Latest News
ਪੰਜਾਬ ਭਰ 'ਚ ਸਰਕਾਰੀ ਬੱਸਾਂ ਦਾ ਚੱਕਾ ਜਾਮ

Published on 02 Jul, 2019 11:34 AM.


ਜਲੰਧਰ (ਰਾਜੇਸ਼ ਥਾਪਾ)
ਪੰਜਾਬ ਰੋਡਵੇਜ਼ ਦੇ ਕਰਮਚਾਰੀਆਂ ਨੇ ਮੰਗਲਵਾਰ ਤੋਂ ਤਿੰਨ ਦਿਨਾਂ ਦੀ ਹੜਤਾਲ ਸ਼ੁਰੂ ਕਰ ਦਿੱਤੀ ਹੈ। ਕਰਮਚਾਰੀ ਨੌਕਰੀ ਸਥਾਈ ਕਰਨ ਅਤੇ ਤਨਖਾਹ ਵਧਾਉਣ ਦੀ ਮੰਗ ਕਰ ਰਹੇ ਹਨ। ਵੱਖ-ਵੱਖ ਕਸਬਿਆਂ ਤੇ ਸ਼ਹਿਰਾਂ 'ਚ ਕਰਮਚਾਰੀਆਂ ਨੇ ਪੰਜਾਬ ਰੋਡਵੇਜ਼ ਅਤੇ ਪਨਬਸ ਦੀਆਂ ਬੱਸਾਂ ਨਹੀਂ ਚੱਲਣ ਦਿੱਤੀਆਂ। ਲੁਧਿਆਣਾ, ਜਲੰਧਰ, ਪਟਿਆਲਾ, ਅੰਮ੍ਰਿਤਸਰ, ਬਠਿੰਡਾ, ਫਿਰੋਜ਼ਪੁਰ ਅਤੇ ਮੋਗਾ ਸਭ ਤੋਂ ਜ਼ਿਆਦਾ ਪ੍ਰਭਾਵਤ ਹੋਏ। ਪੰਜਾਬ ਰੋਡਵੇਜ਼ ਅਤੇ ਪਨਬਸ ਦੇ ਲੱਗਭੱਗ 3000 ਮੁਲਾਜ਼ਮ ਹੜਤਾਲ 'ਤੇ ਹਨ।
ਪੰਜਾਬ ਰੋਡਵੇਜ਼/ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਨੇ ਜਲੰਧਰ ਵਰਕਸ਼ਾਪ ਦੇ ਗੇਟ ਮੂਹਰੇ ਵਿਸ਼ਾਲ ਰੈਲੀ ਕੀਤੀ। ਸੂਬਾਈ ਆਗੂਆਂ ਨੇ ਦੱਸਿਆ ਕਿ ਪੂਰੇ ਪੰਜਾਬ ਵਿੱਚ 18 ਡਿਪੂਆਂ 'ਤੇ ਮੁਕੰਮਲ ਬੱਸਾਂ ਜਾਮ ਕੀਤੀਆਂ ਗਈਆਂ ਤੇ ਭ੍ਰਿਸ਼ਟ ਅਫ਼ਸਰਸ਼ਾਹੀ ਤੇ ਸਰਕਾਰ ਦੇ ਪੁਤਲੇ ਫੂਕੇ ਗਏ।
ਜਲੰਧਰ 'ਚ ਸੂਬਾ ਉਪ ਚੇਅਰਮੈਨ ਬਲਵਿੰਦਰ ਸਿੰਘ ਦੀ ਅਗਵਾਈ ਹੇਠ ਬੱਸ ਸਟੈਂਡ 'ਤੇ ਪੁਤਲਾ ਫੂਕਿਆ ਗਿਆ। ਉੱਪ ਚੇਅਰਮੈਨ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਤੋਂ ਸਰਕਾਰ ਭੱਜ ਰਹੀ ਹੈ, ਜੋ ਐਕਟ 2016 ਵਿੱਚ ਪਿਛਲੀ ਸਰਕਾਰ ਨੇ ਬਣਾਇਆ ਸੀ, ਉਸ ਨੂੰ ਮੌਜੂਦਾ ਸਰਕਾਰ ਤੋੜ-ਮਰੋੜ ਰਹੀ ਹੈ ਅਤੇ ਕਮਾਈ ਵਾਲੇ ਮਹਿਕਮੇ ਪੰਜਾਬ ਰੋਡਵੇਜ਼ ਅੰਦਰ ਵੀ ਮੁਲਾਜ਼ਮਾਂ ਨੂੰ ਪੱਕੇ ਨਹੀਂ ਕੀਤਾ ਜਾ ਰਿਹਾ। ਮੌਜੂਦਾ ਟਰਾਂਸਪੋਰਟ ਮੰਤਰੀ ਵੀ ਇਨ੍ਹਾਂ ਕਾਮਿਆਂ ਦੀਆਂ ਹੱਕੀ ਮੰਗਾਂ ਵੱਲ ਧਿਆਨ ਨਹੀਂ ਦੇ ਰਿਹਾ। ਆਗੂਆਂ ਕਿਹਾ ਕਿ ਜੇਕਰ ਸਰਕਾਰ ਸੰਜੀਦਾ ਹੈ ਤਾਂ ਲਿਖਤੀ ਤੌਰ 'ਤੇ ਮੁੱਖ ਮੰਤਰੀ, ਟਰਾਂਸਪੋਰਟ ਮੰਤਰੀ ਅਤੇ ਮਹਿਕਮੇ ਦੇ ਅਧਿਕਾਰੀਆਂ ਵੱਲੋਂ ਜਥੇਬੰਦੀ ਦੇ ਆਗੂਆਂ ਨੂੰ ਮੀਟਿੰਗ ਲਈ ਪੱਤਰ ਮਿਲਣਾ ਚਾਹੀਦਾ ਹੈ।
ਡਿਪੂ ਚੇਅਰਮੈਨ ਵਿਕਰਮਜੀਤ ਸਿੰਘ ਨੇ ਦੋਸ਼ ਲਾਇਆ ਕਿ ਸਰਕਾਰ ਅਤੇ ਅਧਿਕਾਰੀਆਂ ਵੱਲੋਂ ਠੇਕੇਦਾਰ ਅਤੇ ਟਰਾਂਸਪੋਰਟ ਮਾਫੀਆ ਨੂੰ ਸ਼ਹਿ ਦਿੱਤੀ ਜਾ ਰਹੀ ਹੈ ਅਤੇ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਨਹੀਂ ਕੀਤਾ ਜਾ ਰਿਹਾ। ਪਨਬੱਸ ਵਿੱਚ ਲੰਮੇ ਸਮੇਂ ਤੋਂ ਕੰਟਰੈਕਟ, ਆਊਟ ਸੋਰਸਿੰਗ 'ਤੇ ਨਿਯੁਕਤ ਕਰਮਚਾਰੀ ਘੱਟ ਤਨਖਾਹ 'ਤੇ ਕੰਮ ਕਰਦੇ ਹਨ, ਪੱਕੇ ਨਹੀਂ ਕੀਤੇ ਜਾ ਰਹੇ, ਨਾ ਹੀ ਇਨ੍ਹਾਂ ਦੀਆਂ ਤਨਖ਼ਾਹਾਂ ਵਿੱਚ ਵਾਧਾ ਕੀਤਾ ਜਾ ਰਿਹਾ ਹੈ। ਇਸ ਪਿੱਛੇ ਵੀ ਮਾਫੀਆ ਕੰਮ ਕਰ ਰਿਹਾ ਹੈ। ਮੁਲਾਜ਼ਮਾਂ ਨੂੰ ਪੱਕਾ ਨਾ ਕਰਨਾ ਅਤੇ ਉਨ੍ਹਾਂ ਦੀਆਂ ਤਨਖਾਹਾਂ ਵਿੱਚ ਵਾਧਾ ਨਾ ਕਰਨਾ ਟਰਾਂਸਪੋਰਟ ਮੰਤਰੀ, ਠੇਕੇਦਾਰ, ਅਫ਼ਸਰਸ਼ਾਹੀ ਦਾ ਇੱਕ ਮਾਫ਼ੀਆ ਬਣਿਆ ਹੋਇਆ ਹੈ। ਸੈਕਟਰੀ ਜਸਵੀਰ ਸਿੰਘ ਨੇ ਕਿਹਾ ਕਿ ਨਿੱਤ ਨਵਾਂ ਠੇਕੇਦਾਰ ਲਿਆਉਣ ਨਾਲ ਅਫਸਰਸ਼ਾਹੀ ਨੂੰ ਮੋਟੀ ਕਮਿਸ਼ਨ ਮਿਲਦੀ ਹੈ। ਹਰ ਸਾਲ ਮੁਲਾਜ਼ਮਾਂ ਦੀਆਂ ਤਨਖਾਹਾਂ ਅਤੇ ਕਟੌਤੀਆਂ 'ਚ ਵੱਡਾ ਘਪਲਾ ਕੀਤਾ ਜਾ ਰਿਹਾ ਹੈ। ਜੇਕਰ ਠੇਕੇਦਾਰ ਨੂੰ ਬਾਹਰ ਕੱਢ ਦਿੱਤਾ ਜਾਵੇ ਤਾਂ ਮਹਿਕਮੇ ਨੂੰ ਹਰ ਸਾਲ ਲੱਗਭੱਗ 7 ਕਰੋੜ 94 ਲੱਖ 32 ਹਜ਼ਾਰ ਰੁਪਏ ਬਚਦੇ ਹਨ।
ਡਿਪੂ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਅਫਸਰਾਂ ਵੱਲੋਂ ਪਨਬੱਸ ਦੇ ਲੱਗਭੱਗ 40 ਕਰੋੜ ਰੁਪਏ ਟਿਕਟ ਮਸ਼ੀਨਾਂ ਤੇ ਬੱਸ ਸਟੈਂਡਾਂ ਦੇ ਕੰਪਿਊਟਰੀਕਰਨ ਦੇ ਨਾਂਅ 'ਤੇ ਉਜਾੜੇ ਜਾ ਰਹੇ ਹਨ। ਇਸ ਵਿੱਚੋਂ ਮੋਟੀ ਕਮਿਸ਼ਨ ਅਫਸਰਾਂ ਨੇ ਲੈਣੀਆਂ ਹਨ। ਪੰਜਾਬ ਦੇ ਸਾਰੇ ਆਗੂਆਂ ਚੇਤਾਵਨੀ ਦਿੱਤੀ ਕਿ 3 ਜੁਲਾਈ ਬੁੱਧਵਾਰ ਨੂੰ ਟਰਾਂਸਪੋਰਟ ਮੰਤਰੀ ਦੀ ਰਿਹਾਇਸ਼ ਅੱਗੇ ਸੂਬਾ ਪੱਧਰੀ ਰੋਸ ਰੈਲੀ ਕੀਤੀ ਜਾਵੇਗੀ। ਜੇਕਰ ਕਾਮਿਆਂ ਦੀਆਂ ਜਾਇਜ਼ ਮੰਗਾਂ ਨਾ ਪੂਰੀਆਂ ਕੀਤੀਆਂ ਜਾਂ ਸਰਕਾਰ ਵੱਲੋਂ ਧੱਕੇਸ਼ਾਹੀ ਕੀਤੀ ਗਈ ਤਾਂ ਹੜਤਾਲ ਅਣਮਿੱਥੇ ਸਮੇਂ ਦੀ ਕਰਕੇ ਪੱਕਾ ਮੋਰਚਾ ਲਗਾਇਆ ਜਾਵੇਗਾ।

472 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper