮਜੀਤ ਨੇ ਵੀ ਜੂਨੀਅਰ ਕੌਮੀ ਖੇਡਾਂ ਵਿੱਚ 2017 ਵਿੱਚ ਕਾਂਸੀ ਦਾ ਤਮਗਾ ਜਿੱਤਿਆ। ਸੰਦੀਪ ਵੀ ਸਬ-ਜੂਨੀਅਰ ਕੌਮੀ ਮੁਕਾਬਲੇ ਵਿੱਚ ਤਮਗਾ ਜਿੱਤ ਚੁੱਕੀ ਹੈ। ਤਿੰਨੇ ਹੀ ਗ਼ਰੀਬ ਘਰਾਂ ਦੀਆਂ ਹਨ ਤੇ ਖੇਡਾਂ ਪ੍ਰਤੀ ਲਗਨ ਤੇ ਘਰਦਿਆਂ ਦੀ ਹੌਸਲਾ ਅਫ਼ਜ਼ਾਈ ਸਦਕਾ ਹੀ ਇਹ ਵਧੀਆ ਪ੍ਰਦਰਸ਼ਨ ਕਰਦੀਆਂ ਆ ਰਹੀਆਂ ਹਨ।
ਤਿੰਨੋਂ ਕੁੜੀਆਂ ਉਮਰ ਦੇ ਉਸ ਪੜਾਅ 'ਤੇ ਹਨ, ਜਦੋਂ ਸਰਕਾਰ ਤੇ ਸਮਾਜ ਵੱਲੋਂ ਜ਼ੁਬਾਨੀ ਹੱਲਾਸ਼ੇਰੀ ਦੀ ਥਾਂ ਮਾਲੀ ਹੱਲਾਸ਼ੇਰੀ ਮਿਲੇ ਤਾਂ ਦੇਸ਼ ਦਾ ਨਾਂਅ ਚਮਕਾ ਸਕਦੀਆਂ ਹਨ, ਪਰ ਇਨ੍ਹਾਂ ਤਿੰਨਾਂ ਦੀ ਤ੍ਰਾਸਦੀ ਇਹ ਹੈ ਕਿ ਇਹ ਅੱਜਕੱਲ੍ਹ ਆਪਣੇ ਪਰਵਾਰਾਂ ਦੇ ਨਾਲ ਦੂਜਿਆਂ ਦੇ ਖੇਤਾਂ ਵਿੱਚ ਝੋਨਾ ਲਾਉਣ ਲਈ ਮਜਬੂਰ ਹਨ। ਕਿਰਤ ਕਰਨਾ ਮਾੜੀ ਗੱਲ ਨਹੀਂ, ਪਰ ਇਨ੍ਹਾਂ ਪ੍ਰਤਿਭਾਵਾਨ ਪਹਿਲਵਾਨਾਂ ਨੂੰ ਝੋਨਾ ਲਾਉਣ ਲਈ ਮਜਬੂਰ ਹੋਣਾ ਸਰਕਾਰ ਦੀ ਖੇਡ ਨੀਤੀ ਦੇ ਨੁਕਸਾਂ ਨੂੰ ਉਭਾਰਦਾ ਹੈ, ਜਦੋਂ ਕਿ ਉਨ੍ਹਾਂ ਦੀ ਉਮਰ ਅਖਾੜੇ ਵਿੱਚ ਆਪਣੀ ਖੇਡ ਕਲਾ ਨੂੰ ਨਿਖਾਰਨ ਦੀ ਹੈ, ਉਨ੍ਹਾਂ ਨੂੰ ਸਾੜਦੀ ਧੁੱਪ ਤੇ ਹੁੰਮ ਵਿੱਚ ਖੇਤਾਂ 'ਚ ਕੰਮ ਕਰਨਾ ਪੈ ਰਿਹਾ ਹੈ। ਇਨ੍ਹਾਂ ਦੇ ਕੋਚ ਭਜਨ ਸਿੰਘ ਧਾਲੀਵਾਲ ਦਾ ਕਹਿਣਾ ਹੈ ਕਿ ਇਨ੍ਹਾਂ ਕੁੜੀਆਂ ਨੂੰ ਸਹੂਲਤਾਂ ਤੇ ਮਾਲੀ ਮਦਦ ਮਿਲੇ ਤਾਂ ਇਹ ਵੱਡੀਆਂ ਪ੍ਰਾਪਤੀਆਂ ਕਰ ਸਕਦੀਆਂ ਹਨ।
ਕੁਸ਼ਤੀ ਹੀ ਅਜਿਹੀ ਖੇਡ ਹੈ, ਜਿਸ ਵਿੱਚ ਦੇਸ਼ ਨੂੰ ਤਮਗਿਆਂ ਦੀ ਆਸ ਹੁੰਦੀ ਹੈ। ਮੁੰਡਿਆਂ ਦੀ ਖੇਡ ਮੰਨੀ ਜਾਂਦੀ ਕੁਸ਼ਤੀ ਵਿੱਚ ਹੁਣ ਕੁੜੀਆਂ ਵੀ ਦਿਲਚਸਪੀ ਦਿਖਾ ਰਹੀਆਂ ਹਨ। ਦਿਲਚਸਪੀ ਹੀ ਨਹੀਂ ਦਿਖਾ ਰਹੀਆਂ, ਕੌਮਾਂਤਰੀ ਪੱਧਰ 'ਤੇ ਤਮਗੇ ਵੀ ਲਿਆ ਰਹੀਆਂ ਹਨ। ਰਣਸੀਂਹ ਕਲਾਂ ਦੀਆਂ ਇਹ ਕੁੜੀਆਂ ਵੀ ਕਿਸੇ ਦਿਨ ਕੌਮਾਂਤਰੀ ਪੱਧਰ 'ਤੇ ਤਮਗਾ ਜਿੱਤ ਕੇ ਦੇਸ਼ ਦਾ ਨਾਂਅ ਰੌਸ਼ਨ ਕਰ ਸਕਦੀਆਂ ਹਨ। ਪਰ ਇਹ ਤਾਂ ਹੀ ਸੰਭਵ ਹੋਵੇਗਾ, ਜੇ ਖੇਡ ਨੀਤੀ ਚੰਗੀ ਹੋਵੇਗੀ। ਸੂਬੇ ਵਿੱਚ ਖੇਡਾਂ ਦੀ ਹਾਲਤ ਏਨੀ ਨਿੱਘਰ ਗਈ ਹੈ ਕਿ ਡੇ-ਸਕਾਲਰ ਤੇ ਰੈਜ਼ੀਡੈਨਸ਼ੀਅਲ ਸਪੋਰਟਸ ਵਿੰਗ ਲਈ ਛੇ ਮਹੀਨਿਆਂ ਤੋਂ ਟਰਾਇਲ ਹੀ ਨਹੀਂ ਹੋਏ। ਹਰਿਆਣਾ ਖੇਡ ਨਰਸਰੀਆਂ ਦੀ ਗਿਣਤੀ 153 ਤੋਂ ਵਧਾ ਕੇ ਇਸ ਸਾਲ 533 ਕਰਨ ਜਾ ਰਿਹਾ ਹੈ ਤੇ ਪੰਜਾਬ ਵਿੱਚ ਸਪੋਰਟਸ ਸੈਂਟਰ ਬੰਦ ਹੋ ਰਹੇ ਹਨ। ਹਾਕੀ ਖਿਡਾਰੀ ਰਿਟਾਇਰਡ ਆਈ ਜੀ ਸੁਰਿੰਦਰ ਸਿੰਘ ਸੋਢੀ ਮੁਤਾਬਕ ਖਿਡਾਰੀਆਂ ਨੂੰ ਮਿਲਣ ਵਾਲੀ ਪੈਨਸ਼ਨ ਵੀ ਬੰਦ ਹੈ। ਸੂਬੇ ਵਿੱਚ ਨੌਜਵਾਨਾਂ ਦੇ ਨਸ਼ਿਆਂ ਵਿੱਚ ਗਲਤਾਨ ਹੋਣ ਵਿੱਚ ਵੀ ਪ੍ਰਭਾਵੀ ਖੇਡ ਨੀਤੀ ਦਾ ਨਾ ਹੋਣਾ ਇੱਕ ਵੱਡਾ ਕਾਰਨ ਹੈ। ਖੇਡ ਵਿਭਾਗ ਤੇ ਸਿੱਖਿਆ ਵਿਭਾਗ ਵਿਚਾਲੇ ਤਾਲਮੇਲ ਨਾ ਹੋਣ ਕਰਕੇ ਵੀ ਖਿਡਾਰੀਆਂ ਨੂੰ ਨੁਕਸਾਨ ਹੋ ਰਿਹਾ ਹੈ। ਸਿੱਖਿਆ ਵਿਭਾਗ ਦੇ ਖਿਡਾਰੀਆਂ ਨੂੰ ਖੇਡ ਵਿਭਾਗ ਦੇ ਖਿਡਾਰੀਆਂ ਨਾਲੋਂ ਡਾਈਟ ਵੀ ਘੱਟ ਮਿਲਦੀ ਹੈ। ਸਰਕਾਰ ਨੂੰ ਸਭ ਕੁਝ ਅਫ਼ਸਰਸ਼ਾਹੀ 'ਤੇ ਹੀ ਨਹੀਂ ਛੱਡਣਾ ਚਾਹੀਦਾ। ਦੇਸ਼ ਦਾ ਨਾਂਅ ਚਮਕਾ ਚੁੱਕੇ ਖਿਡਾਰੀਆਂ ਤੇ ਕੋਚਾਂ ਨਾਲ ਸਲਾਹ-ਮਸ਼ਵਰਾ ਕਰਕੇ ਪਾਇਦਾਰ ਖੇਡ ਨੀਤੀ ਬਣਾਉਣੀ ਚਾਹੀਦੀ ਹੈ ਤਾਂ ਕਿ ਖਿਡਾਰੀਆਂ ਦੀ ਆਰਥਿਕ ਸੁਰੱਖਿਆ ਯਕੀਨੀ ਬਣਾਈ ਜਾ ਸਕੇ। ਖੇਡਾਂ ਵਿੱਚ ਨਾਂਅ ਚਮਕਾਉਣ ਵਾਲੇ ਜ਼ਿਆਦਾਤਰ ਗ਼ਰੀਬ ਘਰਾਂ ਵਿੱਚੋਂ ਹੀ ਆਉਂਦੇ ਹਨ।

914 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper