Latest News
ਮੋਦੀ ਵੱਲੋਂ ਦਹਿਸ਼ਤਗਰਦੀ ਵਿਰੁੱਧ ਵਿਸ਼ਵ ਸੰਮੇਲਨ ਲਈ ਲਾਮਬੰਦੀ

Published on 28 Jun, 2019 10:19 AM.

ਓਸਾਕਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀ-20 ਦੇ ਮੰਚ 'ਤੇ ਬ੍ਰਿਕਸ ਦੇਸ਼ਾਂ (ਬਰਾਜ਼ੀਲ, ਰੂਸ, ਇੰਡੀਆ, ਚੀਨ ਤੇ ਦੱਖਣੀ ਅਫਰੀਕਾ) ਦੀ ਬੈਠਕ ਵਿਚ ਕਿਹਾ ਕਿ ਦੁਨੀਆ ਤਿੰਨ ਗੰਭੀਰ ਸਮੱਸਿਆਵਾਂ ਨਾਲ ਜੂਝ ਰਹੀ ਹੈ। ਇਨ੍ਹਾਂ ਨੂੰ ਬਿਮਾਰੀ ਦੱਸਦਿਆਂ ਮੋਦੀ ਨੇ ਇਨ੍ਹਾਂ ਦੇ ਹੱਲ ਲਈ ਪੰਚਾਰਿਸ਼ਟ ਫਾਰਮੂਲਾ ਵੀ ਸੁਝਾਇਆ। ਉਨ੍ਹਾ ਕਿਹਾ ਕਿ ਬ੍ਰਿਕਸ ਗਰੁੱਪ ਦੇ ਦੇਸ਼ਾਂ ਵਿਚਾਲੇ ਸਹਿਮਤੀ ਨਾਲ ਇਨ੍ਹਾਂ ਸਮੱਸਿਆਵਾਂ ਦਾ ਹੱਲ ਕੱਢਿਆ ਜਾ ਸਕਦਾ ਹੈ। ਮੋਦੀ ਵੱਲੋਂ ਗਿਣਾਈਆਂ ਗਈਆਂ ਸਮੱਸਿਆਵਾਂ ਹਨ-ਪਹਿਲੀ, ਵਿਸ਼ਵ ਵਿਚ ਆਰਥਕ ਮੰਦੀ ਦੇ ਬੇਯਕੀਨੀ ਦਾ ਮਾਹੌਲ। ਦੂਜੀ, ਤੇਜ਼ੀ ਨਾਲ ਹੋ ਰਹੇ ਜਲਵਾਯੂ ਪਰਿਵਰਤਣ ਤੋਂ ਲੈ ਕੇ ਤਕਨੀਕੀ ਬਦਲਾਵਾਂ ਵਿਚ ਵਿਕਾਸ ਨੂੰ ਸਮਾਵੇਸ਼ੀ ਤੇ ਹੰਢਣਸਾਰ ਬਣਾਉਣ ਦੀ ਚੁਣੌਤੀ। ਤੀਜੀ, ਦਹਿਸ਼ਤਗਰਦੀ ਨਾਲ ਨਿਬੜਨ ਦੀ ਚੁਣੌਤੀ। ਉਨ੍ਹਾ ਦਾ ਪੰਚਾਰਿਸ਼ਟ ਫਾਰਮੂਲਾ ਹੈ-ਬਹੁਪੱਖੀ ਸੰਸਥਾਵਾਂ ਵਿਚ ਜ਼ਰੂਰੀ ਸੁਧਾਰ। ਨਿਰੰਤਰ ਆਰਥਕ ਵਿਕਾਸ ਲਈ ਜ਼ਰੂਰੀ ਊਰਜਾ ਦੇ ਵਸੀਲਿਆਂ ਜਿਵੇਂ ਤੇਲ ਤੇ ਗੈਸ ਦੀ ਘੱਟ ਕੀਮਤਾਂ 'ਤੇ ਨਿਰੰਤਰ ਸਪਲਾਈ। ਆਫਤਾਂ ਤੋਂ ਬਚਾਅ ਵਾਲੇ ਨਿਰਮਾਣ ਤੇ ਮੈਨੇਜਮੈਂਟ ਵਿਚ ਸਹਿਯੋਗ। ਕੁਸ਼ਲ ਕਾਰੀਗਰਾਂ ਤੇ ਪੇਸ਼ੇਵਰਾਂ ਦੀ ਆਮਦੋ-ਰਫਤ ਅਸਾਨ ਬਣਾਉਣਾ ਅਤੇ ਦਹਿਸ਼ਤਗਰਦੀ 'ਤੇ ਵਿਸ਼ਵ ਸੰਮੇਲਨ, ਜਿਸ ਦੀ ਮੇਜ਼ਬਾਨੀ ਕਰਨ ਲਈ ਭਾਰਤ ਤਿਆਰ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਸਵੇਰੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੋਵਾਂ ਆਗੂਆਂ ਨੇ ਈਰਾਨ, ਰੱਖਿਆ ਤੇ ਦੁਵੱਲੇ ਸੰਬੰਧਾਂ 'ਤੇ ਗੱਲਬਾਤ ਕੀਤੀ। ਭਾਰਤ ਵੱਲੋਂ ਰੂਸ ਤੋਂ ਖਰੀਦੇ ਜਾ ਰਹੇ ਐੱਸ-400 ਮਿਜ਼ਾਈਲ ਸਿਸਟਮ ਬਾਰੇ ਚਰਚਾ ਨਹੀਂ ਹੋਈ।
ਵਿਦੇਸ਼ ਸਕੱਤਰ ਵਿਜੇ ਗੋਖਲੇ ਨੇ ਪੁਸ਼ਟੀ ਕੀਤੀ ਕਿ ਐੱਸ-400 ਮਿਜ਼ਾਈਲਾਂ ਬਾਰੇ ਕੋਈ ਗੱਲ ਨਹੀਂ ਹੋਈ। ਦੋਨੋਂ ਆਗੂ ਵਪਾਰ ਨਾਲ ਸੰਬੰਧਤ ਵਿਵਾਦਾਂ ਨੂੰ ਹੱਲ ਕਰਨ ਲਈ ਛੇਤੀ ਹੀ ਬੈਠਕ ਕਰਨਗੇ। ਕੁਝ ਦਿਨ ਪਹਿਲਾਂ ਭਾਰਤ ਦਾ ਦੌਰਾ ਕਰਕੇ ਗਏ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਕਿਹਾ ਸੀ ਕਿ ਭਾਰਤ ਨੂੰ ਐੱਸ-400 ਮਿਜ਼ਾਈਲਾਂ ਦੇ ਬਦਲ ਦੀ ਤਲਾਸ਼ ਕਰਨੀ ਚਾਹੀਦੀ ਹੈ। ਅਮਰੀਕਾ ਇਸ ਸੌਦੇ ਦੇ ਖਿਲਾਫ ਹੈ।
ਟਰੰਪ ਨੇ ਲੋਕ ਸਭਾ ਚੋਣਾਂ ਵਿਚ ਜਿੱਤ ਲਈ ਮੋਦੀ ਨੂੰ ਵਧਾਈ ਦਿੱਤੀ। ਉਨ੍ਹਾ ਕਿਹਾ ਕਿ ਤੁਸੀਂ ਸ਼ਾਨਦਾਰ ਕੰਮ ਕਰ ਰਹੇ ਹੋ। ਉਨ੍ਹਾ ਨੂੰ ਯਾਦ ਹੈ ਕਿ ਜਦੋਂ ਤੁਸੀਂ ਪਿਛਲੀ ਵਾਰ ਜਿੱਤੇ ਸੀ ਤਾਂ ਕਈ ਪਾਰਟੀਆਂ ਆਪਸ ਵਿਚ ਲੜ ਰਹੀਆਂ ਸਨ। ਇਸ ਵਾਰ ਉਹ ਇਕੱਠੀਆਂ ਹੋ ਗਈਆਂ। ਇਹ ਤੁਹਾਡੀ ਅਦਭੁੱਤ ਸਮੱਰਥਾ ਦਾ ਨਮੂਨਾ ਹੈ। ਭਾਰਤ-ਅਮਰੀਕਾ ਗੱਲਬਾਤ ਤੋਂ ਬਾਅਦ ਜਾਪਾਨ ਦੇ ਪ੍ਰਧਾਨ ਮੰਤਰੀ ਵੀ ਗੱਲਬਾਤ 'ਚ ਸ਼ਾਮਲ ਹੋ ਗਏ। ਮੋਦੀ ਨੇ ਇਸ ਤਿੰਨ ਧਿਰੀ ਗੱਲਬਾਤ ਨੂੰ ਜੈ (ਜੇ ਏ ਆਈ ਯਾਨੀ ਕਿ ਜਾਪਾਨ, ਅਮਰੀਕਾ ਤੇ ਇੰਡੀਆ) ਦਾ ਨਾਂਅ ਦਿੱਤਾ। ਉਨ੍ਹਾ ਕਿਹਾ ਕਿ ਜੈ ਦਾ ਮਤਲਬ ਜਿੱਤ ਹੁੰਦਾ ਹੈ।

198 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper