Latest News
ਰਾਸ਼ਟਰ-ਵਿਰੋਧੀ ਹੋਣ ਦਾ ਸਰਟੀਫਿਕੇਟ ਦੇਣ ਵਾਲਿਆਂ ਤੋਂ ਡਰਨ ਦੀ ਲੋੜ ਨਹੀਂ : ਸ਼ਬਾਨਾ

Published on 07 Jul, 2019 10:37 AM.


ਇੰਦੌਰ : ਉੱਘੀ ਫਿਲਮ ਅਭਿਨੇਤਰੀ ਤੇ ਸਮਾਜੀ ਕਾਰਕੁੰਨ ਸ਼ਬਾਨਾ ਆਜ਼ਮੀ ਨੇ ਕਿਹਾ ਹੈ ਕਿ ਸਰਕਾਰ ਦੀ ਅਲੋਚਨਾ ਕਰਨ ਵਾਲਿਆਂ ਨੂੰ ਤੁਰੰਤ ਰਾਸ਼ਟਰ-ਵਿਰੋਧੀ ਦਾ ਤਮਗਾ ਦੇ ਦਿੱਤਾ ਜਾਂਦਾ ਹੈ। ਇਥੇ ਸ਼ਨੀਵਾਰ ਇਕ ਪ੍ਰੋਗਰਾਮ ਵਿਚ ਪੁੱਜੀ ਸ਼ਬਾਨਾ ਨੇ ਕਿਹਾ, ''ਸਾਡੇ ਮੁਲਕ ਦੇ ਭਲੇ ਲਈ ਜ਼ਰੂਰੀ ਹੈ ਕਿ ਅਸੀਂ ਇਸ ਦੀਆਂ ਬੁਰਾਈਆਂ ਵੀ ਦੱਸੀਏ। ਜੇ ਅਸੀਂ ਬੁਰਾਈਆਂ ਨਹੀਂ ਦੱਸਾਂਗੇ ਤਾਂ ਹਾਲਾਤ ਵਿਚ ਸੁਧਾਰ ਕਿਵੇਂ ਲਿਆਵਾਂਗੇ। ਪਰ ਮਾਹੌਲ ਇਸ ਤਰ੍ਹਾਂ ਦਾ ਬਣ ਰਿਹਾ ਹੈ ਕਿ ਜੇ ਤੁਸੀਂ ਆਪਣੀ ਸਰਕਾਰ ਦੀ ਬੁਰਾਈ ਕੀਤੀ ਤਾਂ ਤੁਹਾਨੂੰ ਫੌਰਨ ਰਾਸ਼ਟਰ-ਵਿਰੋਧੀ ਕਹਿ ਦਿੱਤਾ ਜਾਂਦਾ ਹੈ। ਸਾਨੂੰ ਇਸਤੋਂ ਡਰਨਾ ਨਹੀਂ ਚਾਹੀਦਾ ਤੇ ਇਨ੍ਹਾਂ ਦੇ ਸਰਟੀਫਿਕੇਟ ਦੀ ਕਿਸੇ ਨੂੰ ਲੋੜ ਵੀ ਨਹੀਂ ਹੈ।'' ਸ਼ਬਾਨਾ ਨੇ ਕਿਹਾ, ''ਅਸੀਂ ਗੰਗਾ-ਜਮਨਾ ਤਹਿਜ਼ੀਬ ਵਿਚ ਪਲੇ-ਵਧੇ ਹਾਂ। ਸਾਨੂੰ ਮੌਜੂਦਾ ਹਾਲਾਤ ਦੇ ਅੱਗੇ ਗੋਡੇ ਨਹੀਂ ਟੇਕਣੇ ਚਾਹੀਦੇ।'' ਉਨ੍ਹਾ ਫਿਰਕਾਪ੍ਰਸਤੀ ਦਾ ਵਿਰੋਧ ਕਰਦਿਆਂ ਕਿਹਾ, ''ਹਿੰਦੁਸਤਾਨ ਇਕ ਖੂਬਸੂਰਤ ਮੁਲਕ ਹੈ। ਲੋਕਾਂ ਨੂੰ ਵੰਡਣ ਦੀ ਕੋਸ਼ਿਸ਼ ਇਸ ਮੁਲਕ ਲਈ ਸਹੀ ਨਹੀਂ ਹੋ ਸਕਦੀ। ਫਿਰਕੂ ਦੰਗਿਆਂ ਨਾਲ ਸਭ ਤੋਂ ਵੱਧ ਤਕਲੀਫ ਮਹਿਲਾਵਾਂ ਨੂੰ ਹੁੰਦੀ ਹੈ। ਦੰਗਿਆਂ ਨਾਲ ਇਕ ਮਹਿਲਾ ਦਾ ਘਰ ਬਰਬਾਦ ਹੁੰਦਾ ਹੈ। ਉਸ ਦੇ ਬੱਚੇ ਬੇਘਰ ਹੋ ਜਾਂਦੇ ਹਨ ਤੇ ਉਹ ਸਕੂਲ ਨਹੀਂ ਜਾ ਪਾਉਂਦੇ।'' ਅੱਧੀ ਅਬਾਦੀ ਦੇ ਹਿੱਤ ਵਿਚ ਵਰਨਣਯੋਗ ਯੋਗਦਾਨ ਲਈ ਸ਼ਬਾਨਾ ਨੂੰ ਸ਼ਹਿਰ ਦੇ ਆਨੰਦ ਮੋਹਨ ਮਾਥੁਰ ਚੈਰੀਟੇਬਲ ਟਰੱਸਟ ਵੱਲੋਂ 'ਕੁੰਤੀ ਮਾਥੁਰ ਸਨਮਾਨ' ਨਾਲ ਨਿਵਾਜਿਆ ਗਿਆ।

436 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper