Latest News
'ਲਹੂ ਦੀ ਲੋ' ਨਾਵਲ 'ਚ ਇਨਸਾਨ ਦੇ ਸਾਰੇ ਰੂਪ ਛੁਪੇ : ਜਤਿੰਦਰ ਪਨੂੰੰ

Published on 29 Jun, 2019 11:17 AM.


ਮੋਗਾ (ਅਮਰਜੀਤ ਬੱਬਰੀ)
ਉੱਘੇ ਨਾਵਲਕਾਰ ਜਸਵੰਤ ਸਿੰਘ ਕੰਵਲ ਢੁੱਡੀਕੇ ਦੇ ਜਨਮ ਸ਼ਤਾਬਦੀ ਦੇ ਪੰਜਾਬੀ ਜੋੜ ਮੇਲੇ ਦੇ ਚੌਥੇ ਦਿਨ ਜਸਵੰਤ ਕੰਵਲ ਦੇ ਨਾਵਲਾ 'ਤੇ ਵਿਚਾਰ-ਚਰਚਾ ਸਰਕਾਰੀ ਕਾਲਜ ਢੁਡੀਕੇ ਵਿਖੇ ਕਰਵਾਈ ਗਈ, ਜਿਸ ਦੇ ਆਰੰਭ ਵਿਚ ਸੁਮੇਲ ਨੇ ਕਿਹਾ ਕਿ ਕੰਵਲ ਹੁਣ 101 ਸਾਲ ਦੇ ਹੋ ਗਏ ਹਨ ਅਤੇ ਉਹ ਹੱਡੀਆਂ ਮਾਸ ਦਾ ਪੁਤਲਾ ਨਹੀਂ, ਉਹ ਸਦਾ ਬਲਦਾ ਚਿਰਾਗ ਰਿਹਾ ਹੈ, ਜੋ ਸਿੰਜ ਕੇ ਨਵੀਆਂ ਪੀੜ੍ਹੀਆਂ ਤੱਕ ਪਹੁੰਚਿਆ ਹੈ।ਹੁਣ ਤੱਕ ਦੀਆਂ ਵਿਚਾਰ ਗੋਸਟੀਆਂ ਅਰਥਪੂਰਨ ਅਤੇ ਉਤੇਜਨਾਪੂਰਵਕ ਰਹੀਆਂ ਹਨ। ਸੁਖਦੇਵ ਸਿੰਘ ਸੋਹਲ ਨੇ 'ਹਾਣੀ' ਨਾਵਲ 'ਤੇ ਵਿਚਾਰ-ਚਰਚਾ ਕਰਦਿਆਂ ਕਿਹਾ ਕਿ ਇਹ ਨਾਵਲ ਮੱਧ ਵਰਗੀ ਸ਼ਹਿਰੀ ਪਾਠਕਾਂ ਤੋਂ ਹਟ ਕੇ ਗੈਰ-ਜ਼ਮੀਨੇ ਲੋਕਾਂ ਦੀ ਹਾਲਤ ਚਿਤਰਦਾ ਹੈ।'ਹਾਣੀ' ਨਾਵਲ ਵਿੱਚ ਜ਼ਿੰਮੀਦਾਰ, ਸ਼ਾਹੂਕਾਰ ਦਾ ਖਾਸਾ ਉੱਘੜ ਕੇ ਸਾਹਮਣੇ ਆਉਂਦਾ ਹੈ।ਜਗਤਾਰ ਸਿੰਘ ਨੇ 'ਇਕ ਹੈਲਨ ਹੋਰ' 'ਤੇ ਵਿਚਾਰ ਪ੍ਰਗਟਾਉਂਦਿਆਂ ਕਿਹਾ ਕਿ ਇਸ ਵਿਚ ਯੂਰਪ ਦੀ ਕਹਾਣੀ ਬਹੁਤ ਹੀ ਢੁੱਕਵੇਂ ਢੰਗ ਨਾਲ ਪੇਸ਼ ਕੀਤੀ ਹੈ।ਕਿਸੇ ਲੇਖਕ ਦੀ ਛੋਟੀ ਜਿਹੀ ਗੱਲ ਤੁਹਾਡਾ ਜੀਵਨ ਬਦਲ ਦਿੰਦੀ ਹੈ। ਕਾਮਰੇਡ ਕਸ਼ਮੀਰ ਨੇ ਆਲੋਚਨਾ ਕਰਦਿਆਂ ਕਿਹਾ ਕਿ ਕਲਾ ਸਮਾਜਿਕ ਚੇਤਨਾ ਦਾ ਰੂਪ ਹੁੰਦਾ ਹੈ, ਜਿਸ ਨੂੰ ਕੰਵਲ ਨੇ ਬਾਖੂਬੀ ਪੇਸ਼ ਕੀਤਾ ਹੈ।ਅਜਮੇਰ ਸਿੱਧੂ ਨੇ ਕਿਹਾ ਕਿ ਕੰਵਲ ਦੇ ਸਾਰੇ ਨਾਵਲ ਜਿਵੇਂ ਪੰਜਾਬ ਦਾ ਹੋਕਾ ਲਾ ਰਹੇ ਹਨ। ਉਨ੍ਹਾ ਨਾਵਲ 'ਲਹੂ ਦੀ ਲੋ' ਉਤੇ ਆਪਣੇ ਵਿਚਾਰ ਪ੍ਰਗਟ ਕੀਤੇ। ਸਾਬਕਾ ਸਪੀਕਰ ਬੀਰ ਦਵਿੰਦਰ ਸਿੰਘ ਨੇ ਬੜੇ ਭਾਵਪੂਰਨ ਭਾਸ਼ਣ ਵਿਚ ਕਿਹਾ ਕਿ ਕੰਵਲ ਕੇਵਲ ਦਰਸ਼ਨੀ ਹੀ ਨਹੀਂ, ਸਗੋਂ ਦਾਰਸ਼ਨਿਕ ਵੀ ਹੈ। ਉਨ੍ਹਾ ਆਪਣੇ ਨਾਵਲਾਂ ਰਾਹੀਂ ਲੋਕ ਸੰਘਰਸ਼ਾਂ ਨੂੰ ਸੇਧ ਦਿੱਤੀ ਹੈ।ਇਤਿਹਾਸਕ ਘਟਨਾਵਾਂ ਨੂੰ ਵਿਸਥਾਰਪੂਰਵਕ ਬਿਆਨਿਆ ਹੈ।ਡਾ. ਜਸਵਿੰਦਰ ਸ਼ਰਮਾ ਨੇ ਕਿਹਾ ਕਿ ਜਿੰਨਾਂ ਚਿਰ ਲਹੂ ਹੈ, ਓਨਾ ਚਿਰ ਲਹੂ ਦੀ ਲੋ ਦੀ ਲੋੜ ਬਣੀ ਰਹੇਗੀ।ਇਸ ਮੌਕੇ ਲਹੂ ਦੀ ਲੋ ਨਾਵਲ ਬਾਰੇ ਬੋਲਦਿਆਂ 'ਨਵਾਂ ਜ਼ਮਾਨਾ' ਦੇ ਸੰਪਾਦਕ ਜਤਿੰਦਰ ਪਨੂੰ ਨੇ ਕਿਹਾ ਕਿ 'ਲਹੂ ਦੀ ਲੋ' ਨਾਵਲ ਵਿਚ ਇਨਸਾਨ ਦੇ ਸਾਰੇ ਰੂਪ ਛੁਪੇ ਹੋਏ ਹਨ।ਉਨ੍ਹਾ ਪੰਜਾਬ ਅਤੇ ਪੰਜਾਬੀਅਤ ਦੇ ਇਤਿਹਾਸ ਬਾਰੇ ਵਿਸਥਾਰ ਨਾਲ ਦੱਸਦਿਆਂ ਕਿਹਾ ਕਿ ਸੱਭਿਆਚਾਰ ਦੀਆਂ ਸੁਗੰਧਾਂ ਸਮੇਂ ਦੇ ਨਾਲ ਪ੍ਰਭਾਵਿਤ ਹੁੰਦੀਆਂ ਹਨ।ਅਜਿਹਾ ਕੁਝ ਹੋਣ ਦੇ ਬਾਵਜੂਦ ਆਓ ਕੁਝ ਅਜਿਹਾ ਕਰੀਏ, ਜਿਸ ਨਾਲ ਜਿਹੜਾ ਪੰਜਾਬ ਸਾਡੇ ਪਿਓ-ਦਾਦਿਆਂ ਨੇ ਸੋਚਿਆ ਸੀ, ਉਹ ਬਣ ਸਕੇ। ਉਨ੍ਹਾ ਕਿਹਾ ਕਿ ਮਨੁੱਖ ਨੂੰ ਆਪਣਾ ਧਿਆਨ ਸਮਾਜਿਕ ਕਾਰਜਾਂ ਵੱਲ ਲਗਾਉਣਾ ਚਾਹੀਦਾ ਹੈ।ਤੁਹਾਡੀ ਧੌਣ ਮਾਣ ਨਾਲ ਉਦੋਂ ਹੀ ਉੱਚੀ ਹੋਵੇਗੀ, ਜਦੋਂ ਤੁਹਾਡਾ ਦੇਸ਼ ਉੱਚਾ ਹੋਵੇਗਾ।ਬਲਜਿੰਦਰ ਨਸਰਾਲੀ ਨੇ 'ਐਨਿਆਂ 'ਚੋਂ ਉਠੂ ਕੋਈ ਸੂਰਮਾ' ਨਾਵਲ ਬਾਰੇ ਵਿਚਾਰ ਕਰਦਿਆਂ ਕਿਹਾ ਕਿ ਜ਼ਮੀਨ ਦੀ ਉਪਜ ਸਭ ਤੋਂ ਵੱਡੀ ਹੈ।ਇਕ ਨਾਵਲ ਪੰਜਾਬ ਦੀਆਂ ਖੱਬੇ-ਪੱਖੀ ਪਾਰਟੀਆਂ ਦੀਆਂ ਕਮਜ਼ੋਰੀਆਂ ਨੂੰ ਸਾਹਮਣੇ ਲੈ ਕੇ ਅਇਆ ਹੈ ਕਿ ਵਿਰੋਧ ਤੋਂ ਬਿਨਾਂ ਵਿਕਾਸ ਸੰਭਵ ਨਹੀਂ ਹੈ। ਜਦੋਂ ਇਕ ਵਿਚਾਰਧਾਰਾ ਨੂੰ ਕੋਈ ਕੱਟੜ ਤੌਰ 'ਤੇ ਅਪਣਾ ਲੈਂਦਾ ਹੈ ਤਾਂ ਉਹ ਦੂਜਿਆਂ ਨੂੰ ਕੀੜੀਆਂ ਸਮਝਣ ਲੱਗ ਜਾਂਦੈ। ਉਨ੍ਹਾ ਕਿਹਾ ਕਿ ਕਾਰਪੋਰੇਟੀ ਸਿਸਟਮ ਅਤੇ ਨਿੱਜੀਵਾਦ ਦੀ ਵਿਆਖਿਆ ਲਈ ਸਾਹਿਤ ਪੜ੍ਹਨਾ ਬਹੁਤ ਜ਼ਰੂਰੀ ਹੈ।

361 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper