Latest News
ਪੈਟਰੋਲ-ਡੀਜ਼ਲ ਢਾਈ ਰੁਪਏ ਤੱਕ ਮਹਿੰਗੇ ਹੋਣਗੇ, ਮੁਲਾਜ਼ਮਾਂ ਨੂੰ ਕੋਈ ਰਿਆਇਤ ਨਹੀਂ

Published on 05 Jul, 2019 09:49 AM.

ਨਵੀਂ ਦਿੱਲੀ : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ੁੱਕਰਵਾਰ 2019-20 ਲਈ ਆਮ ਬਜਟ ਪੇਸ਼ ਕਰਦਿਆਂ 28 ਹਜ਼ਾਰ ਕਰੋੜ ਰੁਪਏ ਜੁਟਾਉਣ ਲਈ ਪੈਟਰੋਲ ਤੇ ਡੀਜ਼ਲ 'ਤੇ ਇਕ-ਇਕ ਰੁਪਏ ਐਕਸਾਈਜ਼ ਡਿਊਟੀ ਅਤੇ ਐਡੀਸ਼ਨਲ ਸੈੱਸ ਲਾਉਣ ਦਾ ਐਲਾਨ ਕੀਤਾ। ਇਸ ਤੋਂ ਬਾਅਦ ਵੈਟ ਅਤੇ ਹੋਰ ਲੋਕਲ ਟੈਕਸ ਜੋੜ ਕੇ ਪੈਟਰੋਲ ਢਾਈ ਰੁਪਏ ਤੇ ਡੀਜ਼ਲ ਦੋ ਰੁਪਏ ਤੀਹ ਪੈਸੇ ਪ੍ਰਤੀ ਲੀਟਰ ਮਹਿੰਗਾ ਹੋ ਜਾਵੇਗਾ। ਉਨ੍ਹਾਂ ਸੋਨੇ 'ਤੇ ਕਸਟਮ ਡਿਊਟੀ 10 ਫੀਸਦੀ ਤੋਂ ਵਧਾ ਕੇ ਸਾਢੇ 12 ਫੀਸਦੀ ਕਰਨ ਅਤੇ ਤੰਬਾਕੂ 'ਤੇ ਹੋਰ ਟੈਕਸ ਲਾਉਣ ਦਾ ਵੀ ਐਲਾਨ ਕੀਤਾ। ਇਨਕਮ ਟੈਕਸ ਦੀਆਂ ਦਰਾਂ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ। ਬਜਟ ਤਜਵੀਜ਼ਾਂ ਮੁਤਾਬਕ ਏ ਸੀ, ਸੀ ਸੀ ਟੀ ਵੀ, ਆਟੋ ਪਾਰਟਸ, ਮਾਰਬਲ ਟਾਈਲਾਂ, ਪੀ ਵੀ ਸੀ, ਇੰਪੋਰਟਿਡ ਕਿਤਾਬਾਂ, ਅਖਬਾਰੀ ਕਾਗਜ਼, ਕਾਜੂ, ਮੈਟਲ ਫਿਟਿੰਗ, ਸਿੰਥੈਟਿਕ ਰਬੜ ਤੇ ਡਿਜੀਟਲ ਵੀਡੀਓ ਕੈਮਰੇ ਵੀ ਮਹਿੰਗੇ ਹੋਣਗੇ।
ਉਨ੍ਹਾ ਵੱਲੋਂ ਕੀਤੇ ਗਏ ਹੋਰਨਾਂ ਐਲਾਨਾਂ ਮੁਤਾਬਕ ਹੁਣ 2 ਕਰੋੜ ਤੋਂ 5 ਕਰੋੜ ਸਾਲਾਨਾ ਕਮਾਉਣ ਵਾਲਿਆਂ 'ਤੇ 3 ਫੀਸਦੀ ਅਤੇ 5 ਕਰੋੜ ਤੋਂ ਵੱਧ ਕਮਾਉਣ ਵਾਲਿਆਂ 'ਤੇ 7 ਫੀਸਦੀ ਸਰਚਾਰਜ ਲੱਗੇਗਾ। ਬੈਂਕ 'ਚੋਂ ਇਕ ਸਾਲ ਵਿਚ ਇਕ ਕਰੋੜ ਤੋਂ ਵੱਧ ਰੁਪਏ ਕਢਾਉਣ ਵਾਲਿਆਂ 'ਤੇ 2 ਫੀਸਦੀ ਟੀ ਡੀ ਅੱੈਸ ਲੱਗੇਗਾ, ਯਾਨੀ ਸਾਲਾਨਾ ਇਕ ਕਰੋੜ ਕਢਾਉਣ 'ਤੇ 2 ਲੱਖ ਰੁਪਏ ਟੈਕਸ ਕੱਟ ਜਾਏਗਾ। ਲੋਕ ਆਧਾਰ ਕਾਰਡ ਨਾਲ ਵੀ ਇਨਕਮ ਟੈਕਸ ਭਰ ਸਕਣਗੇ। ਪੈਨ ਕਾਰਡ ਜ਼ਰੂਰੀ ਨਹੀਂ ਰਹੇਗਾ। 45 ਲੱਖ ਰੁਪਏ ਦਾ ਘਰ ਖਰੀਦਣ 'ਤੇ ਹੋਰ ਡੇਢ ਲੱਖ ਦੀ ਛੋਟ ਮਿਲੇਗੀ। ਮਤਲਬ ਹਾਊਸਿੰਗ ਲੋਨ ਦੇ ਵਿਆਜ 'ਤੇ ਮਿਲਣ ਵਾਲੀ ਛੋਟ 2 ਲੱਖ ਰੁਪਏ ਤੋਂ ਵਧ ਕੇ ਸਾਢੇ ਤਿੰਨ ਲੱਖ ਰੁਪਏ ਹੋ ਜਾਏਗੀ। ਢਾਈ ਲੱਖ ਰੁਪਏ ਤੱਕ ਦਾ ਇਲੈਕਟ੍ਰਿਕ ਵਹੀਕਲ ਖਰੀਦਣ 'ਤੇ ਵੀ ਛੋਟ ਮਿਲੇਗੀ। ਈ-ਵਹੀਕਲ 'ਤੇ ਜੀ ਐੱਸ ਟੀ 12 ਫੀਸਦੀ ਤੋਂ ਘਟਾ ਕੇ 5 ਫੀਸਦੀ ਕੀਤੀ ਜਾਏਗੀ। 400 ਕਰੋੜ ਦੇ ਟਰਨਓਵਰ ਵਾਲੀਆਂ ਕੰਪਨੀਆਂ ਨੂੰ 25 ਫੀਸਦੀ ਕਾਰਪੋਰੇਟ ਟੈਕਸ ਲੱਗੇਗਾ। ਪਹਿਲਾਂ 250 ਕਰੋੜ ਤੋਂ ਸ਼ੁਰੂ ਹੋ ਜਾਂਦਾ ਸੀ। ਇਸ ਨਾਲ 99 ਫੀਸਦੀ ਕੰਪਨੀਆਂ ਟੈਕਸ ਦੇ ਘੇਰੇ ਵਿਚ ਆ ਜਾਣਗੀਆਂ। 400 ਕਰੋੜ ਤੋਂ ਉੱਪਰ ਵਾਲੀਆਂ ਕੰਪਨੀਆਂ 'ਤੇ 30 ਫੀਸਦੀ ਕਾਰਪੋਰੇਟ ਟੈਕਸ ਲੱਗੇਗਾ।
ਸਟਾਰਟ-ਅੱਪ ਨੂੰ ਵੱਡੀ ਛੋਟ ਮਿਲੇਗੀ। ਇਨ੍ਹਾਂ ਨੂੰ ਐਂਜਲ ਟੈਕਸ ਨਹੀਂ ਦੇਣਾ ਪਏਗਾ ਤੇ ਇਨਕਮ ਟੈਕਸ ਵਿਭਾਗ ਵੀ ਇਨ੍ਹਾਂ ਦੀ ਜਾਂਚ ਨਹੀਂ ਕਰੇਗਾ। ਵਿਨਿਵੇਸ਼ ਦੇ ਜ਼ਰੀਏ ਇਕ ਲੱਖ ਕਰੋੜ ਰੁਪਏ ਜੁਟਾਏ ਜਾਣਗੇ। ਏਅਰ ਇੰਡੀਆ ਵਿਚ ਵੀ ਵਿਨਿਵੇਸ਼ ਕੀਤਾ ਜਾਏਗਾ। ਨਾਨ-ਰੈਜ਼ੀਡੈਂਟ ਇੰਡੀਅਨ ਨੂੰ ਭਾਰਤ ਆਉਂਦਿਆਂ ਹੀ ਆਧਾਰ ਕਾਰਡ ਮਿਲੇਗਾ। ਇਸ ਲਈ ਉਸ ਨੂੰ 180 ਦਿਨ ਭਾਰਤ ਵਿਚ ਰਹਿਣ ਦੀ ਜ਼ਰੂਰਤ ਨਹੀਂ ਹੋਵੇਗੀ। ਜਨਧਨ ਖਾਤੇ ਵਾਲੀਆਂ ਮਹਿਲਾਵਾਂ ਨੂੰ 5 ਹਜ਼ਾਰ ਰੁਪਏ ਓਵਰਡਰਾਫਟ ਦੀ ਸਹੂਲਤ ਦਿੱਤੀ ਜਾਏਗੀ। ਮਹਿਲਾਵਾਂ ਲਈ ਵੱਖਰੇ ਇਕ ਲੱਖ ਰੁਪਏ ਦੇ ਮੁਦਰਾ ਲੋਨ ਦੀ ਵਿਵਸਥਾ ਕੀਤੀ ਜਾਏਗੀ। ਛੋਟੇ ਦੁਕਾਨਦਾਰਾਂ ਨੂੰ ਪੈਨਸ਼ਨ ਦਿੱਤੀ ਜਾਏਗੀ। ਉਨ੍ਹਾਂ ਨੂੰ 59 ਮਿੰਟ ਵਿਚ ਲੋਨ ਦਿੱਤੇ ਜਾਣ ਦੀ ਯੋਜਨਾ ਹੈ।

347 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper