Latest News
ਸਰਦਾਰ ਬੇਅੰਤ ਸਿੰਘ ਇੰਡੀਆ ਇੰਟਰਨੈਸ਼ਨਲ ਸੈਂਟਰ ਲਈ ਸਿਧਾਂਤਕ ਪ੍ਰਵਾਨਗੀ

Published on 03 Jul, 2019 11:36 AM.


ਚੰਡੀਗੜ੍ਹ, (ਨਵਾਂ ਜ਼ਮਾਨਾ ਸਰਵਿਸ)
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਰਾਜਪਾਲ ਤੇ ਯੂ.ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨਾਲ ਮਿਲ ਕੇ ਚੰਡੀਗੜ੍ਹ ਦੇ ਸੈਕਟਰ 42 ਸਥਿਤ ਬੇਅੰਤ ਸਿੰਘ ਯਾਦਗਾਰ ਅਤੇ ਚੰਡੀਗੜ੍ਹ ਸੈਂਟਰ ਆਫ਼ ਪਰਫਾਰਮਿੰਗ ਐਂਡ ਵਿਯੂਅਲ ਆਰਟਸ ਦੇ ਮੌਜੂਦਾ ਸਥਾਨ ਉੱਪਰ ਇੰਡੀਆ ਇੰਟਰਨੈਸ਼ਨਲ ਸੈਂਟਰ (ਆਈ.ਆਈ.ਸੀ.) ਸਥਾਪਤ ਕਰਨ ਲਈ ਸਿਧਾਂਤਕ ਪ੍ਰਵਾਨਗੀ ਦੇ ਦਿੱਤੀ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਜਿਨ੍ਹਾਂ ਨੂੰ 1995 ਵਿੱਚ ਇਕ ਕਾਰ ਬੰਬ ਧਮਾਕੇ ਦੌਰਾਨ ਸ਼ਹੀਦ ਕਰ ਦਿੱਤਾ ਗਿਆ ਸੀ, ਦੇ ਪਰਿਵਾਰ ਨੂੰ ਇਸ ਪ੍ਰਸਤਾਵਿਤ ਸੈਂਟਰਾਂ ਬਾਰੇ ਕੋਈ ਵੀ ਇਤਰਾਜ਼ ਨਹੀਂ ਹੈ ਜੇ ਇਸ ਯਾਦਗਾਰ ਦੀ ਮਰਿਆਦਾ ਨੂੰ ਹਰ ਕੀਮਤ 'ਤੇ ਬਣਾਈ ਰੱਖਿਆ ਜਾਵੇ। ਇਹ ਪ੍ਰਸਤਾਵਿਤ ਸੈਂਟਰ ਦਿੱਲੀ ਦੇ ਆਈ.ਆਈ.ਸੀ. ਦੀ ਤਰਜ਼ 'ਤੇ ਵਿਕਸਿਤ ਕੀਤਾ ਜਾਵੇਗਾ। ਇਸ ਨੂੰ ਸ. ਬੇਅੰਤ ਸਿੰਘ ਇੰਡੀਆ ਇੰਟਰਨੈਸ਼ਨਲ ਦਾ ਨਾਮ ਦਿੱਤਾ ਜਾਵੇਗਾ। ਇਸ ਪ੍ਰੋਜੈਕਟ ਨੂੰ ਪੰਜਾਬ ਸਰਕਾਰ ਅਤੇ ਯੂ.ਟੀ. ਪ੍ਰਸ਼ਾਸਨ ਵੱਲੋਂ ਬਰਾਬਰ ਹਿੱਸੇ ਦੀ ਲਾਗਤ ਨਾਲ ਉਸਾਰਿਆ ਜਾਵੇਗਾ। ਇਹ ਫੈਸਲਾ ਬੇਅੰਤ ਸਿੰਘ ਯਾਦਗਾਰ ਸੁਸਾਇਟੀ ਅਤੇ ਚੰਡੀਗੜ੍ਹ ਸੈਂਟਰ ਫਾਰ ਪ੍ਰਫਾਰਮਿੰਗ ਐਂਡ ਵਿਯੂਅਲ ਆਰਟਸ ਦੀ ਮੀਟਿੰਗ ਦੌਰਾਨ ਲਿਆ ਗਿਆ ਜਿਸ ਵਿੱਚ ਪੰਜਾਬ ਅਤੇ ਚੰਡੀਗੜ੍ਹ ਦੇ ਹੋਰ ਨੁਮਾਇੰਦਿਆਂ ਦੇ ਨਾਲ ਰਾਜਪਾਲ ਅਤੇ ਮੁੱਖ ਮੰਤਰੀ ਵੀ ਸ਼ਾਮਲ ਹੋਏ। ਰਾਜਪਾਲ ਨੇ ਸੁਝਾਅ ਦਿੱਤਾ ਕਿ ਪ੍ਰਸਤਾਵਿਤ ਸੈਂਟਰ ਦੋਵਾਂ ਪੰਜਾਬ ਅਤੇ ਚੰਡੀਗੜ੍ਹ ਦੀ ਸਰਕਾਰ/ਪ੍ਰਸ਼ਾਸਨ ਤੋਂ ਆਜ਼ਾਦ ਹੋਵੇ। ਉਨ੍ਹਾਂ ਕਿਹਾ ਕਿ ਇਸ ਦੀ ਮੈਂਬਰਸ਼ਿਪ ਮੁਹਿੰਮ ਛੇਤੀ ਹੀ ਸ਼ੁਰੂ ਕੀਤੀ ਜਾਵੇਗੀ।
ਚੰਡੀਗੜ੍ਹ ਇੰਡੀਆ ਇੰਟਰਨੈਸ਼ਨਲ ਸੈਂਟਰ, ਬੇਅੰਤ ਸਿੰਘ ਯਾਦਗਾਰ ਦੇ ਨਾਲ ਹੀ ਵਿਕਸਿਤ ਕਰਨ ਦਾ ਪ੍ਰਸਤਾਵ ਹੈ ਜਿਸ ਵਿੱਚ ਮੀਡੀਆ ਸੈਂਟਰ ਹੋਵੇਗਾ ਜਿਸ ਦਾ ਢਾਂਚਾ ਅਤੇ ਮੌਜੂਦਾ ਲਾਈਬ੍ਰੇਰੀ ਅਤੇ ਕਾਨਫਰੰਸ ਹਾਲ ਤਿਆਰ ਹੈ। ਮੀਡੀਆ ਸੈਂਟਰ ਦੀ ਇਮਾਰਤ ਦਾ ਮੁੜ ਨਾਮਕਰਨ ਕੀਤਾ ਜਾਵੇਗਾ ਜਿਸ ਵਿੱਚ ਇਕ ਰੈਸਟੋਰੈਂਟ ਅਤੇ ਕੈਫੇਟੇਰੀਆ ਤੋਂ ਇਲਾਵਾ ਇਕ ਕਨਵੈਂਸ਼ਨ ਸੈਂਟਰ ਹੋਵੇਗਾ। ਇਹ ਪ੍ਰਸਤਾਵਿਤ ਮੈਮੋਰੀਅਲ-ਕਮ-ਇੰਟਰਨੈਸ਼ਨਲ ਸੈਂਟਰ ਦਾ ਹਿੱਸਾ ਹੋਣਗੇ। ਇਹ ਯਾਦਗਾਰ ਸਥਾਪਤ ਕਰਨ ਦਾ ਫੈਸਲਾ ਬੇਅੰਤ ਸਿੰਘ ਦੀ ਹੱਤਿਆ ਤੋਂ ਕੁਝ ਮਹੀਨੇ ਬਾਅਦ ਹੀ 1996 ਵਿੱਚ ਲਿਆ ਗਿਆ ਸੀ। ਇਸ ਨੂੰ ਸਵਰਗੀ ਬੇਅੰਤ ਸਿੰਘ ਦੀ ਯਾਦ ਵਿੱਚ ਵਿਕਸਿਤ ਕਰਨ ਦਾ ਫੈਸਲਾ ਕੀਤਾ ਸੀ। ਜਦਕਿ ਲੀ ਕੋਰਬੁਜ਼ਰ ਦੀ ਨੀਤੀ ਦੇ ਅਨੁਸਾਰ ਚੰਡੀਗੜ੍ਹ ਦੇ ਜਨਤਕ ਖੇਤਰ ਵਿੱਚ ਕਿਸੇ ਮਹੱਤਵਪੂਰਨ ਸ਼ਖਸੀਅਤ ਦਾ ਕੋਈ ਵੀ ਬੁੱਤ ਸਥਾਪਤ ਨਾ ਕਰਨਾ ਸੀ ਪਰ ਇਸ ਦੇ ਬਾਵਜੂਦ ਸਰਦਾਰ ਬੇਅੰਤ ਸਿੰਘ ਯਾਦਗਾਰ ਬਣਾਉਣ ਦਾ ਫੈਸਲਾ ਕੀਤਾ ਗਿਆ। ਇਸੇ ਦੌਰਾਨ ਹੀ ਚੰਡੀਗੜ੍ਹ ਸੈਂਟਰ ਫਾਰ ਪਰਫਾਰਮਿੰਗ ਐਂਡ ਵੀਯੂਅਲ ਆਰਟਸ ਬਣਾਉਣ ਦੀ ਯੋਜਨਾ ਬਣਾਈ ਗਈ ਕਿਉਂਕਿ ਚੰਡੀਗੜ੍ਹ ਸ਼ਹਿਰ ਵਿੱਚ ਅਜਿਹੀ ਸੱਭਿਆਚਾਰਕ ਹੱਬ ਦੇ ਵਾਸਤੇ ਇਸ ਦੀ ਜ਼ਰੂਰਤ ਸੀ।
ਬੇਅੰਤ ਸਿੰਘ ਮੈਮੋਰੀਅਲ ਅਤੇ ਚੰਡੀਗੜ੍ਹ ਸੈਂਟਰ ਫਾਰ ਪਰਫਾਰਮਿੰਗ ਐਂਡ ਵੀਯੂਅਲ ਆਰਟਸ ਦੀ ਮੀਟਿੰਗ 12.10.1996 ਨੂੰ ਉਸ ਸਮੇਂ ਦੇ ਚੰਡੀਗੜ੍ਹ ਪ੍ਰਸ਼ਾਸਕ ਦੇ ਸਲਾਹਕਾਰ ਦੀ ਪ੍ਰਧਾਨਗੀ ਹੇਠ ਹੋਈ ਸੀ। ਇਸ ਮੀਟਿੰਗ ਵਿੱਚ ਇਹ ਫੈਸਲਾ ਕੀਤਾ ਗਿਆ ਸੀ ਕਿ ਦੋ ਸੁਸਾਈਟੀਆਂ (ਇਕ ਬੇਅੰਤ ਸਿੰਘ ਮੈਮੋਰੀਅਲ ਅਤੇ ਦੂਜੀ ਚੰਡੀਗੜ੍ਹ ਸੈਂਟਰ ਫਾਰ ਪਰਫਾਰਮਿੰਗ ਐਂਡ ਵੀਯੂਅਲ ਆਰਟਸ) ਦੀ ਥਾਂ ਇਕ ਹੀ ਸੁਸਾਈਟੀ ਬਣਾਈ ਜਾਵੇ ਕਿਉਂਕਿ ਸਰਦਾਰ ਬੇਅੰਤ ਸਿੰਘ ਪਰਫਾਰਮਿੰਗ ਐਂਡ ਵੀਯੂਅਲ ਆਰਟਸ ਦੇ ਮਹਾਨ ਸਰਪ੍ਰਸਤ ਸਨ।
ਇਸ ਪ੍ਰੋਜੈਕਟ ਦੇ ਪਹਿਲੇ ਪੜਾਅ ਦੌਰਾਨ 18.55 ਕਰੋੜ ਰੁਪਏ ਦੀ ਰਾਸ਼ੀ ਖਰਚ ਕੀਤੀ ਗਈ ਹੈ। ਪੰਜਾਬ ਸਰਕਾਰ ਦਾ ਕੁਲ ਯੋਗਦਾਨ ਤਕਰੀਬਨ ਅੱਠ ਕਰੋੜ ਰੁਪਏ ਹੈ ਜਦਕਿ ਚੰਡੀਗੜ੍ਹ ਪ੍ਰਸ਼ਾਸਨ ਨੇ 12.69 ਕਰੋੜ ਦਾ ਯੋਗਦਾਨ ਪਾਇਆ ਹੈ।

275 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper