Latest News
ਭਾਸ਼ਣ, ਜੋ ਦੇਰ ਤੱਕ ਗੂੰਜਦਾ ਰਹੇਗਾ

Published on 27 Jun, 2019 11:05 AM.


ਰਾਸ਼ਟਰਪਤੀ ਦੇ ਭਾਸ਼ਣ ਉੱਤੇ ਧੰਨਵਾਦ ਮਤੇ ਦੌਰਾਨ ਸੰਸਦ ਵਿੱਚ ਮੌਜੂਦ ਹਰ ਛੋਟੀ-ਵੱਡੀ ਪਾਰਟੀ ਦੇ ਆਗੂਆਂ ਨੇ ਆਪਣੇ ਵਿਚਾਰ ਰੱਖੇ ਸਨ। ਉਨ੍ਹਾਂ ਦੇਸ਼ ਦੀ ਮੌਜੂਦਾ ਹਾਲਤ ਬਾਰੇ ਆਪਣੀਆਂ ਚਿੰਤਾਵਾਂ ਵੀ ਜ਼ਾਹਰ ਕੀਤੀਆਂ ਅਤੇ ਕਮੀਆਂ-ਕਮਜ਼ੋਰੀਆਂ ਪ੍ਰਤੀ ਸਰਕਾਰ ਨੂੰ ਸੁਝਾਅ ਵੀ ਦਿੱਤੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਹਿਸ ਦਾ ਜਵਾਬ ਦਿੰਦਿਆਂ ਜਿੱਥੇ ਆਪਣੇ ਚਿਰ-ਅੰਦਾਜ਼ ਵਿੱਚ ਕਾਂਗਰਸ ਪਾਰਟੀ ਤੇ ਇਸ ਦੇ ਆਗੂਆਂ ਨੂੰ ਪਾਣੀ ਪੀ ਪੀ ਕੇ ਕੋਸਿਆ, ਉੱਥੇ ਕੁਝ ਆਸ ਬੰਨ੍ਹਾਊ ਇਸ਼ਾਰੇ ਵੀ ਕੀਤੇ। ਇਹ ਪਹਿਲੀ ਵਾਰ ਸੀ ਕਿ ਪ੍ਰਧਾਨ ਮੰਤਰੀ ਨੇ ਝਾਰਖੰਡ ਵਿੱਚ ਹੋਈ ਇੱਕ ਭੀੜਤੰਤਰੀ ਹਿੰਸਾ ਦੀ ਘਟਨਾ ਦਾ ਸਖ਼ਤ ਨੋਟਿਸ ਲਿਆ ਅਤੇ ਬਿਹਾਰ ਵਿੱਚ ਦਿਮਾਗ਼ੀ ਬੁਖਾਰ ਨਾਲ ਹੋ ਰਹੀਆਂ ਬੱਚਿਆਂ ਦੀਆਂ ਮੌਤਾਂ ਨੂੰ ਸਰਕਾਰੀ ਨਾਕਾਮੀ ਕਹਿਕੇ ਜ਼ਿੰਮੇਵਾਰੀ ਚੁੱਕੀ।
ਪਰ ਧੰਨਵਾਦ ਮਤੇ ਉੱਤੇ ਹੋਏ ਭਾਸ਼ਣਾਂ ਵਿੱਚ ਇੱਕ ਨਵੀਂ ਚੁਣੀ ਗਈ ਮੈਂਬਰ ਦਾ ਜ਼ਿਕਰਯੋਗ ਭਾਸ਼ਣ ਵੀ ਸੀ, ਜਿਸ ਨੇ ਸਮੁੱਚੇ ਸੂਝਵਾਨ ਵਿਅਕਤੀਆਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਤ੍ਰਿਣਮੂਲ ਕਾਂਗਰਸ ਦੀ ਟਿਕਟ ਉੱਤੇ ਪਹਿਲੀ ਵਾਰ ਸੰਸਦ ਬਣੀ ਮਹੂਆ ਮੋਇਤਰਾ ਨੇ ਮੰਗਲਵਾਰ ਸਾਂਸਦ ਨੂੰ ਸੰਬੋਧਨ ਕਰਦਿਆਂ ਰਾਸ਼ਟਰਵਾਦ, ਮੀਡੀਆ ਦੀ ਅਜ਼ਾਦੀ, ਫੇਕ ਨਿਊਜ਼, ਬੇਰੁਜ਼ਗਾਰੀ ਤੇ ਐੱਨ ਆਰ ਸੀ ਦੇ ਮੁੱਦਿਆਂ ਉਤੇ ਦਲੀਲਾਂ ਸਹਿਤ ਸਰਕਾਰ ਦੀ ਜੰਮ ਕੇ ਆਲੋਚਨਾ ਕੀਤੀ।
ਉਨ੍ਹਾਂ ਆਪਣੇ ਭਾਸ਼ਣ ਵਿੱਚ 7 ਬਿੰਦੂਆਂ ਰਾਹੀਂ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਕਿ ਭਾਜਪਾ ਦਾ ਰਵੱਈਆ ਤਾਨਾਸ਼ਾਹੀ ਵਾਲਾ ਹੈ। ਇਨ੍ਹਾਂ ਸੱਤ ਬਿੰਦੂਆਂ ਦੀ ਵਿਆਖਿਆ ਕਰਦਿਆਂ ਉਨ੍ਹਾ ਕਿਹਾ ਕਿ ਪਹਿਲਾ ਬਿੰਦੂ ਇਹ ਹੈ ਕਿ ਦੇਸ ਵਿੱਚ ਲੋਕਾਂ ਨੂੰ ਵੰਡਣ ਲਈ ਕੱਟੜ ਰਾਸ਼ਟਰਵਾਦ ਫੈਲਾਇਆ ਜਾ ਰਿਹਾ ਹੈ ਅਤੇ ਦਹਾਕਿਆਂ ਤੋਂ ਦੇਸ਼ ਵਿੱਚ ਰਹਿ ਰਹੇ ਲੋਕਾਂ ਨੂੰ ਨਾਗਰਿਕਤਾ ਦਾ ਸਬੂਤ ਦੇਣ ਲਈ ਕਿਹਾ ਜਾ ਰਿਹਾ ਹੈ। ਦੂਜਾ, ਸਰਕਾਰ ਦੇ ਹਰ ਪੱਧਰ ਉੱਤੇ ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ ਹੈ। ਦੇਸ਼ ਵਿੱਚ ਅਜਿਹਾ ਮਹੌਲ ਬਣਾ ਦਿੱਤਾ ਗਿਆ ਹੈ ਕਿ ਨਫ਼ਰਤ ਦੇ ਅਧਾਰ ਉੱਤੇ ਹਿੰਸਕ ਘਟਨਾਵਾਂ ਵਧ ਰਹੀਆਂ ਹਨ। ਤੀਜਾ, ਮੀਡੀਆ ਉੱਤੇ ਨਕੇਲ ਕੱਸੀ ਜਾ ਰਹੀ ਹੈ। ਦੇਸ਼ ਦੀਆਂ ਸਭ ਤੋਂ ਵੱਡੀਆਂ ਪੰਜ ਮੀਡੀਆ ਕੰਪਨੀਆਂ ਉੱਤੇ ਸਿੱਧੇ ਜਾਂ ਅਸਿੱਧੇ ਤੌਰ ਉੱਤੇ ਇੱਕ ਵਿਅਕਤੀ ਦਾ ਕੰਟਰੋਲ ਹੈ। ਫੇਕ ਨਿਊਜ਼ ਰਾਹੀਂ ਲੋਕਾਂ ਨੂੰ ਭਰਮਾਇਆ ਜਾ ਰਿਹਾ ਹੈ। ਚੌਥਾ, ਰਾਸ਼ਟਰ ਦੀ ਸੁਰੱਖਿਆ ਦੇ ਨਾਂਅ ਉੱਤੇ ਦੁਸ਼ਮਣ ਲੱਭੇ ਜਾ ਰਹੇ ਹਨ, ਜਦੋਂਕਿ ਪਿਛਲੇ ਪੰਜ ਸਾਲਾਂ ਵਿੱਚ ਕਸ਼ਮੀਰ ਵਿੱਚ ਫ਼ੌਜੀ ਜਵਾਨਾਂ ਦੀਆਂ ਮੌਤਾਂ ਵਿੱਚ 106 ਫ਼ੀਸਦੀ ਦਾ ਵਾਧਾ ਹੋ ਚੁੱਕਾ ਹੈ। ਪੰਜਵਾਂ, ਸਰਕਾਰ ਤੇ ਧਰਮ ਰਲਗੱਡ ਹੋ ਚੁੱਕੇ ਹਨ। ਨੈਸ਼ਨਲ ਰਜਿਸਟਰ ਆਫ਼ ਸਿਟੀਜ਼ਨ ਤੇ ਸਿਟੀਜ਼ਨਸ਼ਿਪ ਅਮੈਂਡਮੈਂਟ ਬਿੱਲ ਰਾਹੀਂ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਇੱਕ ਹੀ ਭਾਈਚਾਰੇ ਨੂੰ ਇਸ ਦੇਸ਼ ਵਿੱਚ ਰਹਿਣ ਦਾ ਹੱਕ ਹੈ। ਛੇਵਾਂ, ਇਸ ਸਰਕਾਰ ਨੇ ਬੁੱਧੀਜੀਵੀਆਂ ਤੇ ਕਲਾਕਾਰਾਂ ਦਾ ਤਿਰਸਕਾਰ ਕੀਤਾ ਹੈ ਅਤੇ ਅਸਹਿਮਤੀ ਦੀਆਂ ਅਵਾਜਾਂ ਨੂੰ ਦਬਾਇਆ ਜਾ ਰਿਹਾ ਹੈ। ਸੱਤਵਾਂ, ਚੋਣ ਪ੍ਰਕ੍ਰਿਆ ਦੀ ਖੁਦਮੁਖਤਿਆਰੀ ਖ਼ਤਮ ਹੋ ਰਹੀ ਹੈ।
ਉਨ੍ਹਾਂ ਆਪਣੇ ਭਾਸ਼ਣ ਵਿੱਚ ਅਮਰੀਕਾ ਦੇ ਹੋਲੋਕਾਸਟ ਮੈਮੋਰੀਅਲ ਮਿਊਜ਼ੀਅਮ ਵਿੱਚ 2017 ਵਿੱਚ ਪ੍ਰਦਰਸ਼ਤ ਕੀਤੇ ਇੱਕ ਪੋਸਟਰ ਦਾ ਹਵਾਲਾ ਦਿੱਤਾ, ਜਿਸ ਵਿੱਚ ਉਹ ਬਿੰਦੂ ਦਰਜ ਸਨ, ਜਿਹੜੇ ਫਾਸ਼ੀਵਾਦ ਦੇ ਸ਼ੁਰੂਆਤੀ ਚਿੰਨ੍ਹ ਹੋ ਸਕਦੇ ਹਨ। ਬੀ ਬੀ ਸੀ ਨਾਲ ਗੱਲ ਕਰਦਿਆਂ ਮਹੂਆ ਨੇ ਕਿਹਾ ਕਿ ਇਨ੍ਹਾਂ ਬਿੰਦੂਆਂ ਦੀ ਲਿਸਟ ਮੈਂ ਨਹੀਂ ਬਣਾਈ, ਇਹ ਪੁਰਾਣੀ ਲਿਸਟ ਹੈ। ਫ਼ਾਸ਼ੀਵਾਦ, ਬਹੁਗਿਣਤੀ ਦਾ ਗਲਬਾ ਹੁੰਦਾ ਹੈ, ਜਿਸ ਦੀ ਇਹ ਧਾਰਨਾ ਹੁੰਦੀ ਹੈ ਕਿ ਜੋ ਉਹ ਸੋਚਦੀ ਹੈ, ਉਹੀ ਸੱਚ ਹੈ, ਬਾਕੀ ਸਭ ਗਲਤ ਹਨ। ਉਸ ਨੂੰ ਅਕਸਰ ਜਨ ਸਮੱਰਥਨ ਮਿਲਦਾ ਹੈ, ਜਿਵੇਂ ਹੁਣ ਹੋਇਆ ਹੈ।
ਮਹੂਆ ਦੇ ਇਸ ਭਾਸ਼ਣ ਵਿੱਚ ਉਠਾਏ ਨੁਕਤਿਆਂ ਦਾ ਕਿਸੇ ਵੀ ਭਾਜਪਾਈ ਆਗੂ ਪਾਸ ਕੋਈ ਜਵਾਬ ਨਹੀਂ ਸੀ, ਇਸੇ ਲਈ ਪ੍ਰਧਾਨ ਮੰਤਰੀ ਨੇ ਉਸ ਦੇ ਇਸ ਭਾਸ਼ਣ ਸੰਬੰਧੀ ਚੁੱਪ ਵੱਟਣੀ ਹੀ ਬਿਹਤਰ ਸਮਝੀ। ਮਹੂਆ ਨੇ ਆਪਣੀ ਗੱਲ ਕਹਿ ਦਿੱਤੀ ਹੈ, ਹੁਣ ਜਾਗਰੂਕ ਦੇਸ਼ਵਾਸੀਆਂ ਦਾ ਫ਼ਰਜ਼ ਹੈ ਕਿ ਉਹ ਇਸ ਫ਼ਾਸ਼ੀਵਾਦੀ ਖ਼ਤਰੇ ਵਿਰੁੱਧ ਲੜਨ ਲਈ ਮੈਦਾਨ ਵਿੱਚ ਆਉਣ।

865 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper