Latest News
ਜਲ੍ਹਿਆਂਵਾਲਾ ਬਾਗ ਦੇ ਸ਼ਹੀਦੀ ਖੂਹ ਦੀ ਅਸਲੀ ਤਸਵੀਰ ਬਰਕਰਾਰ ਰੱਖੀ ਜਾਵੇ : ਮਾੜੀਮੇਘਾ

Published on 02 Jul, 2019 11:26 AM.


ਅੰਮ੍ਰਿਤਸਰ (ਜਸਬੀਰ ਸਿੰਘ)
ਮਹਾਨ ਸ਼ਹੀਦਾਂ ਦੇ ਸਥਾਨ ਜਲ੍ਹਿਆਂਵਾਲਾ ਬਾਗ ਦੇ ਆਧੁਨਿਕੀਕਰਨ ਕਰਨ ਦੀ ਆੜ ਵਿੱਚ ਬਾਗ ਦਾ ਅਸਲੀ ਰੂਪ ਹੀ ਵਿਗਾੜਿਆ ਜਾ ਰਿਹਾ ਹੈ ।ਇਹ ਸਾਰਾ ਕੁਝ ਜਲ੍ਹਿਆਂਵਾਲੇ ਬਾਗ ਦੀ ਸ਼ਤਾਬਦੀ ਨੂੰ ਸਾਹਮਣੇ ਰੱਖ ਕੇ ਕੀਤਾ ਜਾ ਰਿਹਾ ਹੈ। ਅੱਜ ਮੌਕਾ ਵੇਖਣ ਤੋਂ ਬਾਅਦ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਟਰੱਸਟੀ ਪ੍ਰਿਥੀਪਾਲ ਸਿੰਘ ਮਾੜੀਮੇਘਾ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਬਹੁਤ ਹੀ ਹੈਰਾਨੀ ਹੈ ਕਿ ਬਾਗ਼ ਵਿੱਚ ਸਰਕਾਰ ਜੋ ਸ਼ਹੀਦੀ ਖੂਹ ਤੇ ਹੋਰ ਸਥਾਨਾਂ ਦੀ ਮੁਰੰਮਤ ਕਰਵਾ ਰਹੀ ਹੈ, ਉਸ ਨੂੰ ਵੇਖਣ ਦੀ ਪੂਰਨ ਮਨਾਹੀ ਹੈ, ਇੱਥੋਂ ਤੱਕ ਕਿ ਮੀਡੀਆ ਦੇ ਵੀ ਉਥੇ ਜਾਣ 'ਤੇ ਪਾਬੰਦੀ ਹੈ। ਸ਼ਹੀਦੀ ਖੂਹ ਵਾਲੀ ਸਾਈਡ 'ਤੇ ਟੀਨਾਂ ਦੀ ਕੰਧ ਕਰਕੇ ਸਰਕਾਰ ਲੋਕਾਂ ਦੀਆਂ ਨਜ਼ਰਾਂ ਤੋਂ ਓਹਲੇ ਕੰਮ ਕਰ ਰਹੀ ਹੈ। ਉੱਚੀਆਂ ਟੀਨਾਂ ਤੋਂ ਕਿਸੇ ਨੂੰ ਕੁਝ ਵੀ ਨਜ਼ਰ ਨਹੀਂ ਆਉਂਦਾ ਕਿ ਇਧਰ ਕੀ ਹੋ ਰਿਹਾ ਹੈ। ਇੱਕ ਥੰਮ੍ਹ 'ਤੇ ਚੜ੍ਹ ਕੇ ਵੇਖਿਆ ਗਿਆ ਕਿ ਸ਼ਹੀਦੀ ਖੂਹ ਦੀ ਛੱਤ, ਵਾਧਾ ਅਤੇ ਮੌਣ ਢਾਹ ਕੇ ਧਰਤੀ ਨਾਲ ਮਿਲਾ ਦਿੱਤੀ ਗਈ ਹੈ ਅਤੇ ਅੱਗੋਂ ਕੰਮ ਚੱਲ ਰਿਹਾ ਹੈ। ਬਾਗ਼ ਵਿੱਚ ਕੋਈ ਜ਼ਿੰਮੇਵਾਰ ਅਧਿਕਾਰੀ ਵੀ ਨਹੀਂ, ਜਿਸ ਨਾਲ ਗੱਲ ਕੀਤੀ ਜਾ ਸਕੇ।
'ਨਵਾਂÎ ਜ਼ਮਾਨਾ' ਨਾਲ ਗੱਲ ਕਰਦਿਆਂ ਮਾੜੀਮੇਘਾ ਨੇ ਕਿਹਾ ਕਿ ਆਧੁਨਿਕੀਕਰਨ ਦੇ ਨਾਂਅ 'ਤੇ ਪਹਿਲਾਂ ਹੀ ਬਾਗ਼ ਦਾ ਅਸਲੀ ਰੂਪ ਵਿਗੜ ਚੁੱਕਾ ਹੈ, ਜਿਸ ਗਲੀ ਥਾਣੀ ਲੰਘ ਕੇ ਅੰਗਰੇਜ਼ ਹਾਕਮ ਡਾਇਰ ਨੇ ਲੰਘ ਕੇ ਲੋਕਾਂ ਦਾ ਕਤਲੇਆਮ ਕੀਤਾ ਅਤੇ ਹਜ਼ਾਰਾਂ ਲੋਕ ਸ਼ਹੀਦ ਤੇ ਜ਼ਖਮੀ ਹੋਏ ਸਨ, ਉਸ ਗਲੀ ਦੇ ਨਾਲ ਵੀ ਆਈ ਪੀ ਗੈਲਰੀ ਬਣਾ ਦਿੱਤੀ ਹੈ। ਬਾਗ਼ ਦੇ ਅੱਗੋਂ ਦੀ ਦਰਬਾਰ ਸਾਹਿਬ ਨੂੰ ਜਾਂਦੇ ਬਾਜ਼ਾਰ ਵਾਲੀ ਸਾਈਡ ਤੋਂ ਤਾਂ ਬਾਗ ਦਾ ਸਾਰਾ ਹੀ ਅਸਲੀ ਚਿਹਰਾ ਵਿਗਾੜ ਦਿੱਤਾ ਗਿਆ ਹੈ। ਜਦੋਂ ਲਾਈਟ ਐਂਡ ਸਾਊਂਡ ਦਾ ਸਿਸਟਮ ਬਣਾਇਆ ਗਿਆ ਸੀ, ਉਸ ਸਮੇਂ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਤੇ ਨੌਜਵਾਨ/ ਵਿਦਿਆਰਥੀ ਜਥੇਬੰਦੀਆਂ ਨੇ ਕਰੜਾ ਘੋਲ ਲੜਿਆ ਸੀ ਤੇ ਸਰਕਾਰ ਮੰਨ ਗਈ ਸੀ ਕਿ ਨੁਮਾਇੰਦਿਆਂ ਨੂੰ ਮੀਟਿੰਗਾਂ ਵਿੱਚ ਸੱਦਿਆ ਜਾਇਆ ਕਰੇਗਾ, ਪਰ ਉਸ ਤੋਂ ਬਾਅਦ ਕਿਸੇ ਵੀ ਮੀਟਿੰਗ ਵਿੱਚ ਨਹੀਂ ਬੁਲਾਇਆ ਗਿਆ। ਉਹਨਾ ਕਿਹਾ ਕਿ ਬਾਗ ਦੀਆਂ ਕੰਧਾਂ 'ਤੇ ਜੋ ਗੋਲੀਆਂ ਦੇ ਨਿਸ਼ਾਨ ਹਨ, ਉਹ ਵੀ ਸਮੇਂ ਦੀ ਮਾਰ ਨਾਲ ਜ਼ਿਆਦਾ ਤੌਰ 'ਤੇ ਮਿਟ ਗਏ ਹਨ ।ਨਿਸ਼ਾਨਾਂ ਨੂੰ ਸਾਂਭਣ ਵਾਸਤੇ ਪੁਰਾਤੱਤਵ ਵਿਭਾਗ ਕੁਝ ਵੀ ਨਹੀਂ ਕਰ ਰਿਹਾ। ਬਾਗ ਦੇ ਜੋ ਭੀੜੇ ਰਸਤੇ ਬੰਦ ਕਰ ਦਿੱਤੇ ਗਏ ਹਨ ਤੇ ਉੱਥੇ ਕੂੜਾ-ਕਰਕਟ ਪਿਆ ਹੈ। ਇਹ ਭੀੜੀਆਂ ਗਲੀਆਂ ਉਸ ਸਮੇਂ ਦੀ ਗਵਾਹੀ ਭਰਦੀਆਂ ਹਨ ਅਤੇ ਜੋ ਖੂਨੀ ਕਾਂਡ ਵਾਪਰਨ ਵੇਲੇ ਦੀ ਸਹੀ ਤਸਵੀਰ ਪੇਸ਼ ਕਰਦੀਆਂ ਹਨ, ਇਨ੍ਹਾਂ ਗਲੀਆਂ ਨੂੰ ਸਾਫ ਕਰਕੇ ਖੋਲ੍ਹਿਆ ਜਾਵੇ। ਬਾਗ ਨੂੰ ਲਗਾਤਾਰ ਇਸ ਤਰ੍ਹਾਂ ਦਾ ਬਣਾਇਆ ਜਾ ਰਿਹਾ ਹੈ ਕਿ ਜਿਸ ਤਰ੍ਹਾਂ ਇੱਥੇ ਕੋਈ ਬਾਗ਼ ਹੈ ਹੀ ਨਹੀਂ। ਬਾਗ ਸੈਰਗਾਹ ਵਧੇਰੇ ਨਜ਼ਰ ਆਉਂਦਾ ਹੈ। ਜੋ ਘਟਨਾ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਭਾਵ 1919 ਵਿੱਚ ਵਾਪਰੀ ਸੀ, ਉਸ ਦੀ ਸਹੀ ਤਸਵੀਰ ਵੇਖਣ ਵਾਲੇ ਦੇ ਹਿਰਦੇ ਵਿੱਚ ਉਸ ਤਰ੍ਹਾਂ ਉੱਭਰਦੀ ਨਹੀਂ। ਇਹ ਬਹੁਤ ਹੀ ਮੰਦਭਾਗਾ ਫ਼ੈਸਲਾ ਹੈ ਕਿ ਸਰਕਾਰ ਬਾਗ ਅੰਦਰ ਪ੍ਰਵੇਸ਼ ਕਰਨ ਵਾਲਿਆਂ ਤੋਂ ਟਿਕਟ ਵਸੂਲਣ ਜਾ ਰਹੀ ਹੈ, ਜੋ ਬਹੁਤ ਹੀ ਨਿੰਦਣਯੋਗ ਹੈ। ਇਹੋ ਜਿਹਾ ਫੈਸਲਾ ਤੁਰੰਤ ਵਾਪਸ ਲੈਣਾ ਚਾਹੀਦਾ ਹੈ। ਬਾਗ ਅੰਦਰ ਲਾਈਟ ਐਂਡ ਸਾਊਂਡ ਪ੍ਰੋਗਰਾਮ ਅਤੇ ਡਾਕੂਮੈਂਟਰੀ ਫਿਲਮ ਦਿਖਾਈ ਜਾਂਦੀ ਸੀ, ਉਹ ਵੀ ਲੰਮੇ ਸਮੇਂ ਤੋਂ ਬੰਦ ਹੈ। ਚਾਹੀਦਾ ਤਾਂ ਇਹ ਹੈ ਕਿ ਬਾਗ਼ ਦੀਆਂ ਪੁਰਾਣੀਆਂ ਤਸਵੀਰਾਂ ਜੋ ਬਾਗ਼ ਦੀ ਸਹੀ ਨਿਸ਼ਾਨਦੇਹੀ ਪੇਸ਼ ਕਰਦੀਆਂ ਹਨ, ਉਹ ਬਾਗ਼ ਵਿੱਚ ਲਾਈਆਂ ਜਾਣ।

176 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper