Latest News
ਹਰੇਨ ਪਾਂਡਿਆ ਕਤਲ ਕੇਸ 'ਚ 12 ਦੋਸ਼ੀਆਂ ਨੂੰ ਬਰੀ ਕਰਨ ਦਾ ਫੈਸਲਾ ਰੱਦ

Published on 05 Jul, 2019 09:26 AM.

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਗੁਜਰਾਤ ਦੇ ਸਾਬਕਾ ਗ੍ਰਹਿ ਮੰਤਰੀ ਹਰੇਨ ਪਾਂਡਿਆ ਦੇ ਕਤਲ ਕੇਸ ਵਿਚ ਟ੍ਰਾਇਲ ਕੋਰਟ ਦੇ ਫੈਸਲੇ ਨੂੰ ਬਹਾਲ ਕਰਦਿਆਂ 12 ਲੋਕਾਂ ਨੂੰ ਦੋਸ਼ੀ ਠਹਿਰਾਇਆ ਹੈ। ਪਾਂਡਿਆ ਨੂੰ 26 ਮਾਰਚ 2003 ਨੂੰ ਅਹਿਮਦਾਬਾਦ ਵਿਚ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ। ਸੀ ਬੀ ਆਈ ਮੁਤਾਬਕ 2002 ਦੇ ਗੁਜਰਾਤ ਦੰਗਿਆਂ ਦਾ ਬਦਲਾ ਲੈਣ ਲਈ ਉਨ੍ਹਾ ਨੂੰ ਮਾਰਿਆ ਗਿਆ ਸੀ। ਜਸਟਿਸ ਅਰੁਣ ਮਿਸ਼ਰਾ ਦੀ ਅਗਵਾਈ ਵਾਲੀ ਬੈਂਚ ਨੇ ਗੁਜਰਾਤ ਹਾਈ ਕੋਰਟ ਵੱਲੋਂ 2011 ਵਿਚ ਸਾਰੇ ਮੁਲਜ਼ਮਾਂ ਨੂੰ ਬਰੀ ਕਰਨ ਦੇ ਹੁਕਮ ਨੂੰ ਰੱਦ ਕਰ ਦਿੱਤਾ। ਸੀ ਬੀ ਆਈ ਨੇ ਹਾਈ ਕੋਰਟ ਦੇ ਫੈਸਲੇ ਖਿਲਾਫ ਅਪੀਲ ਕੀਤੀ ਸੀ। ਸੁਪਰੀਮ ਕੋਰਟ ਨੇ ਸੈਂਟਰ ਫਾਰ ਪਬਲਿਕ ਇੰਟਰੈੱਸਟ ਲਿਟੀਗੇਸ਼ਨ ਨਾਂਅ ਦੀ ਐਨ ਜੀ ਓ ਵੱਲੋਂ ਦਾਇਰ ਪਟੀਸ਼ਨ ਨੂੰ ਖਾਰਜ ਕਰ ਦਿੱਤਾ, ਜਿਸ ਵਿਚ ਮਾਮਲੇ ਦੀ ਨਵੇਂ ਸਿਰਿਓਂ ਜਾਂਚ ਕਰਾਉਣ ਦੀ ਮੰਗ ਕੀਤੀ ਗਈ ਸੀ। ਐੱਨ ਜੀ ਓ 'ਤੇ 50 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਾਇਆ ਗਿਆ ਹੈ। ਐੱਨ ਜੀ ਓ ਨੇ ਸੋਹਰਾਬੂਦੀਨ ਸ਼ੇਖ ਫਰਜ਼ੀ ਮੁਕਾਬਲੇ ਦੇ ਗਵਾਹ ਆਜ਼ਮ ਖਾਨ ਦੀ ਗਵਾਹੀ ਦਾ ਹਵਾਲਾ ਦੇ ਕੇ ਨਵੇਂ ਸਿਰਿਓਂ ਜਾਂਚ ਦੀ ਮੰਗ ਕੀਤੀ ਸੀ। ਫਰਜ਼ੀ ਮੁਕਾਬਲੇ ਦੇ ਕੇਸ ਵਿਚ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੀ ਵੀ ਗ੍ਰਿਫਤਾਰੀ ਹੋਈ ਸੀ, ਭਾਵੇਂ ਉਹ ਬਾਅਦ ਵਿਚ ਬਰੀ ਹੋ ਗਏ ਸਨ। ਐੱਨ ਜੀ ਓ ਨੇ ਕਿਹਾ ਸੀ ਕਿ ਖਾਨ ਨੇ 3 ਨਵੰਬਰ 2018 ਨੂੰ ਟ੍ਰਾਇਲ ਕੋਰਟ ਸਾਹਮਣੇ ਦਾਅਵਾ ਕੀਤਾ ਸੀ ਕਿ ਸੋਹਰਾਬੂਦੀਨ ਨੇ ਉਸ ਨੂੰ ਦੱਸਿਆ ਸੀ ਕਿ ਪਾਂਡਿਆ ਨੂੰ ਮਾਰਨ ਦੀ ਸੁਪਾਰੀ ਪੁਲਸ ਅਫਸਰ ਡੀ ਜੀ ਵਣਜਾਰਾ ਨੇ ਦਿੱਤੀ ਸੀ। ਸੋਹਰਾਬੂਦੀਨ ਦੇ ਸਹਿਯੋਗੀ ਤੁਲਸੀ ਰਾਮ ਪਰਜਾਪਤੀ, ਨਈਮ ਤੇ ਸ਼ਾਹਿਦ ਰਾਮਪੁਰੀ ਨੇ ਪਾਂਡਿਆ ਦਾ ਕਤਲ ਕਰ ਦਿੱਤਾ ਸੀ। ਮਾਮਲੇ ਵਿਚ ਦੋਸ਼ੀ ਠਹਿਰਾਏ ਜਾਣ ਵਾਲਿਆਂ ਵਿਚ ਅਸਗਰ ਅਲੀ, ਮੁਹੰਮਦ ਰਊਫ, ਮੁਹੰਮਦ ਪਰਵੇਜ਼, ਅਬਦੁੱਲ ਕਯੂਮ ਸ਼ੇਖ, ਪਰਵੇਜ਼ ਖਾਨ ਪਠਾਨ ਉਰਫ ਅਤਹਰ ਪਰਵੇਜ਼, ਮੁਹੰਮਦ ਫਾਰੂਕ ਉਰਫ ਹਾਜੀ ਫਾਰੂਕ, ਸ਼ਾਹਨਵਾਜ਼ ਗਾਂਧੀ, ਕਲੀਮ ਅਹਿਮਦ, ਰੇਹਾਨ ਪੁਠਵਾਲਾ, ਮੁਹੰਮਦ ਰਿਆਜ਼ ਸਰੇਸ਼ਵਾਲਾ, ਅਨੀਜ਼ ਮਾਚਿਸਵਾਲਾ, ਮੁਹੰਮਦ ਯੂਨਸ ਸਰੇਸ਼ਵਾਲਾ ਤੇ ਮੁਹੰਮਦ ਸੈਫੂਦੀਨ ਸ਼ਾਮਲ ਹਨ।

134 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper