Latest News
ਅਲਵਰ ਲਿੰਚਿੰਗ ਦੇ ਸ਼ਿਕਾਰ ਪਹਿਲੂ ਤੇ ਪੁੱਤਰਾਂ ਖਿਲਾਫ਼ ਚਾਰਜਸ਼ੀਟ

Published on 29 Jun, 2019 11:23 AM.


ਅਲਵਰ (ਨਵਾਂ ਜ਼ਮਾਨਾ ਸਰਵਿਸ)
ਰਾਜਸਥਾਨ ਸਰਕਾਰ ਨੇ ਪਹਿਲੂ ਖਾਨ ਅਤੇ ਉਸ ਦੇ ਪੁੱਤਰਾਂ ਖਿਲਾਫ਼ ਗੈਰ-ਕਾਨੂੰਨੀ ਤਰੀਕੇ ਨਾਲ ਜਾਨਵਰਾਂ ਨੂੰ ਲੈ ਜਾਣ ਦੇ ਦੋਸ਼ 'ਚ ਚਾਰਜਸ਼ੀਟ ਦਾਖ਼ਲ ਕੀਤੀ ਹੈ। ਪਹਿਲੂ ਖਾਨ ਦੀ ਇੱਕ ਅਪ੍ਰੈਲ 2017 ਨੂੰ ਕੁਝ ਕਥਿਤ ਗਊ ਰਾਖਿਆਂ ਨੇ ਕੁੱਟਮਾਰ ਕੀਤੀ ਸੀ, ਜਿਸ ਤੋਂ 3 ਦਿਨ ਬਾਅਦ ਉਸ ਦੀ ਮੌਤ ਹੋ ਗਈ ਸੀ। ਇਹ ਘਟਨਾ ਉਸ ਸਮੇਂ ਹੋਈ ਸੀ, ਜਦ ਉਹ ਜੈਪੁਰ ਤੋਂ ਜਾਨਵਰ ਖਰੀਦ ਕੇ ਹਰਿਆਣਾ ਦੇ ਨੂੰਹ ਆਪਣੇ ਘਰ ਜਾ ਰਿਹਾ ਸੀ। ਪੁਲਸ ਨੇ ਇਸ ਮਾਮਲੇ 'ਚ ਦੋ ਅੱੈਫ਼ ਆਈ ਆਰ ਦਰਜ ਕੀਤੀਆਂ ਸਨ। ਇੱਕ ਐੱਫ਼ ਆਈ ਆਰ ਪਹਿਲੂ ਖਾਨ ਦੀ ਹੱਤਿਆ ਦੇ ਮਾਮਲੇ 'ਚ 8 ਲੋਕਾਂ ਦੇ ਖਿਲਾਫ਼ ਅਤੇ ਦੂਜੀ ਬਿਨਾਂ ਕਲੈਕਟਰ ਦੀ ਇਜਾਜ਼ਤ ਦੇ ਜਾਨਵਰਾਂ ਨੂੰ ਲੈ ਜਾਣ 'ਤੇ ਪਹਿਲੂ ਅਤੇ ਉਸ ਦੇ ਪਰਵਾਰ ਖਿਲਾਫ਼ ਹੋਈ ਸੀ। ਦੂਜੇ ਮਾਮਲੇ 'ਚ ਪਹਿਲੂ ਖਾਨ ਅਤੇ ਉਸ ਦੇ ਪੁੱਤਰਾਂ ਦੇ ਖਿਲਾਫ਼ ਹੁਣ ਚਾਰਜਸ਼ੀਟ ਦਾਖ਼ਲ ਕੀਤੀ ਗਈ ਹੈ। ਪਹਿਲੂ ਖਾਨ ਦੀ ਮੌਤ ਹੋ ਚੁੱਕੀ ਹੈ, ਇਸ 'ਚ ਉਸ ਦੇ ਖਿਲਾਫ਼ ਤਾਂ ਕੇਸ ਬੰਦ ਹੋ ਜਾਵੇਗਾ, ਪਰ ਉਸ ਦੇ ਪੁੱਤਰਾਂ ਦੇ ਖਿਲਾਫ਼ ਕੇਸ ਚੱਲੇਗਾ। ਚਾਰਜਸ਼ੀਟ ਮੁਤਾਬਿਕ ਪਹਿਲੂ ਖਾਨ ਦੇ ਖਿਲਾਫ਼ ਰਾਜਸਥਾਨ 'ਚ ਗਊ ਹੱਤਿਆ ਅਤੇ ਤਸਕਰੀ ਨੂੰ ਲੈ ਕੇ ਜਾਰੀ ਕਾਨੂੰਨ ਦੇ ਤਹਿਤ ਕਈ ਧਾਰਾਵਾਂ 'ਚ ਮੁਕੱਦਮਾ ਕੀਤਾ ਗਿਆ ਹੈ। ਇਸ ਮਾਮਲੇ 'ਚ ਅੱਠਾਂ ਨੂੰ ਜ਼ਮਾਨਤ ਮਿਲ ਚੁੱਕੀ ਹੈ। ਮ੍ਰਿਤਕ ਪਹਿਲੂ ਖਾਨ ਦੇ ਪੁੱਤਰ ਇਰਸ਼ਾਦ ਨੇ ਅਪ੍ਰੈਲ 2017 'ਚ ਕਿਹਾ ਸੀ ਕਿ 'ਮੈਂ ਆਪਣੇ ਪਿਤਾ ਦੇ ਨਾਲ ਸੀ, ਉਹ ਸਾਰੇ ਇੱਕ ਦੂਜੇ ਨੂੰ ਨਾਂਅ ਲੈ ਕੇ ਬੁਲਾ ਰਹੇ ਸਨ। ਪਹਿਲਾਂ ਇਨ੍ਹਾਂ ਲੋਕਾਂ ਨੇ ਸਾਨੂੰ ਰੋਕਿਆ, ਫਿਰ ਕੁੱਟਣ ਲੱਗੇ, ਅਸੀਂ ਉਨ੍ਹਾਂ ਨੂੰ ਕਾਗਜ਼ ਵੀ ਦਿਖਾਏ ਸਨ (ਤਾਂ ਕਿ ਦੱਸ ਕੇ ਅਸੀਂ ਤਸਕਰ ਨਹੀਂ) ਪਰ ਉਨ੍ਹਾਂ ਲੋਕਾਂ ਨੇ ਕਾਗਜ਼ ਫਾੜ ਦਿੱਤੇ ਅਤੇ ਕੁੱਟਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਮੇਰੇ ਸਾਹਮਣੇ ਪਿਤਾ ਨੂੰ ਮਾਰ ਦਿੱਤਾ, ਹੁਣ ਮੈਂ ਵੀ ਜਿਊਂਦਾ ਨਹੀਂ ਰਹਿਣਾ ਚਾਹੁੰਦਾ।'
ਓਵੈਸੀ ਦਾ ਕਾਂਗਰਸ 'ਤੇ ਹਮਲਾ : ਅਲਵਰ 'ਚ ਪਸ਼ੂਆਂ ਨੂੰ ਲਿਜਾਂਦੇ ਸਮੇਂ 2017 'ਚ ਪਹਿਲੂ ਖਾਨ ਦੀ ਭੀੜ ਨੇ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਸੀ। ਉਸ ਸਮੇਂ ਸੂਬੇ 'ਚ ਭਾਜਪਾ ਸੱਤਾ 'ਚ ਸੀ, ਹੁਣ ਚਾਰਜਸ਼ੀਟ ਕਾਂਗਰਸ ਦੀ ਸਰਕਾਰ 'ਚ ਦਾਖ਼ਲ ਕੀਤੀ ਗਈ ਹੈ। ਇਸ 'ਚ ਏ ਆਈ ਐੱਮ ਆਈ ਐੱਮ ਚੀਫ਼ ਅਸਦੂਦੀਨ ਓਵੈਸੀ ਨੇ ਕਾਂਗਰਸ 'ਤੇ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਸੱਤਾ 'ਚ ਆਉਣ ਤੋਂ ਬਾਅਦ ਕਾਂਗਰਸ ਵੀ ਭਾਜਪਾ ਦੀ ਕਾਪੀ ਬਣ ਗਈ ਹੈ।
ਸ਼ਨੀਵਾਰ ਨੂੰ ਟਵੀਟ ਕਰਕੇ ਓਵੈਸੀ ਨੇ ਕਿਹਾ, 'ਰਾਜਸਥਾਨ ਦੇ ਮੁਸਲਮਾਨਾਂ ਨੂੰ ਇਸ ਗੱਲ ਨੂੰ ਸਮਝਣਾ ਚਾਹੀਦਾ ਕਿ ਸੱਤਾ ਲੈਣ ਤੋਂ ਬਾਅਦ ਕਾਂਗਰਸ ਵੀ ਭਾਜਪਾ ਦੀ ਕਾਪੀ ਬਣ ਗਈ ਹੈ।'
ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਤਰ੍ਹਾਂ ਦੇ ਲੋਕਾਂ ਅਤੇ ਸੰਗਠਨਾਂ ਨੂੰ ਨਕਾਰ ਦੇਣਾ ਚਾਹੀਦਾ ਜੋ ਕਾਂਗਰਸ ਪਾਰਟੀ ਦੇ ਦਲਾਲ ਹਨ।
ਓਵੈਸੀ ਨੇ ਇਹ ਵੀ ਕਿਹਾ ਕਿ ਮੁਸਲਮਾਨਾਂ ਨੂੰ ਆਪਣਾ ਆਜ਼ਾਦ ਰਾਜਨੀਤਿਕ ਪਲੇਟਫਾਰਮ ਤਿਆਰ ਕਰਨਾ ਚਾਹੀਦਾ। 70 ਸਾਲ ਦਾ ਲੰਮਾ ਸਮਾਂ ਬੀਤ ਗਿਆ ਹੈ ਅਤੇ ਹੁਣ ਬਦਲਾਅ ਦਾ ਸਮਾਂ ਆ ਗਿਆ ਹੈ।

267 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper