Latest News
ਆਰ ਐੱਸ ਐੱਸ ਖ਼ਿਲਾਫ਼ ਲੜਾਈ ਸੈਕੂਲਰ ਤੇ ਜਮਹੂਰੀ ਤਾਕਤਾਂ ਦੇ ਏਕੇ ਨਾਲ ਹੀ ਸੰਭਵ

Published on 04 Jul, 2019 11:41 AM.


ਰਾਹੁਲ ਗਾਂਧੀ ਨੇ ਕਾਂਗਰਸ ਦਾ ਨਵਾਂ ਪ੍ਰਧਾਨ ਚੁਣਨ ਲਈ ਇਸ ਦੀ ਵਰਕਿੰਗ ਕਮੇਟੀ ਨੂੰ ਲਿਖੇ ਚਾਰ ਸਫ਼ਿਆਂ ਦੇ ਖੁੱਲ੍ਹੇ ਖ਼ਤ ਵਿੱਚ ਆਰ ਐੱਸ ਐੱਸ ਵੱਲੋਂ ਸਾਰੇ ਅਦਾਰਿਆਂ 'ਤੇ ਮੁਕੰਮਲ ਕਬਜ਼ਾ ਕਰ ਲੈਣ 'ਤੇ ਡੂੰਘੀ ਚਿੰਤਾ ਜ਼ਾਹਰ ਕੀਤੀ ਹੈ। ਉਨ੍ਹਾ ਦਾ ਮੰਨਣਾ ਹੈ ਕਿ ਅਦਾਰੇ ਹੁਣ ਨਿਰਪੱਖ ਨਹੀਂ ਰਹੇ, ਜੋ ਕਿ ਜਮਹੂਰੀਅਤ ਲਈ ਖ਼ਤਰਨਾਕ ਗੱਲ ਹੈ। ਉਨ੍ਹਾ ਇਸ ਗੱਲ 'ਤੇ ਜ਼ੋਰ ਦਿੱਤਾ ਹੈ ਕਿ ਅਜ਼ਾਦਾਨਾ ਚੋਣਾਂ ਲਈ ਸਾਰੇ ਅਦਾਰਿਆਂ ਦਾ ਨਿਰਪੱਖ ਹੋਣਾ ਜ਼ਰੂਰੀ ਹੈ। ਕੋਈ ਵੀ ਚੋਣ ਅਜ਼ਾਦ ਪ੍ਰੈੱਸ, ਅਜ਼ਾਦ ਨਿਆਂਪਾਲਿਕਾ ਤੇ ਪਾਰਦਰਸ਼ੀ ਚੋਣ ਕਮਿਸ਼ਨ ਦੇ ਬਿਨਾਂ ਨਿਰਪੱਖ ਨਹੀਂ ਹੋ ਸਕਦੀ। ਜੇ ਕਿਸੇ ਇੱਕ ਪਾਰਟੀ ਦਾ ਵਿੱਤੀ ਵਸੀਲਿਆਂ 'ਤੇ ਪੂਰਾ ਕਬਜ਼ਾ ਹੋ ਜਾਵੇ ਤਾਂ ਵੀ ਚੋਣਾਂ ਨਿਰਪੱਖ ਨਹੀਂ ਹੋ ਸਕਦੀਆਂ। ਕਾਂਗਰਸ ਨੇ 2019 ਦੀਆਂ ਲੋਕ ਸਭਾ ਚੋਣਾਂ ਕਿਸੇ ਇੱਕ ਵਿਅਕਤੀ ਦੇ ਖ਼ਿਲਾਫ਼ ਨਹੀਂ ਲੜੀਆਂ, ਸਗੋਂ ਆਪੋਜ਼ੀਸ਼ਨ ਦੇ ਖ਼ਿਲਾਫ਼ ਕੰਮ ਕਰ ਰਹੇ ਹਰੇਕ ਅਦਾਰੇ ਤੇ ਸਰਕਾਰ ਦੀ ਪੂਰੀ ਮਸ਼ੀਨਰੀ ਦੇ ਖ਼ਿਲਾਫ਼ ਲੜੀਆਂ। ਇਹ ਪੂਰੀ ਤਰ੍ਹਾਂ ਸਾਫ਼ ਹੋ ਗਿਆ ਹੈ ਕਿ ਸਾਰੇ ਅਦਾਰਿਆਂ ਦੀ ਨਿਰਪੱਖਤਾ ਹੁਣ ਬਚੀ ਨਹੀਂ ਰਹਿ ਗਈ। ਦੇਸ਼ ਦੇ ਅਦਾਰਿਆਂ ਉੱਤੇ ਕਬਜ਼ਾ ਕਰਨ ਦਾ ਆਰ ਐੱਸ ਐੱਸ ਦਾ ਸੁਫ਼ਨਾ ਪੂਰਾ ਹੋ ਚੁੱਕਿਆ ਹੈ। ਜਮਹੂਰੀਅਤ ਕਮਜ਼ੋਰ ਹੋ ਰਹੀ ਹੈ। ਇਹ ਦੇਸ਼ ਲਈ ਸਭ ਤੋਂ ਵੱਡਾ ਖ਼ਤਰਾ ਹੈ। ਸੱਤਾ 'ਤੇ ਇਸ ਤਰ੍ਹਾਂ ਦੇ ਕਬਜ਼ੇ ਦਾ ਨਤੀਜਾ ਇਹ ਹੋਵੇਗਾ ਕਿ ਹਿੰਸਾ ਦਾ ਲੈਵਲ ਕਾਫ਼ੀ ਵਧੇਗਾ ਤੇ ਦੇਸ਼ ਨੂੰ ਦਰਦ ਸਹਿਣਾ ਪਏਗਾ। ਕਿਸਾਨਾਂ, ਬੇਰੁਜ਼ਗਾਰ ਨੌਜਵਾਨਾਂ, ਦਲਿਤਾਂ ਤੇ ਘੱਟ ਗਿਣਤੀਆਂ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਹੋਵੇਗਾ। ਭਾਜਪਾ ਗਿਣੇ-ਮਿੱਥੇ ਢੰਗ ਨਾਲ ਲੋਕਾਂ ਦੀ ਅਵਾਜ਼ ਦਬਾਅ ਰਹੀ ਹੈ। ਭਾਰਤ ਕਦੇ ਸਿਰਫ਼ ਇੱਕ ਅਵਾਜ਼ ਨਹੀਂ ਰਿਹਾ ਤੇ ਨਾ ਹੀ ਰਹੇਗਾ। ਉਨ੍ਹਾ ਇਹ ਵੀ ਕਿਹਾ ਹੈ ਕਿ ਉਨ੍ਹਾ ਦੀ ਲੜਾਈ ਸੱਤਾ ਲਈ ਸਧਾਰਨ ਲੜਾਈ ਨਹੀਂ ਰਹੀ। ਉਹ ਭਾਜਪਾ ਨਾਲ ਨਫ਼ਰਤ ਨਹੀਂ ਕਰਦੇ, ਪਰ ਉਨ੍ਹਾਂ ਦੇ ਸਰੀਰ ਦਾ ਕਤਰਾ-ਕਤਰਾ ਉਸ ਦੇ ਵਿਚਾਰਾਂ ਦਾ ਵਿਰੋਧ ਕਰਦਾ ਰਹੇਗਾ। ਇਹ ਅੱਜ ਦੀ ਲੜਾਈ ਨਹੀਂ, ਇਹ ਵਰ੍ਹਿਆਂ ਤੋਂ ਚਲੀ ਆ ਰਹੀ ਹੈ। ਉਨ੍ਹਾ ਚੋਣਾਂ ਦੌਰਾਨ ਨਿੱਜੀ ਤੌਰ 'ਤੇ ਮੋਦੀ ਤੇ ਆਰ ਐੱਸ ਐੱਸ ਖ਼ਿਲਾਫ਼ ਲੜਾਈ ਲੜੀ ਤੇ ਇਹ ਲੜਾਈ ਜਾਰੀ ਰੱਖਣਗੇ, ਕਿਉਂਕਿ ਉਨ੍ਹਾ ਨੂੰ ਭਾਰਤ ਨਾਲ ਪਿਆਰ ਹੈ।
ਭਾਜਪਾ ਤੇ ਆਰ ਐੱਸ ਐੱਸ ਨੂੰ ਹੁਣ ਵਾਲੀ ਪੁਜ਼ੀਸ਼ਨ ਤੱਕ ਲਿਆਉਣ ਵਿੱਚ ਵੱਡਾ ਰੋਲ ਕਾਂਗਰਸ ਦਾ ਹੈ। ਇਸ ਨੇ ਤਾਕਤ ਵਿੱਚ ਹੁੰਦਿਆਂ ਆਰ ਐੱਸ ਐੱਸ ਵਿਰੁੱਧ ਲੜਾਈ ਵਿੱਚ ਦੇਸ਼ ਦੀਆਂ ਜਮਹੂਰੀ ਤੇ ਸੈਕੂਲਰ ਪਾਰਟੀਆਂ ਨੂੰ ਨਾਲ ਨਹੀਂ ਲਿਆ। ਇਨ੍ਹਾਂ ਪਾਰਟੀਆਂ ਦੀਆਂ ਸੂਬਾ ਸਰਕਾਰਾਂ ਨੂੰ ਅਸਥਿਰ ਕਰਨ ਦੇ ਹੀ ਯਤਨ ਕੀਤੇ। ਕਾਂਗਰਸ ਜਿਸ ਨੂੰ ਵੀ ਆਪਣਾ ਪ੍ਰਧਾਨ ਚੁਣੇ, ਪਾਰਟੀ 'ਚ ਅਸਲ ਦਬਦਬਾ ਤਾਂ ਗਾਂਧੀ ਪਰਵਾਰ ਦਾ ਹੀ ਰਹਿਣਾ ਹੈ। ਜੇ ਰਾਹੁਲ ਆਰ ਐੱਸ ਐੱਸ ਵਿਰੁੱਧ ਲੜਾਈ ਵਾਕਈ ਲੜਨੀ ਚਾਹੁੰਦੇ ਹਨ ਤਾਂ ਉਨ੍ਹਾ ਨੂੰ ਸੈਕੂਲਰ ਤੇ ਜਮਹੂਰੀ ਪਾਰਟੀਆਂ ਨਾਲ ਖੁਦ ਸੰਪਰਕ ਕਰਨਾ ਪਏਗਾ, ਜਿਵੇਂ ਯੂ ਪੀ ਏ ਦੀਆਂ ਸਰਕਾਰਾਂ ਬਣਾਉਣ ਲਈ ਸੋਨੀਆ ਗਾਂਧੀ ਨੇ ਕੀਤਾ ਸੀ। ਉਹ ਦੂਜੀਆਂ ਪਾਰਟੀਆਂ ਦੇ ਆਗੂਆਂ ਦੇ ਘਰ ਖੁਦ ਚੱਲ ਕੇ ਗਏ ਸਨ। ਰਾਹੁਲ ਗਾਂਧੀ ਇਹ ਰਵਾਇਤ ਜਾਰੀ ਨਹੀਂ ਰੱਖ ਸਕੇ, ਜਿਸ ਦਾ ਨਤੀਜਾ ਚੋਣਾਂ ਵਿੱਚ ਵੱਡੀ ਮਾਰ ਖਾਣ 'ਚ ਨਿਕਲਿਆ। ਨਹਿਰੂ ਦੇ ਵਾਰਸ ਨੂੰ ਇਹ ਵੀ ਖਿਆਲ ਰੱਖਣਾ ਪਏਗਾ ਕਿ ਧਰਮਸਥਾਨਾਂ ਦੇ ਦੌਰੇ ਕਰਕੇ ਜਮਹੂਰੀਅਤ ਨਹੀਂ ਬਚਾ ਹੋਣੀ। ਸੈਕੂਲਰ ਤੇ ਜਮਹੂਰੀ ਪਾਰਟੀਆਂ ਦੇ ਆਗੂਆਂ ਦੇ ਘਰਾਂ ਦੀ ਯਾਤਰਾ ਨਾਲ ਹੀ ਦੇਸ਼ ਤੇ ਇਸ ਦੇ ਅਦਾਰਿਆਂ ਦੀ ਰਾਖੀ ਦੀ ਲੜਾਈ ਦੀ ਅਸਲ ਸ਼ੁਰੂਆਤ ਹੋਵੇਗੀ।

894 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper