Latest News
ਕੈਪਟਨ ਵੱਲੋਂ ਜੇਲ੍ਹਾਂ ਦੀ ਸੁਰੱਖਿਆ ਦਾ ਜਾਇਜ਼ਾ; ਸਾਰੀਆਂ ਜੇਲ੍ਹਾਂ ਲਈ ਡਰੋਨ ਤੇ ਸੀ ਸੀ ਟੀ ਵੀ ਦੇ ਹੁਕਮ ਚੰਡੀਗੜ੍ਹ (ਗੁਰਜੀਤ ਬਿੱਲਾ)

Published on 04 Jul, 2019 11:55 AM.


ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜੇਲ੍ਹਾਂ ਦੀ ਸੁਰੱਖਿਆ ਨੂੰ ਮਜ਼ਬੂਤ ਬਣਾਉਣ ਵਾਸਤੇ ਵੀਰਵਾਰ ਨੂੰ ਸਖ਼ਤ ਕਦਮ ਚੁੱਕੇ ਜਾਣ ਦੇ ਲਏ ਗਏ ਫੈਸਲੇ ਦੇ ਸੰਦਰਭ ਵਿੱਚ ਪੰਜਾਬ ਦੀਆਂ ਸਾਰੀਆਂ ਜੇਲ੍ਹਾਂ ਵਿੱਚ ਡਰੋਨ ਅਤੇ ਸੀ ਸੀ ਟੀ ਵੀ ਕੈਮਰੇ ਉਪਲੱਬਧ ਕਰਾਏ ਜਾਣਗੇ। ਜੇਲ੍ਹ ਸੁਰੱਖਿਆ ਪ੍ਰਣਾਲੀ ਦਾ ਜਾਇਜ਼ਾ ਲੈਣ ਲਈ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਮੁੱਖ ਮੰਤਰੀ ਨੇ ਪੰਜਾਬ ਪੁਲਸ ਦੇ ਇੰਟੈਲੀਜੈਂਸ ਨਾਲ ਸੰਬੰਧਤ ਮੁਲਾਜ਼ਮਾਂ ਨੂੰ ਜੇਲ੍ਹ ਵਿਭਾਗ ਵਿੱਚ ਡੈਪੂਟੇਸ਼ਨ 'ਤੇ ਭੇਜਣ ਦਾ ਫੈਸਲਾ ਕੀਤਾ ਹੈ, ਤਾਂ ਜੋ ਉਹ ਖੁਫੀਆ ਜਾਣਕਾਰੀ ਇਕੱਤਰ ਕਰਨ ਲਈ ਸਟਾਫ਼ ਦੀ ਮਦਦ ਕਰ ਸਕਣ, ਜੋ ਕਿ ਪੁਖਤਾ ਸੁਰੱਖਿਆ ਨੂੰ ਯਕੀਨੀ ਬਣਾਉਣ ਵਾਸਤੇ ਬਹੁਤ ਅਹਿਮ ਹੈ।
ਇਕ ਹੋਰ ਮਹੱਤਵਪੂਰਨ ਕਦਮ ਚੁੱਕਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਸੁਣਵਾਈ ਅਧੀਨ ਗੈਂਗਸਟਰਾਂ ਅਤੇ ਗਰਮ ਖਿਆਲੀਆਂ ਨੂੰ ਹੋਰਨਾਂ ਕੈਦੀਆਂ ਤੋਂ ਵੱਖਰਾ ਕਰਨ ਲਈ ਵਿਆਪਕ ਰਣਨੀਤੀ ਤਿਆਰ ਕਰਨ ਵਾਸਤੇ ਵੀ ਜੇਲ੍ਹ ਵਿਭਾਗ ਨੂੰ ਆਖਿਆ ਹੈ, ਜੋ ਕਿ ਉਨ੍ਹਾਂ ਨੂੰ ਸੂਬੇ ਤੋਂ ਬਾਹਰ ਹੋਰਨਾਂ ਜੇਲ੍ਹਾਂ ਵਿੱਚ ਤਬਦੀਲ ਕਰਨ ਨਾਲ ਹੀ ਸੰਭਵ ਹੋ ਸਕਦਾ ਹੈ। ਇਸ ਪ੍ਰਸਤਾਵ ਦਾ ਉਦੇਸ਼ ਜੇਲ੍ਹਾਂ ਵਿੱਚੋਂ ਗਰਮ ਖਿਆਲੀਆਂ ਅਤੇ ਅੱਤਵਾਦੀਆਂ/ ਗੈਂਗਸਟਰਾਂ ਦੀਆਂ ਅਪਰਾਧਕ ਸਰਗਰਮੀਆਂ ਨੂੰ ਰੋਕਣਾ ਹੈ। ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰਾਂ ਨੂੰ ਮਹੀਨੇ 'ਚ ਇਕ ਵਾਰੀ ਆਪਣੇ-ਆਪਣੇ ਸੰਬੰਧਤ ਜ਼ਿਲ੍ਹਿਆਂ ਦੀਆਂ ਜੇਲ੍ਹਾਂ ਦਾ ਦੌਰਾ ਕਰਨ ਦੇ ਨਿਰਦੇਸ਼ ਦਿੱਤੇ ਹਨ, ਤਾਂ ਜੋ ਇਨ੍ਹਾਂ ਜੇਲ੍ਹਾਂ ਵਿੱਚ ਸੁਰੱਖਿਆ ਪ੍ਰਬੰਧਾਂ ਅਤੇ ਭਲਾਈ ਕਦਮਾਂ 'ਤੇ ਢੁੱਕਵੀਂ ਨਿਗਰਾਨੀ ਰੱਖਣ ਨੂੰ ਯਕੀਨੀ ਬਣਾਇਆ ਜਾ ਸਕੇ। ਮੀਟਿੰਗ ਤੋਂ ਬਾਅਦ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਡਿਪਟੀ ਕਮਿਸ਼ਨਰਾਂ ਨੂੰ ਜੇਲ੍ਹਾਂ ਵਿਚਲੀਆਂ ਘਾਟਾਂ ਦੀ ਸ਼ਨਾਖਤ ਕਰਨ ਲਈ ਨਿੱਜੀ ਤੌਰ 'ਤੇ ਪੜਤਾਲ ਕਰਨ ਲਈ ਕਿਹਾ ਹੈ ਅਤੇ ਸੁਰੱਖਿਆ ਉਪਕਰਨਾਂ ਵਿੱਚ ਦਿਸਦੀ ਕਿਸੇ ਵੀ ਤਰ੍ਹਾਂ ਦੀ ਕਮੀ ਨੂੰ ਬਿਨਾਂ ਕਿਸੇ ਦੇਰੀ ਤੋਂ ਪੂਰੀ ਕਰਨ ਨੂੰ ਯਕੀਨੀ ਬਣਾਉਣ ਲਈ ਆਖਿਆ ਹੈ। ਨਾਭਾ ਜੇਲ੍ਹ ਵਿੱਚ ਬਰਗਾੜੀ ਬੇਅਦਬੀ ਮਾਮਲੇ ਦੇ ਮੁੱਖ ਦੋਸ਼ੀ ਦੀ ਹਾਲ ਹੀ ਵਿੱਚ ਹੋਈ ਹੱਤਿਆ ਅਤੇ ਲੁਧਿਆਣਾ ਜੇਲ੍ਹ ਵਿੱਚ ਹੋਏ ਦੰਗਿਆਂ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਗੰਭੀਰ ਨੋਟਿਸ ਲਿਆ ਹੈ। ਕੈਪਟਨ ਨੇ ਜੇਲ੍ਹ ਮੈਨੂਅਲ ਦਾ ਜਾਇਜ਼ਾ ਲੈਣ ਲਈ ਵੀ ਜੇਲ੍ਹ ਵਿਭਾਗ ਨੂੰ ਹਦਾਇਤ ਕੀਤੀ ਹੈ। ਉਨ੍ਹਾ ਕੈਦੀਆਂ ਵਾਸਤੇ ਪੈਰੋਲ ਨੂੰ ਮੁਸ਼ਕਲ ਬਣਾਉਣ ਲਈ ਢੁੱਕਵੀਆਂ ਸੋਧਾਂ ਕਰਨ ਲਈ ਆਖਿਆ ਹੈ, ਕਿਉਂਕਿ ਇਨ੍ਹਾਂ ਨੂੰ ਜੇਲ੍ਹਾਂ ਤੋਂ ਬਾਹਰ ਆ ਕੇ ਸਮੱਸਿਆਵਾਂ ਪੈਦਾ ਕਰਦੇ ਹੋਏ ਦੇਖਿਆ ਗਿਆ ਹੈ। ਆਈ ਆਰ ਬੀ ਦੇ ਬਦਲੇ ਸੀ ਆਰ ਪੀ ਐੱਫ ਦੀਆਂ ਚਾਰ ਕੰਪਨੀਆਂ ਤਾਇਨਾਤ ਕਰਨ ਲਈ ਹਾਲ ਹੀ ਦੀ ਮੀਟਿੰਗ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਦਿੱਤੀ ਗਈ ਪ੍ਰਵਾਨਗੀ ਦਾ ਜ਼ਿਕਰ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਜਲਦੀ ਤੋਂ ਜਲਦੀ ਇਸ ਸੰਬੰਧੀ ਵਿਧੀ-ਵਿਧਾਨ ਬਣਾਉਣ ਲਈ ਹੁਕਮ ਦਿੱਤੇ ਹਨ। ਜੇਲ੍ਹਾਂ ਵਿੱਚ ਮੋਬਾਈਲ ਫੋਨਾਂ ਆਦਿ ਦੀ ਤਸਕਰੀ ਵਿੱਚ ਪੈਸਕੋ ਮੁਲਾਜ਼ਮਾਂ ਦੀ ਸ਼ਮੂਲੀਅਤ ਸੰਬੰਧੀ ਸ਼ਿਕਾਇਤਾਂ ਦਾ ਨੋਟਿਸ ਲੈਂਦਿਆਂ ਮੁੱਖ ਮੰਤਰੀ ਨੇ ਜੇਲ੍ਹਾਂ ਵਿੱਚ ਤਾਇਨਾਤ ਕੀਤੇ ਜਾਣ ਵਾਲੇ ਅਜਿਹੇ ਸਾਰੇ ਮੁਲਾਜ਼ਮਾਂ ਦੀ ਪਰਖ-ਪੜਤਾਲ ਕਰਨ ਲਈ ਆਖਿਆ ਹੈ। ਉਹਨਾ ਕੈਦੀਆਂ ਨੂੰ ਉਤਪਾਦਕਤਾ ਦੇ ਤੌਰ 'ਤੇ ਰੁੱਝੇ ਹੋਏ ਰੱਖਣ ਵਾਸਤੇ ਡਿਪਟੀ ਕਮਿਸ਼ਨਰਾਂ ਨੂੰ ਐੱਨ ਜੀ ਓਜ਼ ਨਾਲ ਮਿਲ ਕੇ ਕੰਮ ਕਰਨ ਲਈ ਆਖਿਆ, ਤਾਂ ਜੋ ਇਹ ਕੈਦੀ ਜੇਲ੍ਹਾਂ ਦੀਆਂ ਫੈਕਟਰੀਆਂ ਜਾਂ ਐੱਨ ਜੀ ਓਜ਼ ਦੁਆਰਾ ਚਲਾਈਆਂ ਜਾਂਦੀਆਂ ਸਕੀਮਾਂ ਦੇ ਹਿੱਸੇ ਵਜੋਂ ਕੰਮ 'ਚ ਰੁੱਝੇ ਰਹਿਣ। ਮੁੱਖ ਮੰਤਰੀ ਨੇ ਮੁਹਾਲੀ ਵਿਖੇ ਇਕ ਨਵੀਂ ਜੇਲ੍ਹ ਸਥਾਪਤ ਕਰਨ ਦੇ ਜੇਲ੍ਹ ਵਿਭਾਗ ਦੇ ਪ੍ਰਸਤਾਵ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ, ਤਾਂ ਜੋ ਹੋਰਨਾਂ ਜੇਲ੍ਹਾਂ 'ਤੇ ਦਬਾਅ ਅਤੇ ਕੈਦੀਆਂ ਦੀ ਜ਼ਿਆਦਾ ਗਿਣਤੀ ਨੂੰ ਘਟਾਇਆ ਜਾ ਸਕੇ।

321 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper