Latest News
ਮਾਣਹਾਨੀ ਕੇਸ : ਜ਼ਮਾਨਤ ਮਿਲਦੇ ਹੀ ਰਾਹੁਲ ਨੇ ਕਿਹਾ; ਮਜ਼ਾ ਆ ਰਿਹੈ

Published on 04 Jul, 2019 11:49 AM.


ਮੁੰਬਈ : ਕਾਂਗਰਸ ਪਾਰਟੀ ਦੇ ਸਾਬਕਾ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਆਰ ਐੱਸ ਐੱਸ ਨਾਲ ਜੁੜੇ ਮਾਣਹਾਨੀ ਦੇ ਇੱਕ ਕੇਸ 'ਚ ਵੀਰਵਾਰ ਨੂੰ ਮੁੰਬਈ ਦੀ ਇੱਕ ਅਦਾਲਤ 'ਚ ਪੇਸ਼ ਹੋਏ। ਮੁੰਬਈ ਦੇ ਸ਼ਿਵੜੀ ਕੋਰਟ ਨੇ 15 ਹਜ਼ਾਰ ਰੁਪਏ ਮੁਚੱਲਕੇ 'ਤੇ ਰਾਹੁਲ ਗਾਂਧੀ ਨੂੰ ਜ਼ਮਾਨਤ ਦੇ ਦਿੱਤੀ। ਸੁਣਵਾਈ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਕਿ ਉਹ ਦੋਸ਼ੀ ਨਹੀਂ ਹੈ। ਸੁਣਵਾਈ ਤੋਂ ਬਾਅਦ ਰਾਹੁਲ ਗਾਂਧੀ ਨੇ ਕਿਹਾ ਕਿ ਇਹ ਵਿਚਾਰਧਾਰਾ ਦੀ ਲੜਾਈ ਹੈ ਅਤੇ ਮੇਰੇ ਉਪਰ ਹਮਲਾ ਹੋ ਰਿਹਾ ਹੈ।
ਕੋਰਟ 'ਚ ਸੁਣਵਾਈ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਕਿ ਉਹ ਦੋਸ਼ੀ ਨਹੀਂ ਹੈ। ਰਾਹੁਲ ਗਾਂਧੀ ਵੱਲੋਂ ਸਾਬਕਾ ਸਾਂਸਦ ਏਕਨਾਥ ਗਾਇਕਵਾੜ ਨੇ ਜੁਰਮਾਨੇ ਦੀ ਰਕਮ ਭਰੀ। ਸੁਣਵਾਈ ਤੋਂ ਬਾਅਦ ਰਾਹੁਲ ਗਾਂਧੀ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ, 'ਇਹ ਵਿਚਾਰਧਾਰਾ ਦੀ ਲੜਾਈ ਹੈ। ਕੋਰਟ 'ਚ ਮੈਂ ਕੁਝ ਨਹੀਂ ਕਿਹਾ। ਮੈਂ ਕਿਸਾਨਾਂ ਅਤੇ ਗਰੀਬਾਂ ਦੇ ਨਾਲ ਖੜ੍ਹਾ ਹਾਂ। ਮੇਰੇ ਉਪਰ ਹਮਲਾ ਹੋ ਰਿਹਾ ਹੈ, ਮਜ਼ਾ ਆ ਰਿਹਾ ਹੈ। ਹੁਣ ਪਿਛਲੇ ਪੰਜ ਸਾਲ ਦੇ ਮੁਕਾਬਲੇ 10 ਗੁਣਾ ਜ਼ਿਆਦਾ ਤਾਕਤ ਨਾਲ ਲੜਾਂਗਾ।'
ਇਸ ਤੋਂ ਪਹਿਲਾਂ ਰਾਹੁਲ ਗਾਂਧੀ ਦੇ ਮੁੰਬਈ ਪਹੁੰਚਣ 'ਤੇ ਕਾਂਗਰਸ ਵਰਕਰਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਕਿਹਾ ਕਿ ਇਸ ਲੜਾਈ 'ਚ ਕਾਂਗਰਸ ਵਰਕਰ ਉਨ੍ਹਾਂ ਦੇ ਨਾਲ ਹਨ। ਸ਼ਿਵੜੀ ਕੋਰਟ ਦੇ ਬਾਹਰ ਵੀ ਵੱਡੀ ਗਿਣਤੀ 'ਚ ਕਾਂਗਰਸ ਵਰਕਰ ਇਕੱਠੇ ਹੋਏ ਸਨ।
ਇਹ ਪੂਰਾ ਮਾਮਲਾ ਸਮਾਜਿਕ ਵਰਕਰਾਂ ਤੇ ਪੱਤਰਕਾਰ ਗੌਰੀ ਲੰਕੇਸ਼ ਦੀ ਹੱਤਿਆ ਨੂੰ ਭਾਜਪਾ ਅਤੇ ਆਰ ਐੱਸ ਐੱਸ ਦੀ ਵਿਚਾਰਧਾਰਾ ਨਾਲ ਜੋੜਨ ਸੰਬੰਧੀ ਬਿਆਨ ਨਾਲ ਜੁੜਿਆ ਹੋਇਆ ਹੈ।
ਰਾਹੁਲ ਗਾਂਧੀ ਨੂੰ ਇਸ ਮਹੀਨੇ ਇੱਕ ਤੋਂ ਬਾਅਦ ਇੱਕ ਕਈ ਅਦਾਲਤਾਂ ਦੇ ਚੱਕਰ ਲਾਉਣੇ ਹੋਣਗੇ। ਚੋਣਾਂ ਦੇ ਦੌਰਾਨ ਆਰ ਐੱਸ ਐੱਸ ਦੇ ਖਿਲਾਫ਼ ਦਿੱਤੇ ਆਪਣੇ ਬਿਆਨ ਦਾ ਬਚਾਅ ਕਰਨ ਲਈ ਰਾਹੁਲ ਵੀਰਵਾਰ ਸਵੇਰੇ ਮੁੰਬਈ ਕੋਰਟ ਪਹੁੰਚੇ। ਰਾਹੁਲ ਨੂੰ ਇਸ ਮਹੀਨੇ ਇਸ ਤੋਂ ਇਲਾਵਾ 4 ਹੋਰ ਮਾਮਲਿਆਂ 'ਚ ਦੇਸ਼ ਦੀਆਂ ਵੱਖ-ਵੱਖ ਕੋਰਟਾਂ 'ਚ ਪੇਸ਼ ਹੋਣਾ ਹੈ। ਲੋਕਸਭਾ ਚੋਣ ਪ੍ਰਚਾਰ ਦੌਰਾਨ ਰਾਹੁਲ ਨੇ ਭਾਜਪਾ ਅਤੇ ਆਰ ਐੱਸ ਐੱਸ ਦੇ ਖਿਲਾਫ਼ ਜੰਮ ਕੇ ਹਮਲਾ ਬੋਲਿਆ ਸੀ। ਉਨ੍ਹਾਂ ਖਿਲਾਫ਼ ਇਨ੍ਹਾਂ ਬਿਆਨਾਂ ਨੂੰ ਲੈ ਕੇ ਕਈ ਕੇਸ ਦਰਜ ਕਰਾਏ ਗਏ ਹਨ।
ਰਾਹੁਲ ਗਾਂਧੀ ਦੀ ਅਗਲੀ ਪੇਸ਼ੀ ਪਟਨਾ ਹਾਈ ਕੋਰਟ 'ਚ 6 ਜੁਲਾਈ ਨੂੰ ਹੈ।
ਬਿਹਾਰ ਦੇ ਡਿਪਟੀ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ ਨੇ ਰਾਹੁਲ ਦੇ ਖਿਲਾਫ਼ ਮਾਣਹਾਨੀ ਕੇਸ ਦਾਖ਼ਲ ਕੀਤਾ ਹੈ। ਮੋਦੀ ਨੇ ਇਹ ਮਾਣਹਾਨੀ ਕੇਸ ਸਾਬਕਾ ਕਾਂਗਰਸ ਪ੍ਰਧਾਨ ਦੇ 'ਸਾਰੇ ਚੋਰਾਂ ਦਾ ਨਾਂਅ ਮੋਦੀ ਹੁੰਦਾ ਹੈ' ਸੰੰਬੰਧੀ ਬਿਆਨ ਦੇ ਖਿਲਾਫ਼ ਦਾਖ਼ਲ ਕੀਤਾ ਹੈ।
ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ 'ਹੱਤਿਆ ਦੋਸ਼ੀ ਪਾਰਟੀ ਪ੍ਰਧਾਨ' ਵਾਲੇ ਉਨ੍ਹਾਂ ਦੇ ਬਿਆਨ 'ਤੇ ਅਹਿਮਦਾਬਾਦ ਦੀ ਇੱਕ ਅਦਾਲਤ 'ਚ 9 ਜੁਲਾਈ ਨੂੰ ਉਨ੍ਹਾਂ ਦੀ ਪੇਸ਼ੀ ਹੈ। ਇਸ ਤੋਂ ਇਲਾਵਾ 12 ਜੁਲਾਈ ਨੂੰ ਰਾਹੁਲ ਦੀ ਗੁਜਰਾਤ ਦੇ ਇੱਕ ਹੋਰ ਕੋਰਟ 'ਚ ਅਪਰਾਧਿਕ ਮਾਣਹਾਨੀ ਕੇਸ 'ਚ ਪੇਸ਼ੀ ਹੈ। ਅਹਿਮਦਾਬਾਦ ਜ਼ਿਲ੍ਹੇ ਨੂੰ ਕੋਅਪਰੇਟਿਵ ਬੈਂਕ ਦੇ ਚੇਅਰਮੈਨ ਨੇ ਉਨ੍ਹਾਂ ਖਿਲਾਫ਼ ਕੇਸ ਦਰਜ ਕੀਤਾ ਹੈ। 24 ਜੁਲਾਈ ਨੂੰ ਰਾਹੁਲ ਦੀ ਪੇਸ਼ੀ ਸੂਰਤ ਦੇ ਇੱਕ ਕੋਰਟ 'ਚ ਹੋਵੇਗੀ। ਰਾਹੁਲ ਦੇ 'ਸਾਰੇ ਮੋਦੀ ਚੋਰ ਹੈ' ਵਾਲੇ ਬਿਆਨ ਦੇ ਖਿਲਾਫ਼ ਸੂਰਤ ਦੀ ਕੋਰਟ 'ਚ ਕੇਸ ਦਰਜ ਕੀਤਾ ਗਿਆ ਹੈ।

208 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper