Latest News
ਸਮੇਂ ਦੇ ਪ੍ਰਭਾਵ ਬਾਅਦ ਉਹੀ ਸ਼ਖਸੀਅਤਾਂ ਬਚਦੀਆਂ ਨੇ, ਜਿਨ੍ਹਾਂ ਦੀ ਲਿਖਤ 'ਚ ਕੋਈ ਜਜ਼ਬਾ ਹੁੰਦੈ : ਬਲਬੀਰ ਪਰਵਾਨਾ

Published on 28 Jun, 2019 10:08 AM.

ਮੋਗਾ (ਅਮਰਜੀਤ ਬੱਬਰੀ)
ਉੱਘੇ ਨਾਵਲਕਾਰ ਜਸਵੰਤ ਸਿੰਘ ਕੰਵਲ ਢੁੱਡੀਕੇ ਦੀ ਜਨਮ ਸ਼ਤਾਬਦੀ ਦੇ ਪੰਜਾਬੀ ਜੋੜ ਮੇਲੇ ਦੇ ਤੀਸਰੇ ਦਿਨ ਜਸਵੰਤ ਕੰਵਲ ਦੇ ਨਾਵਲ ਪੂਰਨਮਾਸ਼ੀ 'ਤੇ 'ਪੂਰਨਮਾਸ਼ੀ ਵਾਰਤਾ' ਕਰਵਾਈ ਗਈ।ਇਸ ਮੌਕੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਡਾਕਟਰ ਸਵਰਾਜਬੀਰ ਨੇ ਕਿਹਾ ਕਿ ਇਹ ਸਾਡੇ ਪੁਰਾਣੇ ਪੇਂਡੂ ਸਮਾਜ ਦੀ ਤਸਵੀਰ ਪੇਸ਼ ਕਰਦਾ ਹੈ। ਉਨ੍ਹਾ ਕਿਹਾ ਕਿ ਪੂਰਨਮਾਸ਼ੀ ਪੰਜਾਬ ਦੀ ਤਪਦੀ ਹੋਈ ਜ਼ਿੰਦਗੀ ਤੇ ਜ਼ਿੰਦਗੀ ਨੂੰ ਮਾਨਣ ਦੀ ਤਾਂਘ ਹੈ। ਨਾਵਲ ਪੜ੍ਹਨਾ ਬਹੁਤ ਜ਼ਰੂਰੀ ਹੈ, ਜੋ ਸਾਡੇ ਸਮਾਜ ਨੂੰ ਚੰਗੀ ਸੇਧ ਦੇ ਸਕਦੇ ਹਨ। ਨਾਥ ਜੋਗੀਆਂ ਦੀਆਂ ਕਾਵਿ ਟੁਕੜੀਆਂ ਤੋਂ ਪੰਜਾਬੀ ਕਵਿਤਾ ਸ਼ੁਰੂ ਹੋਈ। ਜਸਪਾਲ ਸਿੰਘ ਨੇ ਟਿੱਪਣੀ ਕਰਦੇ ਹੋਏ ਕਿਹਾ ਕਿ ਕਿਤਾਬ ਉਹੀ, ਜੋ ਤੁਹਾਡੀ ਸੋਚ ਨੂੰ ਬਦਲੇ ਤੇ ਚੰਗੀ ਸੋਚ ਦਾ ਧਾਰਨੀ ਬਣਾਵੇ। 'ਨਵਾਂ ਜ਼ਮਾਨਾ' ਦੇ ਸਾਹਿਤ ਸੰਪਾਦਕ ਬਲਬੀਰ ਪਰਵਾਨਾ ਨੇ ਕਿਹਾ ਕਿ ਸਮੇਂ ਦੇ ਪ੍ਰਭਾਵ ਬਾਅਦ ਉਹੀ ਸ਼ਖਸੀਅਤਾਂ ਬਚਦੀਆਂ ਹਨ, ਜਿਨ੍ਹਾਂ ਦੀ ਲਿਖਤ ਵਿੱਚ ਕੋਈ ਜਜ਼ਬਾ ਹੁੰਦਾ ਹੈ, ਬਾਕੀ ਗੁਆਚ ਜਾਂਦੇ ਹਨ। 'ਰਾਤ ਬਾਕੀ ਹੈ' ਵਰਗੀਆਂ ਲਿਖਤਾਂ ਪੜ੍ਹ ਕਿ ਜ਼ਿੰਦਗੀ ਸੇਧੀ ਜਾਂਦੀ ਹੈ। ਪ੍ਰਗਟ ਸਤੌਜ ਨੇ ਕਿਹਾ ਕਿ 'ਪੂਰਨਮਾਸ਼ੀ' ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਨਾਵਲ ਹੈ। ਢੁੱਡੀਕੇ ਦੇ ਹੀ ਆਲੋਚਕ ਮਾਸਟਰ ਹਰੀ ਸਿੰਘ ਨੇ ਕਿਹਾ ਕਿ ਕੰਵਲ ਦਾ ਖਾਣ-ਪੀਣ ਅਤੇ ਲਿਖਣ ਦਾ ਪੱਕਾ ਸਮਾਂ ਹੈ। ਉਹ ਪਿੰਡ ਦੇ ਲੋਕਾਂ ਵਿੱਚ ਘੁਲ-ਮਿਲ ਕਿ ਰਹਿੰਦੇ ਹਨ। ਪ੍ਰੋ. ਲਾਲ ਸਿੰਘ ਨੇ ਕਿਹਾ ਕਿ 'ਪੂਰਨਮਾਸ਼ੀ' ਪੜ੍ਹਨ ਨਾਲ ਮੈਨੂੰ ਲਿਖਣ ਦੀ ਚੇਟਕ ਲੱਗੀ। ਇਸ ਮੌਕੇ ਮਹਿੰਦਰ ਸਾਥੀ ਤੇ ਲਵਰੀਤ ਆਦਿ ਨੇ ਆਪਣੇ ਵਿਚਾਰ ਰੱਖੇ।
ਇਸ ਮੌਕੇ ਗੁਰਦਰਸ਼ਨ ਨੱਤ, ਹਰਬੰਸ ਬੰਗੜ, ਰਣਬੀਰ ਰਾਣਾ, ਪ੍ਰੋ. ਜਸਪਾਲ ਸਿੰਘ, ਜਗਮੋਹਨ ਸਿੰਘ, ਰਮਨਦੀਪ ਕੌਰ ਢੁੱਡੀਕੇ, ਡਾ. ਸੁਰਜੀਤ ਦੌਧਰ, ਸਰਬਜੀਤ ਸਿੰਘ ਢੁੱਡੀਕੇ, ਮਾਸਟਰ ਗੁਰਚਰਨ ਸਿੰਘ ਆਦਿ ਹਾਜ਼ਰ ਸਨ। ਇਸ ਤੋਂ ਪਹਿਲਾਂ ਬੀਤੀ ਸ਼ਾਮ ਲਾਲਾ ਲਾਜਪਤ ਰਾਏ ਸਰਕਾਰੀ ਕਾਲਜ ਦੇ ਆਡੀਟੋਰੀਅਮ ਵਿੱਚ ਡਾ. ਸਵਰਾਜਬੀਰ ਦਾ ਲਿਖਿਆ ਨਾਟਕ 'ਪੁਲਸ ਰਾਜ' ਪ੍ਰਸਿੱਧ ਨਿਰਦੇਸ਼ਕ ਕੇਵਲ ਧਾਲੀਵਾਲ ਅਤੇ ਉਨ੍ਹਾ ਦੀ ਟੀਮ ਵੱਲੋਂ ਖੇਡਿਆ ਗਿਆ, ਜਿਸ ਨੂੰ ਸਰੋਤਿਆਂ ਵੱਲੋਂ ਬੇਹੱਦ ਸਲਾਹਿਆ ਗਿਆ।

268 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper