Latest News
ਕਾਂਗਰਸ ਪਾਰਟੀ ਵਿੱਚ ਸੱਤਾ ਦੀ ਭੁੱਖ ਦੇ ਪੁਆੜੇ

Published on 07 Jul, 2019 10:24 AM.


ਕਰਨਾਟਕਾ ਦੀ ਸਰਕਾਰ ਇੱਕ ਵਾਰ ਫਿਰ ਵੱਡੇ ਸੰਕਟ ਵਿੱਚ ਹੈ। ਇਸ ਦੀ ਅਗਵਾਈ ਕਰਦੀ ਜਨਤਾ ਦਲ ਐੱਸ ਪਾਰਟੀ ਦੇ ਤਿੰਨ ਅਤੇ ਹਮਾਇਤ ਕਰਦੀ ਕਾਂਗਰਸ ਪਾਰਟੀ ਦੇ ਅੱਠ ਵਿਧਾਇਕਾਂ ਨੇ ਵਿਧਾਨ ਸਭਾ ਮੈਂਬਰੀ ਤੋਂ ਅਸਤੀਫੇ ਦਿੱਤੇ ਤੇ ਮੁੰਬਈ ਦੇ ਇੱਕ ਹੋਟਲ ਵਿੱਚ ਜਾ ਬੈਠੇ ਹਨ। ਪਿਛਲੇਰੇ ਮਹੀਨੇ ਵੀ ਇੱਕ ਦਿਨ ਇਸ ਤਰ੍ਹਾਂ ਤਿੰਨ ਵਿਧਾਇਕ ਆਪਣੇ ਕਰਨਾਟਕਾ ਰਾਜ ਤੋਂ ਖਿਸਕ ਕੇ ਮੁੰਬਈ ਦੇ ਹੋਟਲ ਵਿੱਚ ਜਾ ਬੈਠੇ ਸਨ ਤੇ ਰੌਲਾ ਪਿਆ ਸੀ ਕਿ ਰਾਜ ਸਰਕਾਰ ਅੱਜ-ਭਲਕ ਵਿੱਚ ਟੁੱਟਣ ਦੀ ਸਥਿਤੀ ਬਣ ਗਈ ਹੈ। ਬਾਅਦ ਵਿੱਚ ਉਹ ਕਿਸੇ ਤਰ੍ਹਾਂ ਮੋੜ ਲਿਆਂਦੇ ਸਨ। ਉਸ ਵਕਤ ਉਨ੍ਹਾਂ ਨੇ ਵਾਪਸ ਆ ਕੇ ਰਾਜ ਸਰਕਾਰ ਟੁੱਟਣ ਤੋਂ ਬਚਾ ਲਈ, ਪਰ ਆਪਣੀ ਨਾਰਾਜ਼ਗੀ ਲੁਕਾਉਣ ਦੀ ਲੋੜ ਨਹੀਂ ਸੀ ਸਮਝੀ। ਓਦੋਂ ਵਾਲੇ ਉਹ ਸਾਰੇ ਮੈਂਬਰ ਕਾਂਗਰਸ ਪਾਰਟੀ ਦੇ ਨਾਲ ਸੰਬੰਧਤ ਸਨ ਤੇ ਸਮਝਿਆ ਜਾਂਦਾ ਸੀ ਕਿ ਸਾਬਕਾ ਕਾਂਗਰਸੀ ਮੁੱਖ ਮੰਤਰੀ ਸਿੱਦਾਰਮਈਆ ਆਪ ਪਾਸੇ ਰਹਿੰਦਾ ਤੇ ਆਪਣੇ ਮੈਂਬਰਾਂ ਨੂੰ ਇਸ ਤਰ੍ਹਾਂ ਕਰਨ ਲਈ ਤੋਰ ਛੱਡਦਾ ਹੈ, ਪਰ ਇਸ ਵਾਰੀ ਉਸ ਦੀ ਥਾਂ ਸਿੱਧੀ ਉਂਗਲ ਭਾਜਪਾ ਦੇ ਵੱਲ ਉੱਠੀ ਹੈ ਕਿ ਉਨ੍ਹਾਂ ਨੇ ਚੁੱਕਣਾ ਦੇ ਕੇ ਇਨ੍ਹਾਂ ਗਿਆਰਾਂ ਨੂੰ ਅਸਤੀਫੇ ਦੇਣ ਨੂੰ ਉਕਸਾਇਆ ਹੈ। ਇਹ ਗੱਲ ਠੀਕ ਹੋਵੇ ਜਾਂ ਗਲਤ, ਇਹ ਨਿਬੇੜਾ ਕਰਨਾ ਔਖਾ ਹੈ, ਪਰ ਏਨਾ ਸਪੱਸ਼ਟ ਹੈ ਕਿ ਕਰਨਾਟਕਾ ਦੀ ਰਾਜ ਸਰਕਾਰ ਇਸ ਵਕਤ ਬੁਰੀ ਤਰ੍ਹਾਂ ਸੰਕਟ ਦੀ ਸ਼ਿਕਾਰ ਹੈ।
ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਉਸ ਰਾਜ ਦੇ ਲੋਕਾਂ ਨੇ ਤਿੰਨ ਧਿਰੀ ਮੁਕਾਬਲਾ ਹੁੰਦਾ ਵੇਖਿਆ ਤਾਂ ਇਨ੍ਹਾਂ ਵਿੱਚੋਂ ਕਿਸੇ ਇੱਕ ਧਿਰ ਨੂੰ ਸਿੱਧੀ ਬਹੁ-ਸੰਮਤੀ ਨਹੀਂ ਸੀ ਬਖਸ਼ੀ। ਭਾਜਪਾ ਦੇ ਵਿਧਾਇਕ ਵੱਧ ਸਨ, ਪਰ ਉਸ ਦੇ ਨਾਲ ਜੁੜਨ ਨੂੰ ਕੋਈ ਹੋਰ ਧਿਰ ਰਾਜ਼ੀ ਨਹੀਂ ਸੀ ਅਤੇ ਦੂਸਰੀ ਵੱਡੀ ਪਾਰਟੀ ਕਾਂਗਰਸ ਵਾਲਿਆਂ ਨੇ ਤੀਸਰੀ ਵੱਡੀ ਪਾਰਟੀ ਜਨਤਾ ਦਲ ਐੱਸ ਵੱਲ ਖੁਦ ਹੀ ਸੁਨੇਹਾ ਭੇਜਿਆ ਸੀ ਕਿ ਭਾਜਪਾ ਨੂੰ ਸੱਤਾ ਤੋਂ ਲਾਂਭੇ ਰੱਖਣ ਲਈ ਉਹ ਜਨਤਾ ਦਲ ਐੱਸ ਦੀ ਸਰਕਾਰ ਬਣਾਉਣ ਨੂੰ ਤਿਆਰ ਹਨ। ਨਤੀਜੇ ਵਜੋਂ ਜਨਤਾ ਦਲ ਐੱਸ ਦੇ ਕੁਮਾਰਾਸਵਾਮੀ ਦੀ ਅਗਵਾਈ ਵਿੱਚ ਸਾਂਝੀ ਸਰਕਾਰ ਬਣ ਗਈ ਸੀ। ਇਸ ਦੇ ਬਾਅਦ ਜਿਵੇਂ ਹਲੀਮੀ ਨਾਲ ਚੱਲਣਾ ਚਾਹੀਦਾ ਸੀ, ਕਾਂਗਰਸ ਵਾਲਿਆਂ ਤੋਂ ਉਹ ਨਹੀਂ ਵਿਖਾਈ ਜਾ ਸਕੀ ਅਤੇ ਉਹ ਛੇਤੀ ਹੀ ਆਪਣੀ ਪਾਰਟੀ ਵੱਡੀ ਹੋਣ ਅਤੇ ਰਾਜ ਸਰਕਾਰ ਵਿੱਚ ਵਜ਼ੀਰਾਂ ਦਾ ਕੋਟਾ ਘੱਟ ਅਤੇ ਵਜ਼ੀਰੀਆਂ ਵੀ ਮਹੱਤਵ ਪੂਰਨ ਨਾ ਦਿੱਤੇ ਜਾਣ ਦਾ ਰੋਣਾ ਛੋਹ ਬੈਠੇ ਸਨ। ਦੂਸਰੇ ਪਾਸੇ ਜਨਤਾ ਦਲ ਐੱਸ ਦੇ ਕਈ ਲੋਕ ਕਾਂਗਰਸ ਨਾਲ ਘੁਟਨ ਹੀ ਨਹੀਂ ਸੀ ਮਹਿਸੂਸ ਕਰਦੇ, ਉਹ ਅੰਦਰਖਾਤੇ ਭਾਜਪਾ ਦੇ ਲੀਡਰਾਂ ਨਾਲ ਵੀ ਅੱਖਾਂ ਮਿਲਾਉਣ ਲੱਗ ਪਏ ਸਨ ਅਤੇ ਨਤੀਜੇ ਵਜੋਂ ਪਾਰਲੀਮੈਂਟ ਚੋਣਾਂ ਵਿੱਚ ਉਸ ਰਾਜ ਤੋਂ ਭਾਜਪਾ ਵੱਡਾ ਹਿੱਸਾ ਹੂੰਝ ਗਈ ਸੀ। ਇਸ ਤੋਂ ਬਾਅਦ ਦੋਵਾਂ ਧਿਰਾਂ ਦੀ ਕੁੜੱਤਣ ਕਦੀ ਵੀ ਨਹੀਂ ਘਟੀ।
ਪਿਛਲੇ ਦਿਨੀਂ ਮੁੱਖ ਮੰਤਰੀ ਕੁਮਾਰਾਸਵਾਮੀ ਨੂੰ ਅਮਰੀਕਾ ਜਾਣਾ ਪਿਆ ਅਤੇ ਉਹ ਜਦੋਂ ਲਿੰਗਾਇਤ ਭਾਈਚਾਰੇ ਦੇ ਇੱਕ ਸਮਾਗਮ ਵਿੱਚ ਓਥੇ ਹਾਜ਼ਰੀ ਭਰਦੇ ਪਏ ਸਨ ਤਾਂ ਸੁਨੇਹਾ ਪਹੁੰਚ ਗਿਆ ਕਿ ਗਿਆਰਾਂ ਵਿਧਾਇਕਾਂ ਨੇ ਆਪਣੇ ਅਸਤੀਫੇ ਵਿਧਾਨ ਸਭਾ ਦੇ ਸਪੀਕਰ ਦੇ ਦਫਤਰ ਨੂੰ ਜਾ ਦਿੱਤੇ ਹਨ। ਇਸ ਸੁਨੇਹੇ ਨਾਲ ਓਥੇ ਉਸ ਮੁੱਖ ਮੰਤਰੀ ਦੀ ਸਥਿਤੀ ਵੀ ਹਾਸੋਹੀਣੀ ਹੋਣ ਦੀ ਗੱਲ ਸੋਚੀ ਜਾ ਸਕਦੀ ਹੈ, ਪਰ ਨਾਲ ਹੀ ਭਾਰਤ ਅਤੇ ਕਰਨਾਟਕਾ ਰਾਜ ਬਾਰੇ ਵੀ ਲੋਕਾਂ ਵਿੱਚ ਭਾਂਤ-ਭਾਂਤ ਦੀਆਂ ਗੱਲਾਂ ਹੋਣ ਲੱਗ ਪਈਆਂ ਹੋਣਗੀਆਂ। ਪਹਿਲਾਂ ਵੀ ਇੱਕ-ਦੋ ਵਾਰੀ ਏਦਾਂ ਦੀ ਸਥਿਤੀ ਪੈਦਾ ਹੋ ਚੁੱਕੀ ਹੈ। ਇੱਕ ਵਾਰੀ ਭਾਰਤ ਸਰਕਾਰ ਦਾ ਇੱਕ ਮੰਤਰੀ ਵੀ ਵਿਦੇਸ਼ ਦੌਰੇ ਲਈ ਜਦੋਂ ਗਿਆ ਹੋਇਆ ਸੀ ਤਾਂ ਪਿੱਛੋਂ ਪਾਰਲੀਮੈਂਟ ਦੇ ਸਪੀਕਰ ਨੇ ਦਲ-ਬਦਲੀ ਕਾਨੂੰਨ ਹੇਠ ਉਸ ਦੀ ਮੈਂਬਰੀ ਖਤਮ ਕਰ ਦਿੱਤੀ ਸੀ। ਜਦੋਂ ਏਦਾਂ ਦੀ ਕੋਈ ਘਟਨਾ ਵਾਪਰਦੀ ਹੈ ਤਾਂ ਵਿਦੇਸ਼ੀਂ ਵੱਸਦੇ ਸਾਡੇ ਭਾਰਤੀ ਲੋਕ ਇਸ ਤੋਂ ਬਹੁਤ ਬੁਰਾ ਮਹਿਸੂਸ ਕਰਦੇ ਹਨ ਤੇ ਬਾਕੀ ਕੌਮਾਂ ਸਾਹਮਣੇ ਆਪਣੀ ਬੇਇੱਜ਼ਤੀ ਹੋਈ ਮੰਨਦੇ ਹਨ। ਭਾਰਤ ਦੇ ਆਗੂ ਲੋਕ ਇਹੋ ਜਿਹੀ ਇੱਜ਼ਤ ਜਾਂ ਬੇਇੱਜ਼ਤੀ ਮਹਿਸੂਸ ਕਰਨ ਵਾਲੀ ਮਿੱਟੀ ਤੋਂ ਬਣੇ ਹੀ ਨਹੀਂ, ਸਗੋਂ ਬੜੇ ਭੱਦੇ ਢੰਗ ਨਾਲ ਇਸ ਤਰ੍ਹਾਂ ਦੀ ਹਰ ਕਾਰਵਾਈ ਨੂੰ ਜਾਇਜ਼ ਠਹਿਰਾਉਣ ਲੱਗਦੇ ਹਨ। ਇਸ ਵਾਰੀ ਫਿਰ ਇਹੋ ਹੋ ਰਿਹਾ ਹੈ। ਕੱਲ੍ਹ ਤੱਕ ਕਾਂਗਰਸ ਲਈ ਵਫਾਦਾਰੀ ਦੇ ਦਾਅਵੇਦਾਰ ਇਹ ਕਹਿੰਦੇ ਸਨ ਕਿ ਭਾਜਪਾ ਦੇ ਪੱਲੇ ਕੀ ਹੈ, ਸਾਡੀ ਪਾਰਟੀ ਨੇ ਦੇਸ਼ ਨੂੰ ਆਜ਼ਾਦੀ ਦਿਵਾਈ ਹੈ ਅਤੇ ਆਪਣੇ ਇਸ ਦਾਅਵੇ ਵਿੱਚ ਸ਼ਹੀਦਾਂ ਦੀਆਂ ਕੁਰਬਾਨੀਆਂ ਵੀ ਭੁਲਾ ਕੇ ਸਿਰਫ ਕਾਂਗਰਸ ਨੂੰ ਸਿਹਰਾ ਦੇਈ ਜਾ ਰਹੇ ਸਨ ਅਤੇ ਉਹ ਅੱਜ ਇਹ ਗੱਲ ਕਹਿਣ ਵਿੱਚ ਸ਼ਰਮ ਮਹਿਸੂਸ ਨਹੀਂ ਕਰਦੇ ਕਿ ਅਸੀਂ ਭਾਜਪਾ ਵਿੱਚ ਜਾਣ ਨੂੰ ਤਿਆਰ ਬੈਠੇ ਹੋਏ ਹਾਂ। ਪਾਰਟੀਆਂ ਬਦਲਣ ਦੀ ਕਿਰਿਆ ਕਈ ਲੋਕਾਂ ਨੇ ਆਪਣੇ ਰੰਗ-ਬਰੰਗੇ ਸੂਟ ਬਦਲਣ ਦੇ ਬਰਾਬਰ ਹੀ ਸਮਝ ਲਈ ਜਾਪਦੀ ਹੈ।
ਉਂਜ ਕਾਂਗਰਸ ਪਾਰਟੀ ਨੂੰ ਵੀ ਇਹ ਸੋਚਣਾ ਚਾਹੀਦਾ ਹੈ ਕਿ ਉਸ ਵਿੱਚ ਅੱਜ ਉਹ ਲੋਕ ਥੋੜ੍ਹੇ ਬਚੇ ਹਨ, ਜਿਹੜੇ ਦੇਸ਼ ਤੇ ਕਦਰਾਂ-ਕੀਮਤਾਂ ਜਾਂ ਪਾਰਟੀ ਨਾਲ ਵਫਾ ਪਾਲਣ ਵਾਲੇ ਕਹੇ ਜਾ ਸਕਦੇ ਹਨ। ਬਹੁਤੇ ਆਗੂ ਅੱਜ-ਕੱਲ੍ਹ ਇਸ ਪਾਰਟੀ ਵਿੱਚ ਏਦਾਂ ਦੇ ਮਿਲਦੇ ਹਨ, ਜਿਹੜੇ ਸਿਰਫ ਸੱਤਾ ਦਾ ਸੁੱਖ ਮੁੱਖ ਰੱਖਦੇ ਹਨ। ਗੋਆ ਵਿੱਚ ਜਦੋਂ ਲੋੜ ਤੋਂ ਛੇ ਵਿਧਾਇਕ ਭਾਜਪਾ ਕੋਲ ਘਟਦੇ ਸਨ ਤਾਂ ਉਸ ਨੇ ਛੋਟੀਆਂ ਪਾਰਟੀਆਂ ਨਾਲ ਸੌਦਾ ਮਾਰਿਆ ਅਤੇ ਸਾਰੇ ਮੰਤਰੀ ਉਨ੍ਹਾਂ ਦੇ ਬਣਾ ਕੇ ਆਪਣਾ ਸਿਰਫ ਮੁੱਖ ਮੰਤਰੀ ਬਣਾ ਕੇ ਕੰਮ ਚੱਲਦਾ ਕਰ ਲਿਆ ਸੀ, ਉਸ ਦੇ ਕਿਸੇ ਵਿਧਾਇਕ ਨੇ ਵਜ਼ੀਰੀ ਲਈ ਭੁੱਖ ਜ਼ਾਹਰ ਨਹੀਂ ਸੀ ਕੀਤੀ ਤੇ ਕੋਈ ਪਾਰਟੀ ਨੂੰ ਇਹ ਕਹਿੰਦਾ ਵੀ ਨਹੀਂ ਸੀ ਸੁਣਿਆ ਕਿ ਵਜ਼ੀਰ ਨਾ ਬਣਾਇਆ ਤਾਂ ਪਾਰਟੀ ਛੱਡ ਦਿਆਂਗਾ। ਕਾਂਗਰਸ ਦੇ ਲੀਡਰ ਹਰ ਰਾਜ ਦੇ ਵਿੱਚ ਕੁਰਸੀਆਂ ਦੀ ਜੰਗ ਵਿੱਚ ਰੁੱਝੇ ਪਏ ਜਾਪਦੇ ਹਨ। ਕਰਨਾਟਕਾ ਵਿੱਚ ਵੀ ਉਨ੍ਹਾਂ ਦੀ ਏਸੇ ਭੁੱਖ ਨੇ ਪੁਆੜੇ ਪਾਏ ਹਨ। ਸਾਡੇ ਪੰਜਾਬ ਵਿੱਚ ਵੀ ਇਸ ਤਰ੍ਹਾਂ ਦੀਆਂ ਸੁਰਾਂ ਕਈ ਵਾਰ ਨਿਕਲ ਚੁੱਕੀਆਂ ਹਨ ਤੇ ਵਾਰ-ਵਾਰ ਇਸ ਨਾਲ ਚਿੰਤਾ ਪੈਦਾ ਹੁੰਦੀ ਰਹਿੰਦੀ ਹੈ।
ਪਾਰਲੀਮੈਂਟ ਚੋਣਾਂ ਵਿੱਚ ਹਾਰ ਹੋਣ ਪਿੱਛੋਂ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੇ ਅਸਤੀਫਾ ਦੇ ਦਿੱਤਾ ਤੇ ਨਾਲ ਇਹ ਗੱਲ ਕਹੀ ਸੀ ਕਿ ਹਰ ਕੋਈ ਸੱਤਾ ਸੁਖ ਨੂੰ ਪਹਿਲ ਦੇ ਰਿਹਾ ਹੈ। ਇਸ ਦੇ ਬਾਅਦ ਵੀ ਇਸ ਪਾਰਟੀ ਦੀ ਹਾਲਤ ਸੁਧਰੀ ਨਹੀਂ। ਜਿਸ ਨਾਟਕ ਦਾ ਇਸ ਵਕਤ ਕਰਨਾਟਕਾ ਦੀ ਸਰਕਾਰ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ, ਉਸ ਨੂੰ ਜੇ ਇਹ ਪਾਰਟੀ ਸੰਭਾਲ ਨਾ ਸਕੇਗੀ ਤਾਂ ਇਸ ਦੀ ਹਾਲਤ ਹੋਰ ਖਰਾਬ ਹੋ ਜਾਵੇਗੀ। ਇਸ ਨੂੰ ਸੁਧਾਰਨ ਵਾਸਤੇ ਪਹਿਲਾਂ ਸੱਤਾ ਦੀ ਭੁੱਖ ਦਾ ਇਲਾਜ ਕਰਨ ਦੀ ਲੋੜ ਹੈ।

794 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper