ਚੰਡੀਗੜ੍ਹ (ਗੁਰਜੀਤ ਬਿੱਲਾ)
ਮਾਨਸੂਨ ਨੇ ਅੱਜ ਪੰਜਾਬ 'ਚ ਦਸਤਕ ਦੇ ਦਿੱਤੀ ਹੈ। ਚੰਡੀਗੜ੍ਹ 'ਚ ਸਵੇਰ ਤੋਂ ਹੋਈ ਬਾਰਿਸ਼ ਤੋਂ ਬਾਅਦ ਤਾਪਮਾਨ ਘਟ ਗਿਆ। ਇੱਥੇ ਤਾਪਮਾਨ 31 ਡਿਗਰੀ ਰਿਕਾਰਡ ਕੀਤਾ ਗਿਆ। ਇਸ ਬਾਰਿਸ਼ ਨਾਲ ਜਿੱਥੇ ਫਸਲਾਂ ਨੂੰ ਪਾਣੀ ਮਿਲਿਆ, ਉਥੇ ਲੋਕਾਂ ਨੂੰ ਗਰਮੀ ਤੋਂ ਵੱਡੀ ਰਾਹਤ ਵੀ ਮਿਲੀ ਹੈ। ਪੰਜਾਬ ਦੇ ਬਾਕੀ ਜ਼ਿਲ੍ਹਿਆਂ 'ਚ ਵੀ ਬੱਦਲ ਛਾਏ ਰਹੇ। ਲੋਕਾਂ 'ਚ ਖ਼ੁਸ਼ੀ ਦੀ ਲਹਿਰ ਫੈਲ ਗਈ। ਬਾਰਸ਼ ਨਾਲ ਮੌਸਮ ਬਹੁਤ ਸੁਹਾਵਣਾ ਹੋ ਗਿਆ ਤੇ ਗਰਮੀ ਤੋਂ ਰਾਹਤ ਮਿਲੀ। ਮੰਗਲਵਾਰ ਦੁਪਹਿਰ ਰਾਜਸਥਾਨ 'ਚ ਮਾਨਸੂਨ ਨੇ ਦਸਤਕ ਦੇ ਦਿੱਤੀ ਸੀ।
ਅਗਲੇ ਦੋ-ਤਿੰਨ ਦਿਨਾਂ 'ਚ ਮਾਨਸੂਨ ਉੱਤਰ ਭਾਰਤ ਦੇ ਅੱਠ ਸੂਬਿਆਂ ਵੱਲ ਵਧ ਰਿਹਾ ਹੈ। ਭਾਰਤੀ ਮੌਸਮ ਵਿਭਾਗ ਅਨੁਸਾਰ ਉੱਤਰ-ਪੱਛਮ ਭਾਰਤ ਦੇ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਤੇ ਮੱਧ ਪ੍ਰਦੇਸ਼ ਦੇ ਕਈ ਹਿੱਸਿਆਂ 'ਚ ਅਗਲੇ 72 ਘੰਟਿਆਂ 'ਚ ਮਾਨਸੂਨ ਦੀ ਬਾਰਸ਼ ਹੁੰਦੀ ਰਹੇਗੀ। ਇਸ ਨਾਲ ਸਖ਼ਤ ਗਰਮੀ ਤੋਂ ਵੱਡੀ ਰਾਹਤ ਮਿਲੀ ਹੈ। ਅੱਜ ਤੜਕੇ ਹੀ ਬੱਚਿਆਂ ਤੇ ਵੱਡਿਆਂ ਨੇ ਮੀਂਹ ਦਾ ਆਨੰਦ ਲਿਆ, ਪਰ ਇਸ ਦੇ ਨਾਲ ਹੀ ਕੁਝ ਨੀਵੇਂ ਇਲਾਕਿਆਂ ਵਿੱਚ ਪਾਣੀ ਖਲੋਣ ਦੀ ਸਮੱਸਿਆ ਦੀਆਂ ਖ਼ਬਰਾਂ ਵੀ ਆਈਆਂ। ਉੱਤਰ ਪ੍ਰਦੇਸ਼ ਤੇ ਹਿਮਾਚਲ ਪ੍ਰਦੇਸ਼ 'ਚ ਵੀ ਅਗਲੇ ਦੋ ਦਿਨਾਂ 'ਚ ਮਾਨਸੂਨ ਆਉਣ ਦੀ ਸੰਭਾਵਨਾ ਹੈ। ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਤੇਜ਼ ਹਵਾਵਾਂ ਚੱਲਦੀਆਂ ਰਹੀਆਂ ਤੇ ਹਲਕੀ ਕਿਣਮਿਣ (ਬੂੰਦਾ–ਬਾਂਦੀ) ਵੀ ਹੁੰਦੀ ਰਹੈ, ਪਰ ਉਸ ਨਾਲ ਸਮੁੱਚੇ ਇਲਾਕੇ ਵਿੱਚ ਮੌਸਮ ਹੁੰਮਸ ਵਾਲਾ ਹੋ ਗਿਆ ਸੀ। ਕਿਸਾਨ ਵੀ ਇਸ ਮੀਂਹ ਤੋਂ ਖ਼ੁਸ਼ ਹਨ, ਕਿਉਂਕਿ ਝੋਨੇ ਦੀ ਫ਼ਸਲ ਲਈ ਇਹ ਮੀਂਹ ਲਾਹੇਵੰਦਾ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਮੌਸਮ ਵਿਭਾਗ ਦੀ ਸਹਾਇਕ ਵਿਗਿਆਨੀ ਡਾ. ਕੁਲਵਿੰਦਰ ਕੌਰ ਨੇ ਕਿਹਾ ਹੈ ਕਿ 4 ਤੋਂ 6 ਜੁਲਾਈ ਤੱਕ ਸੂਬੇ ਦੀਆਂ ਕਈ ਥਾਵਾਂ 'ਤੇ ਤੇਜ਼ ਹਨੇਰੀ ਅਤੇ ਮੀਂਹ ਪੈ ਸਕਦਾ ਹੈ ਨਾਲ ਉਨ੍ਹਾ ਕਿਹਾ ਕਿ ਇਹ ਪ੍ਰੀ-ਮੌਨਸੂਨ ਸ਼ਾਵਰ ਹੋ ਸਕਦੀਆਂ ਨੇ ਪਰ ਮੌਨਸੂਨ ਪੰਜਾਬ 'ਚ 7 ਤੋਂ ਬਾਅਦ ਹੀ ਦਸਤਕ ਦੇਵੇਗਾ, ਜਿਸ ਨਾਲ ਪਾਰਾ ਵੀ ਹੇਠਾਂ ਡਿੱਗੇਗਾ ਅਤੇ ਕਿਸਾਨਾਂ ਨੂੰ ਵੀ ਰਾਹਤ ਮਿਲੇਗੀ।
ਅੰਮ੍ਰਿਤਸਰ (ਅਵਤਾਰ ਸਿੰਘ ਆਨੰਦ) : ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਹੁੰਮਸ ਅਤੇ ਗਰਮੀ ਨੇ ਸ਼ਹਿਰ ਵਾਸੀਆਂ ਦਾ ਜਿਊਣਾ ਮੁਹਾਲ ਕੀਤਾ ਹੋਇਆ ਸੀ। ਘਰ 'ਚੋਂ ਬਾਹਰ ਨਿਕਲਣਾ ਔਖਾ ਹੋਇਆ ਪਿਆ ਸੀ। ਅੱਜ ਸ਼ਾਮ ਨੂੰ ਹੋਈ ਬਾਰਸ਼ ਨੇ ਗਰਮੀ ਤੋਂ ਕੁਝ ਰਾਹਤ ਦਿੱਤੀ। ਜਿਸ ਨਾਲ ਅੰਮ੍ਰਿਤਸਰ ਵਾਸੀਆਂ ਨੇ ਅੱਤ ਦੀ ਗਰਮੀ ਤੋਂ ਕੁਝ ਰਾਹਤ ਮਹਿਸੂਸ ਕੀਤੀ। ਇਸੇ ਤਰ੍ਹਾਂ ਜੰਡਆਿਲਾ ਗੁਰੂ, ਵੇਰਕਾ, ਅਜਨਾਲਾ, ਅਟਾਰੀ, ਖਾਸਾ ਅਤੇ ਨਾਲ ਲੱਗਦੇ ਕਸਬਿਆਂ 'ਚ ਹੋਈ ਬਾਰਿਸ਼ ਨਾਲ ਲੋਕਾਂ ਨੂੰ ਕੁਝ ਰਾਹਤ ਮਿਲੀ ਹੈ। ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ 'ਚ ਹੋਰ ਬਾਰਿਸ਼ ਹੋਣ ਦੇ ਸੰਕੇਤ ਦਿਤੇ ਹਨ।
ਦਿੱਲੀ 'ਚ ਵੀ ਮਾਨਸੂਨ ਦੀ ਪਹਿਲੀ ਬਾਰਿਸ਼ : ਦਿੱਲੀ ਐੱਨ ਸੀ ਆਰ ਦੇ ਇਲਾਕਿਆਂ 'ਚ ਵੀਰਵਾਰ ਨੂੰ ਮਾਨਸੂਨ ਦੀ ਹਲਕੀ ਬਾਰਿਸ਼ ਨੇ ਦਸਤਕ ਦਿੱਤੀ। ਗੁਰੂਗ੍ਰਾਮ ਫਰੀਦਾਬਾਦ 'ਚ ਹੋਈ ਇਸ ਬਾਰਿਸ਼ ਨਾਲ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ। ਦਿੱਲੀ ਐੱਨ ਸੀ ਆਰ 'ਚ ਦੁਪਹਿਰ ਬਾਅਦ ਹੋਈ ਹਲਕੀ ਬਾਰਿਸ਼ ਨਾਲ ਲੋਕਾਂ ਦੇ ਚੇਹਰੇ ਖਿੜ ਉਠੇ।
ਮੌਸਮ ਵਿਭਾਗ ਦੇ ਅਨੁਮਾਨ 'ਚ ਵੀਰਵਾਰ ਨੂੰ ਬਾਰਿਸ਼ ਹੋਣ ਦੀ ਸੰਭਾਵਨਾ ਪ੍ਰਗਟਾਈ ਗਈ ਸੀ। ਵੀਰਵਾਰ ਨੂੰ ਬਾਰਿਸ਼ ਤੋਂ ਬਾਅਦ ਜ਼ਿਆਦਾਤਰ ਤਾਪਮਾਨ 'ਚ ਗਿਰਾਵਟ ਆਉਣਾ ਲਾਜ਼ਮੀ ਹੈ।
ਮੌਸਮ ਵਿਭਾਗ ਅਨੁਸਾਰ 6 ਅਤੇ 7 ਜੁਲਾਈ ਨੂੰ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਦੁਪਹਿਰ 12 ਵਜੇ ਇੱਥੇ ਤਾਪਮਾਨ 39 ਡਿਗਰੀ ਸੀ, ਉਥੇ ਹੀ ਬਾਰਿਸ਼ ਤੋਂ ਬਾਅਦ ਤਾਪਮਾਨ 36 ਡਿਗਰੀ ਤੱਕ ਪਹੁੰਚ ਗਿਆ। ਮੌਸਮ 'ਚ ਹੋਏ ਬਦਲਾਅ ਦਾ ਅਸਰ ਸ਼ੁੱਕਰਵਾਰ ਨੂੰ ਵੀ ਬਣਿਆ ਰਹੇਗਾ।