ਦੁਬਈ : ਸੰਯੁਕਤ ਅਰਬ ਅਮੀਰਾਤ ਦੇ ਪ੍ਰਧਾਨ ਮੰਤਰੀ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਦੀ ਛੇਵੀਂ ਬੀਵੀ ਹਯਾ ਲਾਪਤਾ ਹੋ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਉਹ 271 ਕਰੋੜ ਰੁਪਏ ਵੀ ਨਾਲ ਲੈ ਗਈ ਹੈ। ਦੋਵਾਂ ਵਿਚਾਲੇ ਰਿਸ਼ਤੇ ਠੀਕ ਨਹੀਂ ਚੱਲ ਰਹੇ ਸਨ। ਸ਼ੁਰੂਆਤੀ ਜਾਣਕਾਰੀ ਮੁਤਾਬਕ ਉਹ ਲੰਡਨ ਪੁੱਜ ਗਈ ਹੈ। ਜਾਰਡਨ ਦੇ ਸ਼ਾਹ ਅਬਦੁੱਲਾ ਦੀ ਮਤਰੇਈ ਭੈਣ ਹਯਾ ਆਪਣੇ ਸ਼ੌਹਰ ਤੋਂ ਤਲਾਕ ਲੈਣਾ ਚਾਹੁੰਦੀ ਹੈ ਤੇ ਜਰਮਨੀ ਵਿਚ ਵਸਣਾ ਚਾਹੁੰਦੀ ਹੈ। ਉਸ ਨੇ ਆਪਣੇ ਬੱਚਿਆਂ ਜਾਲੀਆ (11) ਤੇ ਜ਼ਾਇਦ (7) ਨਾਲ ਰਹਿਣ ਲਈ ਜਰਮਨੀ ਵਿਚ ਪਨਾਹ ਮੰਗੀ ਹੈ। ਰਿਪੋਰਟਾਂ ਮੁਤਾਬਕ ਨਵੀਂ ਜ਼ਿੰਦਗੀ ਸ਼ੁਰੂ ਕਰਨ ਲਈ ਉਹ ਆਪਣੇ ਨਾਲ ਚੋਖੇ ਪੈਸੇ ਲੈ ਕੇ ਲਾਪਤਾ ਹੋਈ ਹੈ, ਤਾਂ ਕਿ ਪੈਸਿਆਂ ਲਈ ਸੰਘਰਸ਼ ਨਾ ਕਰਨਾ ਪਵੇ। ਹਯਾ ਨੇ ਇੰਗਲੈਂਡ ਦੀ ਆਕਸਫੋਰਡ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ ਸੀ ਤੇ ਫਿਰ ਸਮਾਜੀ ਕੰਮਾਂ ਵਿਚ ਲੱਗ ਗਈ ਸੀ। ਹਯਾ ਬੀਤੀ ਫਰਵਰੀ ਤੋਂ ਕਿਸੇ ਜਨਤਕ ਸਮਾਗਮ ਵਿਚ ਨਜ਼ਰ ਨਹੀਂ ਆਈ। ਸੋਸ਼ਲ ਮੀਡੀਆ ਵਿਚ ਉਸ ਦੀ ਆਖਰੀ ਤਸਵੀਰ 20 ਮਈ ਨੂੰ ਦੇਖੀ ਗਈ।
ਅਰਬ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਹਯਾ ਨੂੰ ਦੁਬਈ ਵਿਚੋਂ ਨਿਕਲਣ ਵਿਚ ਜਰਮਨੀ ਦੇ ਡਿਪਲੋਮੈਟਾਂ ਨੇ ਮਦਦ ਕੀਤੀ, ਕਿਉਂਕਿ ਏਨੇ ਪੈਸੇ ਤੇ ਦੋ ਬੱਚਿਆਂ ਨਾਲ ਨਿਕਲਣਾ ਅਸਾਨ ਨਹੀਂ ਸੀ। ਹਯਾ ਕਾਰਨ ਜਰਮਨੀ ਤੇ ਸੰਯੁਕਤ ਅਰਬ ਅਮੀਰਾਤ ਵਿਚਾਲੇ ਡਿਪਲੋਮੈਟਿਕ ਸੰਕਟ ਪੈਦਾ ਹੋਣ ਦੇ ਆਸਾਰ ਹਨ। ਹਯਾ ਦੇ ਜਾਣ ਤੋਂ ਬਾਅਦ ਸ਼ਾਹ ਨੇ ਜਰਮਨੀ ਸਰਕਾਰ ਨਾਲ ਫੋਨ 'ਤੇ ਗੱਲਬਾਤ ਕਰਕੇ ਉਸ ਨੂੰ ਵਾਪਸ ਕਰਨ ਦੀ ਮੰਗ ਕੀਤੀ ਹੈ। ਜਰਮਨੀ ਨੇ ਇਸ ਮਾਮਲੇ ਵਿਚ ਕਿਸੇ ਮਦਦ ਤੋਂ ਨਾਂਹ ਕਰ ਦਿੱਤੀ ਹੈ।
ਹਯਾ ਤੋਂ ਪਹਿਲਾਂ ਦੁਬਈ ਦੇ ਸ਼ੇਖ ਦੀ ਧੀ ਸ਼ਹਿਜ਼ਾਦੀ ਲਤੀਫ ਵੀ ਭੱਜ ਗਈ ਸੀ, ਪਰ ਉਸਨੂੰ ਗੋਆ ਕੋਲ ਭਾਰਤੀ ਤੱਟ ਰਖਿਅਕਾਂ ਨੇ ਫੜ ਲਿਆ ਸੀ ਤੇ ਮਾਮੂਲੀ ਕਾਗਜ਼ੀ ਕਾਰਵਾਈ ਕਰਕੇ ਉਸ ਦੇ ਪਿਤਾ ਹਵਾਲੇ ਕਰ ਦਿੱਤਾ ਸੀ।