Latest News
ਮਹਾਰਾਸ਼ਟਰ : ਭਾਰੀ ਮੀਂਹ ਨਾਲ 33 ਮੌਤਾਂ

Published on 02 Jul, 2019 11:33 AM.


ਮੁੰਬਈ (ਨਵਾਂ ਜ਼ਮਾਨਾ ਸਰਵਿਸ)
ਮਹਾਰਾਸ਼ਟਰ 'ਚ ਪਿਛਲੇ ਕੁਝ ਦਿਨਾਂ ਤੋਂ ਜਾਰੀ ਤੇਜ਼ ਮੀਂਹ ਨਾਲ ਹੁਣ ਤੱਕ 33 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 75 ਤੋਂ ਜ਼ਿਆਦਾ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਹੈ। ਇਸ 'ਚ ਮੁੰਬਈ, ਠਾਣੇ ਅਤੇ ਪੁਣੇ 'ਚ ਕੰਧਾਂ ਡਿੱਗਣ ਨਾਲ ਮਰਨ ਵਾਲਿਆਂ ਦੀ ਗਿਣਤੀ ਵੀ ਸ਼ਾਮਲ ਹੈ। ਸੂਬਾ ਸਰਕਾਰ ਨੇ ਮੰਬਈ 'ਚ ਮੰਗਲਵਾਰ ਨੂੰ ਜਨਤਕ ਛੁੱਟੀ ਦਾ ਐਲਾਨ ਕਰ ਦਿੱਤਾ ਸੀ। ਅਧਿਕਾਰੀਆਂ ਅਨੁਸਾਰ ਮਲਾਡ ਉਪਨਗਰ 'ਚ ਪਿੰਪਰੀਪਾੜਾ ਵਿੱਚ ਇੱਕ ਸਕੂਲ ਦੀ ਕੰਧ ਨਾਲ ਬਣੀਆਂ ਝੌਪੜੀਆਂ 'ਤੇ ਡਿੱਗ ਗਈ, ਜਿਸ ਕਾਰਨ 13 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 19 ਹੋ ਗਈ ਹੈ।
ਰਾਸ਼ਟਰੀ ਆਫਤ ਬਲ (ਐੱਨ ਡੀ ਆਰ ਐੱਫ਼) ਤੇ ਹੋਰ ਏਜੰਸੀਆਂ ਨੇ ਮਲਬੇ 'ਚ ਫਸੇ ਲੋਕਾਂ ਨੂੰ ਕੱਢਣ ਲਈ ਵਿਆਪਕ ਬਚਾਅ ਅਭਿਆਨ ਚਲਾਇਆ। ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਸੂਬਾ ਵਿਧਾਨ ਸਭਾ ਨੂੰ ਦੱਸਿਆ ਕਿ ਮੁੰਬਈ 'ਚ ਸਾਲ 1974 ਤੋਂ ਬਾਅਦ 24 ਘੰਟੇ ਹੋਈ ਸਭ ਤੋਂ ਜ਼ਿਆਦਾ ਬਾਰਿਸ਼ 'ਚ ਲੱਗਭੱਗ 75 ਲੋਕ ਜ਼ਖ਼ਮੀ ਹੋ ਗਏ ਹਨ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਪੁਣੇ ਦੇ ਸਿੰਹਗੜ੍ਹ ਕਾਲਜ ਦੀ ਕੰਧ ਡਿੱਗਣ ਕਾਰਨ ਸੱਤ ਲੋਕਾਂ ਦੀ ਮੌਤ ਹੋ ਗਈ ਸੀ। ਸੋਮਵਾਰ ਰਾਤ ਮਲਾਡ ਉਪਨਗਰ 'ਚ ਮੀਂਹ 'ਚ ਫਸੀ ਇੱਕ ਕਾਰ 'ਚ ਮੰਗਲਵਾਰ ਨੂੰ ਦੋ ਲੋਕ ਮ੍ਰਿਤਕ ਪਾਏ ਗਏ। ਠਾਣੇ ਜ਼ਿਲ੍ਹੇ ਦੇ ਕਲਿਆਣ ਕਸਬੇ 'ਚ ਰਾਸ਼ਟਰੀ ਉਰਦੂ ਕਾਲਜ ਦੀ ਚਾਰਦੀਵਾਰੀ ਡਿੱਗਣ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਜ਼ਖ਼ਮੀ ਹੋ ਗਏ। ਇਸ ਤੋਂ ਇਲਾਵਾ ਜਵਾਹਰ 'ਚ ਦੋ ਲੋਕ ਹੜ੍ਹ ਵਰਗੀ ਸਥਿਤੀ ਬਣੀ ਨਦੀ 'ਚ ਰੁੜ੍ਹ ਗਏ। ਭਾਰਤੀ ਜਲ ਸੈਨਾ ਨੇ ਕੁਰਲਾ ਦੇ ਕ੍ਰਾਂਤੀ ਨਗਰ 'ਚ ਫਸੇ ਲੱਗਭੱਗ 100 ਲੋਕਾਂ ਨੂੰ ਕੱਢਣ ਲਈ ਰਬੜ ਦੀਆਂ ਕਿਸ਼ਤੀਆਂ ਅਤੇ ਆਈ ਐੱਨ ਅੱੈਸ ਤਾਨਾਜੀ ਤੋਂ ਨੇਵੀ ਦੇ ਗੋਤਾਖੋਰਾਂ ਦੀ ਟੀਮ ਵੱਲੋਂ ਲਾਈਫ਼ ਜੈਕਟਾਂ ਅਤੇ ਖਾਣੇ ਦੇ ਪੈਕੇਟ ਭੇਜੇ ਗਏ ਹਨ। ਬਾਅਦ 'ਚ ਇਨ੍ਹਾਂ ਨੂੰ ਕੱਢ ਲਿਆ ਗਿਆ। ਮੁੰਬਈ ਤੇ ਉਪਨਗਰ ਰਾਏਗੜ੍ਹ, ਠਾਣੇ ਅਤੇ ਪਾਲਘਰ ਜ਼ਿਲ੍ਹਿਆਂ ਦੇ ਕਸਬਿਆਂ 'ਚ ਲੱਕ-ਤੱਕ ਪਾਣੀ ਵਿਚ ਲੋਕਾਂ ਨੂੰ ਜੂਝਣਾ ਪੈ ਰਿਹਾ ਹੈ। ਵਾਹਨ ਅੱਧੇ ਡੁੱਬ ਗਏ ਹਨ, ਸੜਕਾ 'ਤੇ ਟੈਂਪੂ, ਟਰੱਕ ਅਤੇ ਭਾਰੀ ਵਾਹਨ ਫਸੇ ਖੜ੍ਹੇ ਹਨ। ਮੁੰਬਈ 'ਚ ਬੀ ਈ ਐੱਸ ਟੀ ਦੀ ਘੱਟੋ-ਘੱਟ 150 ਬੱਸਾਂ ਅੱਧੀਆਂ ਡੁੱਬ ਗਈਆਂ ਤੇ ਮੰਗਲਵਾਰ ਸਵੇਰ ਤੋਂ ਸ਼ਹਿਰ 'ਚ ਵੱਖ-ਵੱਖ ਸਥਾਨਾਂ 'ਤੇ ਫਸੀਆਂ ਖੜੀਆਂ ਹਨ।

212 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper