Latest News
ਜੇਲ੍ਹ ਮੰਤਰੀ ਦੇ ਖਿਲਾਫ਼ ਮੁਜ਼ਾਹਰਾ

Published on 28 Jun, 2019 10:21 AM.

ਲੁਧਿਆਣਾ (ਉੱਤਮ ਕੁਮਾਰ ਰਾਠੌਰ, ਐੱਮ ਐੱਸ ਭਾਟੀਆ, ਰੈਕਟਰ ਕਥੂਰੀਆ)
ਲੁਧਿਆਣਾ ਦੀ ਕੇਂਦਰੀ ਜੇਲ੍ਹ 'ਚ ਬੀਤੇ ਦਿਨੀਂ ਹੋਈ ਖੂਨੀ ਝੜਪ ਦੇ ਮਾਮਲੇ 'ਚ ਸ਼ੁੱਕਰਵਾਰ ਨੂੰ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਸਿਵਲ ਹਸਪਤਾਲ ਪਹੁੰਚੇ ਅਤੇ ਅਧਿਕਾਰੀਆਂ ਤੋਂ ਘਟਨਾ ਸੰਬੰਧੀ ਪੂਰੀ ਪੁੱਛਗਿੱਛ ਕੀਤੀ। ਇਸ ਮੌਕੇ ਲੋਕਾਂ ਨੇ ਜ਼ੋਰਦਾਰ ਪ੍ਰਦਰਸ਼ਨ ਕਰਕੇ ਜੇਲ੍ਹ ਅਧਿਕਾਰੀਆਂ ਖਿਲਾਫ ਮਾਮਲਾ ਦਰਜ ਕਰਨ ਦੀ ਮੰਗ ਕੀਤੀ। ਇਸ ਦੌਰਾਨ ਸਿਵਲ ਹਸਪਤਾਲ 'ਚ ਹਾਲਾਤ ਤਣਾਅਪੂਰਨ ਬਣੇ ਰਹੇ। ਬੀਤੇ ਦਿਨੀਂ ਕੇਂਦਰੀ ਜੇਲ੍ਹ 'ਚ ਖੂਨੀ ਝੜਪ ਦੌਰਾਨ ਕਈ ਕੈਦੀ ਤੇ ਪੁਲਸ ਮੁਲਾਜ਼ਮ ਜ਼ਖਮੀ ਹੋ ਗਏ ਸਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਾਇਆ ਗਿਆ ਸੀ।
ਜਿੱਥੇ ਇਕ ਪਾਸੇ ਬੁੱਧਵਾਰ ਨੂੰ ਜੇਲ੍ਹ 'ਚ ਕੈਦੀਆਂ ਅਤੇ ਹਵਾਲਾਤੀਆਂ ਨੇ ਸਰੇਆਮ ਮੋਬਾਇਲ ਚਲਾ ਕੇ ਵੀਡੀਓ ਬਣਾ ਕੇ ਜੇਲ੍ਹ ਪ੍ਰਸ਼ਾਸਨ 'ਤੇ ਪ੍ਰਸ਼ਨ ਚਿੰਨ੍ਹ ਲਾ ਦਿੱਤਾ ਹੈ, ਉੱਥੇ ਦੂਜੇ ਪਾਸੇ ਜੇਕਰ ਜੇਲ੍ਹ ਪ੍ਰਸ਼ਾਸਨ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ ਪਤਾ ਲੱਗਾ ਹੈ ਕਿ ਸਾਲ 2019 ਦੇ ਪਹਿਲੇ 6 ਮਹੀਨਿਆਂ 'ਚ ਪੁਲਸ ਵੱਲੋਂ ਜੇਲ ਤੋਂ ਮੋਬਾਇਲ ਬਰਾਮਦ ਹੋਣ 'ਤੇ ਸਿਰਫ 19 ਐੱਫ ਆਈ ਆਰ ਦਰਜ ਕੀਤੀਆਂ ਗਈਆਂ ਹਨ।
ਪੁਲਸ ਮੁਤਾਬਕ 30 ਵਿਅਕਤੀਆਂ ਨੂੰ ਫੜਿਆ ਜਾ ਚੁੱਕਾ ਹੈ, ਜਿਨ੍ਹਾਂ ਕੋਲੋਂ 60 ਮੋਬਾਇਲ ਬਰਾਮਦ ਹੋਏ ਹਨ। ਪੁਲਸ ਮੁਤਾਬਕ ਸਾਰਿਆਂ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਗਈ, ਜਦੋਂ ਕਿ ਦੂਜੇ ਪਾਸੇ ਲੁਧਿਆਣਾ ਜੇਲ੍ਹ ਦੀ ਘਟਨਾ ਨੂੰ ਦੇਖ ਕੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਜੇਲ੍ਹ 'ਚ ਮੌਜੂਦ ਹਰ ਵਿਅਕਤੀ ਕੋਲ ਸਮਾਰਟ ਫੋਨ ਹੈ ਅਤੇ ਉਹ ਆਰਾਮ ਨਾਲ ਇੰਟਰਨੈੱਟ ਰਾਹੀਂ ਆਪਣਾ ਕੰਮ ਚਲਾ ਰਹੇ ਹਨ।
ਰੰਧਾਵਾ ਨੇ ਸਵੇਰੇ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਨਾਲ ਲੈ ਕੇ ਕੇਂਦਰੀ ਜੇਲ੍ਹ ਲੁਧਿਆਣਾ ਦਾ ਦੌਰਾ ਕੀਤਾ, ਜਿੱਥੇ ਕੱਲ੍ਹ ਹਿੰਸਾ ਵਾਪਰੀ ਸੀ। ਰੰਧਾਵਾ ਨੇ ਜੇਲ੍ਹ ਦਾ ਦੌਰਾ ਕਰਦਿਆਂ ਉਚ ਸੁਰੱਖਿਆ ਜ਼ੋਨ ਤੇ ਸਾਰੀਆਂ ਬੈਰਕਾਂ ਤੋਂ ਇਲਾਵਾ ਉਨ੍ਹਾਂ ਸਾਰੀਆਂ ਥਾਵਾਂ ਦਾ ਨਿਰੀਖਣ ਕੀਤਾ, ਜਿੱਥੇ ਨੁਕਸਾਨ ਪਹੁੰਚਾਇਆ ਗਿਆ ਸੀ। ਡੀ ਜੀ ਪੀ (ਜੇਲ੍ਹਾਂ) ਰੋਹਿਤ ਚੌਧਰੀ ਨੇ ਜੇਲ੍ਹ ਮੰਤਰੀ ਨੂੰ ਪੂਰੇ ਘਟਨਾਕ੍ਰਮ ਦਾ ਪਿਛੋਕੜ ਦੱਸਦਿਆਂ ਕਿਹਾ ਕਿ ਇਸ ਪਿੱਛੇ ਕੁਝ ਗੈਂਗਸਟਰਾਂ ਵੱਲੋਂ ਸਾਜ਼ਿਸ਼ ਘੜੀ ਗਈ, ਜਿਹੜੇ ਜੇਲ੍ਹ ਪ੍ਰਸ਼ਾਸਨ ਤੋਂ ਇਸ ਗੱਲੋਂ ਔਖੇ ਸਨ ਕਿ ਉਨ੍ਹਾਂ ਨੂੰ ਉੱਚ ਸੁਰੱਖਿਆ ਜ਼ੋਨ ਤੋਂ ਬਾਹਰ ਆਉਣ ਦੀ ਆਗਿਆ ਨਹੀਂ ਦਿੱਤੀ ਜਾ ਰਹੀ। ਇਸ ਤੋਂ ਇਲਾਵਾ ਇਨ੍ਹਾਂ ਨੂੰ ਜੇਲ੍ਹ ਅੰਦਰ ਪਾਬੰਦੀਸ਼ੁਦਾ ਚੀਜ਼ਾਂ ਲਿਜਾਣ ਤੋਂ ਰੋਕਿਆ ਜਾਂਦਾ ਹੈ। ਸ੍ਰੀ ਰੰਧਾਵਾ ਜੇਲ੍ਹ ਅਧਿਕਾਰੀਆਂ ਨੂੰ ਵੀ ਮਿਲੇ, ਜਿਨ੍ਹਾਂ ਕੱਲ੍ਹ ਦਲੇਰੀ ਤੇ ਹਿੰਮਤ ਨਾਲ ਬੇਕਾਬੂ ਹੋਏ ਕੈਦੀਆਂ ਨੂੰ ਨੱਥ ਪਾਉਣ ਵਿੱਚ ਅਹਿਮ ਰੋਲ ਨਿਭਾਇਆ। ਜੇਲ੍ਹ ਮੰਤਰੀ ਨੇ ਇਨ੍ਹਾਂ ਨੂੰ ਪ੍ਰਤੀ ਅਧਿਕਾਰੀ/ਕਰਮਚਾਰੀ 5,000 ਰੁਪਏ ਪ੍ਰੋਤਸਾਹਨ ਵਜੋਂ ਦੇਣ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਇਨ੍ਹਾਂ ਨੂੰ ਪ੍ਰਸੰਸਾ ਪੱਤਰ ਦੇ ਨਾਲ-ਨਾਲ ਉਨ੍ਹਾਂ ਦੀ ਪਦਉਨਤੀ ਕਰਨ ਦਾ ਐਲਾਨ ਕੀਤਾ। ਜੇਲ੍ਹ ਮੰਤਰੀ ਨੇ ਉਨ੍ਹਾਂ ਕੈਦੀਆਂ ਦੀ ਵੀ ਪ੍ਰਸੰਸਾ ਕੀਤੀ, ਜਿਨ੍ਹਾਂ ਸਥਿਤੀ ਨੂੰ ਕੰਟੋਰਲ ਕਰਨ ਲਈ ਜੇਲ੍ਹ ਅਧਿਕਾਰੀਆਂ ਦੀ ਮਦਦ ਕੀਤੀ। ਇਨ੍ਹਾਂ ਕੈਦੀਆਂ ਨੂੰ ਵਿਸ਼ੇਸ਼ ਰਿਆਇਤਾਂ ਦਿੱਤੀਆਂ ਜਾਣਗੀਆਂ।
ਜੇਲ੍ਹ ਮੰਤਰੀ ਨੇ ਇਸ ਦੌਰੇ ਮੌਕੇ ਮਹਿਸੂਸ ਕੀਤਾ ਕਿ ਭੀੜ ਨੂੰ ਕਾਬੂ ਵਿੱਚ ਲਿਆਉਣ ਲਈ ਅੱਥਰੂ ਗੈਸ ਨੇ ਅਹਿਮ ਰੋਲ ਨਿਭਾਇਆ, ਜਿਸ ਕਾਰਨ ਉਨ੍ਹਾਂ ਮੌਕੇ 'ਤੇ ਹੀ ਡੀ.ਜੀ.ਪੀ. ਨਾਲ ਗੱਲ ਕਰਦਿਆਂ ਜੇਲ੍ਹ ਵਿਭਾਗ ਨੂੰ ਅੱਥਰੂ ਗੈਸ ਅਤੇ ਰਬੜ ਦੀਆਂ ਗੋਲੀਆਂ ਮੁਹੱਈਆ ਕਰਨ ਲਈ ਕਿਹਾ, ਤਾਂ ਜੋ ਭਵਿੱਖ ਵਿੱਚ ਅਜਿਹੀ ਕਿਸੇ ਵੀ ਅਣਸੁਖਾਵੀਂ ਘਟਨਾ ਨਾਲ ਨਜਿੱਠਿਆ ਜਾ ਸਕੇ। ਉਹਨਾ ਕੇਂਦਰੀ ਜੇਲ੍ਹ ਦੇ ਅਧਿਕਾਰੀਆਂ ਵੱਲੋਂ ਸਥਾਨਕ ਪੁਲਸ ਤੇ ਪ੍ਰਸ਼ਾਸਨ ਨਾਲ ਮਿਲ ਕੇ ਸਥਿਤੀ ਨੂੰ ਕੰਟੋਰਲ ਕਰਨ 'ਚ ਨਿਭਾਈ ਭੂਮਿਕਾ ਉਤੇ ਵੀ ਤਸੱਲੀ ਪ੍ਰਗਟਾਈ।
ਇਸ ਮੌਕੇ ਪ੍ਰਮੁੱਖ ਸਕੱਤਰ (ਜੇਲ੍ਹਾਂ) ਹੁਸਨ ਲਾਲ, ਆਰ ਕੇ ਅਰੋੜਾ ਡੀ ਆਈ ਜੀ. (ਜੇਲ੍ਹਾਂ), ਐੱਸ ਅੱੈਸ ਸੈਣੀ, ਐੱਲ ਐੱਸ ਜਾਖੜ, ਲੁਧਿਆਣਾ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਅੱਗਰਵਾਲ ਸਣੇ ਜੇਲ੍ਹ, ਪੁਲਸ ਅਤੇ ਸਥਾਨਕ ਪ੍ਰਸ਼ਾਸਨ ਦੇ ਅਧਿਕਾਰੀ ਹਾਜ਼ਰ ਸਨ।

342 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper