Latest News
ਕਾਂਗਰਸ ਨੂੰ ਤੰਦਰੁਸਤ ਕਰਨ ਲਈ ਵੱਡੇ ਚੀਰੇ ਦੀ ਲੋੜ

Published on 03 Jul, 2019 11:42 AM.


ਨਵੀਂ ਦਿੱਲੀ : ਕਾਂਗਰਸ ਵਿਚ ਲੀਡਰਸ਼ਿਪ ਨੂੰ ਚਲ ਰਹੀਆਂ ਅਟਕਲਾਂ 'ਤੇ ਬੁਧਵਾਰ ਰਾਹੁਲ ਗਾਂਧੀ ਨੇ ਫੁਲ ਸਟਾਪ ਲਾ ਦਿੱਤਾ। ਉਨ੍ਹਾ ਚਾਰ ਸਫਿਆਂ ਦਾ ਪੱਤਰ ਲਿਖ ਕੇ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ। ਉਨ੍ਹਾ ਕਿਹਾ, ''ਕਾਂਗਰਸ ਪਾਰਟੀ ਦੇ ਪ੍ਰਧਾਨ ਦੇ ਤੌਰ 'ਤੇ ਕੰਮ ਕਰਨਾ ਮੇਰੇ ਲਈ ਸਭ ਤੋਂ ਵੱਡਾ ਸਨਮਾਨ ਸੀ।'' ਉਨ੍ਹਾ ਪੱਤਰ ਵਿਚ ਇਹ ਵੀ ਕਿਹਾ ਹੈ ਕਿ ਪਾਰਟੀ ਨੂੰ ਕਈ ਸਖਤ ਫੈਸਲੇ ਲੈਣੇ ਹੋਣਗੇ।
ਰਾਹੁਲ ਨੇ ਪੱਤਰ ਵਿਚ ਕਿਹਾ ਹੈ, ''ਕਾਂਗਰਸ ਪ੍ਰਧਾਨ ਦੇ ਨਾਤੇ 2019 ਦੀਆਂ ਚੋਣਾਂ ਵਿਚ ਹਾਰ ਲਈ ਮੈਂ ਜ਼ਿੰਮੇਦਾਰ ਹਾਂ। ਸਾਡੀ ਪਾਰਟੀ ਦੇ ਭਵਿਖ ਲਈ ਜਵਾਬਦੇਹੀ ਬਹੁਤ ਜ਼ਰੂਰੀ ਹੈ। ਇਹੀ ਕਾਰਨ ਹੈ ਕਿ ਮੈਂ ਪ੍ਰਧਾਨਗੀ ਤੋਂ ਅਸਤੀਫਾ ਦਿੱਤਾ ਹੈ। ਪਾਰਟੀ ਨੂੰ ਮੁੜ ਤੋਂ ਖੜ੍ਹਾ ਕਰਨ ਲਈ ਸਖਤ ਫੈਸਲੇ ਲੈਣ ਤੇ 2019 ਦੀ ਹਾਰ ਲਈ ਬਹੁਤ ਸਾਰੇ ਲੋਕਾਂ ਨੂੰ ਜ਼ਿੰਮੇਦਾਰ ਠਹਿਰਾਏ ਜਾਣ ਦੀ ਲੋੜ ਹੈ। ਇਹ ਬਿਲਕੁਲ ਮੁਨਾਸਬ ਨਹੀਂ ਹੋਵੇਗਾ ਕਿ ਮੈਂ ਦੂਜਿਆਂ ਨੂੰ ਜ਼ਿੰਮੇਦਾਰ ਠਹਿਰਾਉਂਦਾ ਰਹਾਂ ਤੇ ਪਾਰਟੀ ਪ੍ਰਧਾਨ ਵਜੋਂ ਆਪਣੀ ਜ਼ਿੰਮੇਦਾਰੀ ਨੂੰ ਨਜ਼ਰਅੰਦਾਜ਼ ਕਰਦਾ ਰਹਾਂ। ਪਾਰਟੀ ਵਿਚ ਬਹੁਤ ਸਾਰੇ ਸਹਿਯੋਗੀਆਂ ਨੇ ਸੁਝਾਇਆ ਹੈ ਕਿ ਮੈਂ ਅਗਲਾ ਪ੍ਰਧਾਨ ਨਾਮਜ਼ਦ ਕਰਾਂ। ਜਦਕਿ ਜ਼ਰੂਰੀ ਇਹ ਹੈ ਕਿ ਕੋਈ ਨਵਾਂ ਵਿਅਕਤੀ ਸਾਡੀ ਪਾਰਟੀ ਦੀ ਅਗਵਾਈ ਕਰੇ। ਅਜਿਹੇ ਵਿਚ ਮੇਰੇ ਵੱਲੋਂ ਉਸ ਵਿਅਕਤੀ ਨੂੰ ਚੁਣਿਆ ਜਾਣਾ ਸਹੀ ਨਹੀਂ ਹੋਵੇਗਾ। ਮੈਨੂੰ ਪੂਰਾ ਭਰੋਸਾ ਹੈ ਕਿ ਪਾਰਟੀ ਇਸ ਬਾਰੇ ਉਚਿਤ ਫੈਸਲਾ ਲਵੇਗੀ ਕਿ ਅਗਲਾ ਪ੍ਰਧਾਨ ਕੌਣ ਹੋਵੇਗਾ।''
ਰਾਹੁਲ ਨੇ ਛੇਤੀ ਤੋਂ ਛੇਤੀ ਨਵਾਂ ਪ੍ਰਧਾਨ ਚੁਣੇ ਜਾਣ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ ਵੀ ਕਿਹਾ ਹੈ। ਉਨ੍ਹਾ ਕਿਹਾ ਹੈ, ''ਅਸਤੀਫੇ ਦੇ ਬਾਅਦ ਮੇਰਾ ਸਹਿਯੋਗੀਆਂ ਨੂੰ ਸੁਝਾਅ ਹੈ ਕਿ ਅਗਲੇ ਪ੍ਰਧਾਨ ਦੀ ਚੋਣ ਛੇਤੀ ਹੋਵੇ। ਮੈਂ ਇਸਦੀ ਆਗਿਆ ਦੇ ਦਿੱਤੀ ਹੈ ਤੇ ਪੂਰੀ ਹਮਾਇਤ ਕਰਨ ਲਈ ਪਾਬੰਦ ਹਾਂ।''
ਰਾਹੁਲ ਨੇ ਕਿਹਾ ਹੈ, ''ਮੇਰੀ ਲੜਾਈ ਕਦੇ ਵੀ ਸੱਤਾ ਲਈ ਸਧਾਰਨ ਲੜਾਈ ਨਹੀਂ ਰਹੀ। ਮੇਰੇ ਮਨ ਵਿਚ ਭਾਜਪਾ ਲਈ ਕੋਈ ਨਫਰਤ ਨਹੀਂ ਹੈ ਪਰ ਮੇਰੇ ਸ਼ਰੀਰ ਦਾ ਕਤਰਾ-ਕਤਰਾ ਉਨ੍ਹਾਂ ਦੇ ਵਿਚਾਰਾਂ ਦਾ ਵਿਰੋਧ ਕਰਦਾ ਹੈ। ਇਹ ਅੱਜ ਦੀ ਲੜਾਈ ਨਹੀਂ ਹੈ। ਇਹ ਵਰ੍ਹਿਆਂ ਤੋਂ ਚਲੀ ਆ ਰਹੀ ਹੈ। ਉਹ ਭਿੰਨਤਾ ਦੇਖਦੇ ਹਨ ਤੇ ਮੈਂ ਸਮਾਨਤਾ ਦੇਖਦਾ ਹਾਂ। ਉਹ ਨਫਰਤ ਦੇਖਦੇ ਹਨ, ਮੈਂ ਪਿਆਰ ਦੇਖਦਾ ਹਾਂ। ਉਹ ਡਰ ਦੇਖਦੇ ਹਨ, ਮੈਂ ਗੱਲਵਕੜੀ ਪਾਉਂਦਾ ਹਾਂ। ਮੈਂ ਕਿਸੇ ਵੀ ਰੂਪ ਵਿਚ ਪਿੱਛੇ ਨਹੀਂ ਹਟ ਰਿਹਾ ਹਾਂ। ਮੈਂ ਕਾਂਗਰਸ ਪਾਰਟੀ ਦਾ ਸੱਚਾ ਸਿਪਾਹੀ, ਭਾਰਤ ਦਾ ਸਮਰਪਤ ਬੇਟਾ ਹਾਂ ਅਤੇ ਆਪਣੇ ਆਖਰੀ ਸਾਹ ਤਕ ਇਸਦੀ ਸੇਵਾ ਤੇ ਰੱਖਿਆ ਕਰਦਾ ਰਹਾਂਗਾ।''
ਉਨ੍ਹਾ ਕਿਹਾ ਹੈ, ''ਅਸੀਂ ਮਜ਼ਬੂਤ ਤੇ ਸਨਮਾਨਪੂਰਵਕ ਚੋਣਾਂ ਲੜੀਆਂ। ਸਾਡੀ ਚੋਣ ਮੁਹਿੰਮ ਭਾਈਚਾਰੇ, ਸਹਿਣਸ਼ੀਲਤਾ ਤੇ ਦੇਸ਼ ਦੇ ਸਾਰੇ ਲੋਕਾਂ, ਧਰਮਾਂ ਤੇ ਫਿਰਕਿਆਂ ਦਾ ਸਨਮਾਨ ਕਰਨ ਵਾਲੀ ਸੀ। ਮੈਂ ਨਿਜੀ ਤੌਰ 'ਤੇ ਪ੍ਰਧਾਨ ਮੰਤਰੀ ਤੇ ਆਰ ਐਸ ਐਸ ਦੇ ਖਿਲਾਫ ਲੜਾਈ ਲੜੀ। ਮੈਂ ਇਹ ਲੜਾਈ ਇਸ ਲਈ ਲੜੀ ਕਿਉਂਕਿ ਮੈਂ ਭਾਰਤ ਨਾਲ ਪਿਆਰ ਕਰਦਾ ਹਾਂ। ਮੈਂ ਭਾਰਤ ਦੇ ਆਦਰਸ਼ਾਂ ਲਈ ਲੜਿਆ। ਮੈਂ ਆਪਣੀ ਪਾਰਟੀ ਦੇ ਆਗੂਆਂ ਤੇ ਕਾਰਕੁਨਾਂ ਤੋਂ ਕਾਫੀ ਕੁਝ ਸਿੱਖਿਆ ਹੈ।''

356 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper