Latest News
ਕਿਸਾਨ ਆਗੂ ਦਾ ਬੇਰਹਿਮੀ ਨਾਲ ਕਤਲ

Published on 30 Jun, 2019 11:45 AM.


ਮਹਿਲ ਕਲਾਂ (ਪ੍ਰੀਤਮ ਦਰਦੀ/ ਗੁਰਪ੍ਰੀਤ ਅਣਖੀ)
ਜ਼ਿਲ੍ਹਾ ਬਰਨਾਲਾ ਦੇ ਕਸਬਾ ਮਹਿਲ ਕਲਾਂ 'ਚ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਬਲਾਕ ਸੀਨੀਅਰ ਮੀਤ ਪ੍ਰਧਾਨ ਦਾ ਬੀਤੀ ਰਾਤ ਕੁਝ ਵਿਅਕਤੀਆਂ ਵੱਲੋਂ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ 54 ਸਾਲਾ ਕਿਸਾਨ ਬਹਾਦਰ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਮਹਿਲ ਕਲਾਂ ਇੱਥੇ ਪਿਛਲੇ ਲਈ ਸਾਲਾਂ ਤੋਂ ਪੋਲਟਰੀ ਫਾਰਮ, ਸੂਰ ਫ਼ਾਰਮ ਚਲਾ ਰਿਹਾ ਸੀ। ਬੀਤੀ ਰਾਤ ਜਦੋਂ ਉਹ ਫਾਰਮ ਵਿਚ ਸੌਂ ਰਿਹਾ ਸੀ ਤਾਂ ਅੱਧੀ ਰਾਤ ਕੁਝ ਵਿਅਕਤੀਆਂ ਨੇ ਫਾਰਮ 'ਚ ਦਾਖ਼ਲ ਹੋ ਕੇ ਉਸ ਦਾ ਕਤਲ ਕਰ ਦਿੱਤਾ ਗਿਆ। ਕਾਤਲਾਂ ਵੱਲੋਂ ਲੱਕੜ ਦਾ ਬਾਲਾ ਬਹਾਦਰ ਸਿੰਘ ਨੂੰ ਕਤਲ ਕਰਨ ਲਈ ਵਰਤਿਆ ਗਿਆ। ਉਨ੍ਹਾਂ ਬਾਲਾ ਬਹਾਦਰ ਸਿੰਘ ਦੇ ਸਿਰ ਵਿਚ ਮਾਰ-ਮਾਰ ਕੇ ਉਸ ਦਾ ਚਿਹਰਾ ਬੁਰੀ ਤਰ੍ਹਾਂ ਨਾਲ ਬੇਸਿਆਣ ਕਰ ਦਿੱਤਾ। ਮ੍ਰਿਤਕ ਦੀ ਪਤਨੀ ਪਰਮਜੀਤ ਕੌਰ ਨੇ ਦੱਸਿਆ ਕਿ ਉਹ ਜਦੋਂ ਸਵੇਰੇ ਉਸ ਦੀ ਚਾਹ ਫ਼ੜਾਉਣ ਆਈ ਤਾਂ ਉਸ ਨੇ ਗੇਟ ਨਾ ਖੋਲ੍ਹਿਆ। ਉਹਨੇ ਦਰਵਾਜ਼ੇ ਵਿਚਲੀ ਮੋਰੀ ਥਾਣੀ ਦੇਖਿਆ ਤਾਂ ਮੰਜੇ ਉੱਪਰ ਬਹਾਦਰ ਸਿੰਘ ਦੀ ਲਾਸ਼ ਖੂਨ ਨਾਲ ਲੱਥਪੱਥ ਪਈ ਸੀ। ਉਸ ਨੇ ਸਾਰੀ ਘਟਨਾ ਘਰ ਆ ਕੇ ਆਪਣੇ ਪੁੱਤਰਾਂ ਨੂੰ ਦੱਸੀ। ਉਪਰੰਤ ਮ੍ਰਿਤਕ ਦੇ ਲੜਕਿਆਂ ਨੇ ਪੁਲਸ ਥਾਣਾ ਮਹਿਲ ਕਲਾਂ ਵਿਖੇ ਪਹੁੰਚ ਕੇ ਇਤਲਾਹ ਦਿੱਤੀ, ਜਿਸ ਤੋਂ ਬਾਅਦ ਐੱਸ ਪੀ ਸੁਖਦੇਵ ਸਿੰਘ ਵਿਰਕ, ਐੱਸ ਅੱੈਚ ਓ ਮੋਹਰ ਸਿੰਘ, ਐੱਸ ਅੱੈਚ ਓ ਟੱਲੇਵਾਲ ਗੁਰਦੀਪ ਸਿੰਘ, ਅੱੈਚ ਐੱਚ ਓ ਠੁੱਲੀਵਾਲ ਕੰਵਲਜੀਤ ਸਿੰਘ ਨੇ ਪੁਲਸ ਫੋਰਸ ਸਮੇਤ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਨਿਰਭੈ ਸਿੰਘ ਗਿਆਨੀ, ਬਲਾਕ ਪ੍ਰਧਾਨ ਕੁਲਵਿੰਦਰ ਸਿੰਘ ਗਹਿਲ, ਹਰਦੇਵ ਸਿੰਘ ਕਾਕਾ, ਦਰਬਾਰਾ ਸਿੰਘ ਗਹਿਲ ਆਦਿ ਨੇ ਕਿਹਾ ਕਿ ਬਹਾਦਰ ਸਿੰਘ ਦੇ ਕਾਤਲਾਂ ਦਾ ਪਤਾ ਲਗਾ ਕੇ ਉਨ੍ਹਾਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ। ਉਨ੍ਹਾਂ ਕਿਹਾ ਕਿ ਬਹਾਦਰ ਸਿੰਘ ਦੇ ਪਰਵਾਰ ਕੋਲ ਕੋਈ ਜ਼ਮੀਨ ਨਹੀਂ ਸੀ, ਉਹ ਸੂਰ ਅਤੇ ਮੁਰਗੀ ਫਾਰਮ ਚਲਾ ਕੇ ਆਪਣਾ ਅਤੇ ਆਪਣੇ ਪਰਵਾਰ ਦਾ ਗੁਜ਼ਾਰਾ ਚਲਾ ਰਿਹਾ ਸੀ। ਉਨ੍ਹਾਂ ਕਿਹਾ ਕਿ ਜੇਕਰ ਪਰਵਾਰ ਨੂੰ ਇਨਸਾਫ਼ ਨਾ ਮਿਲਿਆ ਤਾਂ ਜਥੇਬੰਦੀ ਸਮੂਹ ਭਰਾਤਰੀ ਜਥੇਬੰਦੀਆਂ ਨੂੰ ਨਾਲ ਲੈ ਕੇ ਸੰਘਰਸ਼ ਵਿੱਢਣ ਲਈ ਮਜਬੂਰ ਹੋਵੇਗੀ। ਐੱਸ ਐੱਸ ਪੀ ਬਰਨਾਲਾ ਹਰਜੀਤ ਸਿੰਘ ਨੇ ਕਿਹਾ ਕਿ ਪੁਲਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਹੀ ਹੈ, ਜਲਦੀ ਹੀ ਕਾਤਲ ਪੁਲਸ ਦੀ ਗ੍ਰਿਫ਼ਤ 'ਚ ਹੋਣਗੇ। ਮਹਿਲ ਕਲਾਂ ਪੁਲਿਸ ਨੇ ਮ੍ਰਿਤਕ ਦੇ ਪੁੱਤਰ ਕਪਤਾਨ ਸਿੰਘ ਦੇ ਬਿਆਨਾਂ 'ਤੇ ਸ਼ੱਕੀ ਦੋ ਵਿਅਕਤੀਆਂ ਜਸਵੰਤ ਸਿੰਘ ਵਾਸੀ ਮਹਿਲ ਕਲਾਂ, ਗੁਰਪ੍ਰੀਤ ਸਿੰਘ ਵਾਸੀ ਮਹਿਲ ਕਲਾਂ ਖ਼ਿਲਾਫ਼ ਮੁਕੱਦਮਾ ਨੰਬਰ 40, ਧਾਰਾ 302, 34 ਆਈ ਪੀ ਸੀ ਤਹਿਤ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।

464 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper