Latest News
ਕਰਨਾਟਕ ਦੇ ਬਾਗੀ ਵਿਧਾਇਕਾਂ ਨੂੰ ਮੁੰਬਈ ਲਿਜਾਣ ਵਾਲਾ ਜਹਾਜ਼ ਭਾਜਪਾ ਸਾਂਸਦ ਦਾ

Published on 07 Jul, 2019 10:42 AM.

ਬੇਂਗਲੁਰੂ : ਕਾਂਗਰਸ ਤੇ ਜਨਤਾ ਦਲ (ਸੈਕੂਲਰ) ਦੇ 10 ਬਾਗੀ ਵਿਧਾਇਕਾਂ ਨੂੰ ਸ਼ਨੀਵਾਰ ਰਾਤ ਮੁੰਬਈ ਲਿਆਉਣ ਵਾਲਾ ਚਾਰਟਰਡ ਜਹਾਜ਼ ਭਾਜਪਾ ਦੇ ਰਾਜਸਭਾ ਮੈਂਬਰ ਰਾਜੀਵ ਚੰਦਰਸ਼ੇਖਰ ਦੀ ਕੰਪਨੀ ਜੁਪੀਟਰ ਕੈਪੀਟਲ ਪ੍ਰਾਈਵੇਟ ਲਿਮਟਿਡ ਦਾ ਹੈ। ਕੰਪਨੀ ਦੇ ਸੂਤਰਾਂ ਨੇ ਇਹ ਗੱਲ ਮੰਨੀ ਹੈ ਪਰ ਇਸਦੇ ਇਕ ਉੱਚ ਅਧਿਕਾਰੀ ਨੇ ਕਿਹਾ ਕਿ ਕੋਈ ਵੀ ਜਹਾਜ਼ ਕਿਰਾਏ 'ਤੇ ਲੈ ਸਕਦਾ ਹੈ। ਕਾਂਗਰਸ ਦਾ ਦੋਸ਼ ਹੈ ਕਿ ਭਾਜਪਾ ਉਸਦੇ ਵਿਧਾਇਕ ਤੋੜ ਕੇ ਸਰਕਾਰ 'ਤੇ ਕਬਜ਼ਾ ਕਰਨਾ ਚਾਹੁੰਦੀ ਹੈ। ਇਸੇ ਦਰਮਿਆਨ ਸਰਕਾਰ ਬਚਾਉਣ ਲਈ ਐਚ ਡੀ ਕੁਮਾਰਸਵਾਮੀ ਐਤਵਾਰ ਅਮਰੀਕਾ ਤੋਂ ਪਰਤ ਆਏ। ਮੁਖ ਮੰਤਰੀ ਨੇ ਰਾਤ ਤਾਜ ਹੋਟਲ ਵਿਚ ਆਗੂਆਂ ਨਾਲ ਗੱਲਬਾਤ ਕਰਨੀ ਸੀ। ਮੀਟਿੰਗ ਵਿਚ ਕਾਂਗਰਸ ਦੇ ਉਪ ਮੁਖ ਮੰਤਰੀ ਪਰਮੇਸ਼ਵਰ ਨੇ ਵੀ ਸ਼ਾਮਲ ਹੋਣਾ ਸੀ।
ਅਸੰਬਲੀ ਤੋਂ ਅਸਤੀਫਾ ਦੇਣ ਵਾਲੇ 13 ਵਿਚੋਂ 8 ਵਿਧਾਇਕ ਸੋਫੀਟੇਲ ਹੋਟਲ ਵਿਚ ਠਹਿਰੇ ਹੋਏ ਹਨ। ਐਤਵਾਰ ਭਾਜਪਾ ਦੇ ਦੋ ਆਗੂਆਂ ਮਹਾਰਾਸ਼ਟਰ ਭਾਜਪਾ ਉਪ ਪ੍ਰਧਾਨ ਪ੍ਰਸਾਦ ਲਾਡ ਤੇ ਵਿਧਾਨ ਪ੍ਰੀਸ਼ਦ ਦੇ ਮੈਂਬਰ ਮੋਹਿਤ ਭਾਰਤੀਆ ਨੂੰ ਇਸ ਹੋਟਲ ਵਿਚ ਦੇਖਿਆ ਗਿਆ। ਕਾਂਗਰਸੀਆਂ ਨੇ ਹੋਟਲ ਦੇ ਬਾਹਰ ਮੁਜ਼ਾਹਰਾ ਵੀ ਕੀਤਾ। ਹੋਟਲ ਦੇ ਬਾਹਰ ਕਾਂਗਰਸ ਦੇ ਸਾਬਕਾ ਐਮ ਪੀ ਏਕਨਾਥ ਗਾਇਕਵਾੜ ਨੇ ਕਿਹਾ ਕਿ ਵਿਧਾਇਕਾਂ ਨੇ ਦਬਾਅ ਤਹਿਤ ਅਸਤੀਫੇ ਦਿੱਤੇ। ਇਸ ਵਿਚ ਮੋਟਾ ਲੈਣ-ਦੇਣ ਹੋਇਆ ਹੈ। ਜੇ ਉਨ੍ਹਾਂ ਨੇ ਮਨੋਂ ਅਸਤੀਫੇ ਦਿੱਤੇ ਹੁੰਦੇ ਤਾਂ ਕਰਨਾਟਕ ਵਿਚ ਰਹਿੰਦੇ, ਮੁੰਬਈ ਕੀ ਲੈਣ ਆਏ ਹਨ।
ਸਾਬਕਾ ਮੁਖ ਮੰਤਰੀ ਤੇ ਕਾਂਗਰਸ ਵਿਧਾਇਕ ਦਲ ਦੇ ਆਗੂ ਸਿੱਧਾਰਮਈਆ ਨੇ ਦਾਅਵਾ ਕੀਤਾ ਹੈ ਕਿ ਕਰਨਾਟਕ ਦੀ ਜਨਤਾ ਦਲ (ਸੈਕੂਲਰ) ਤੇ ਕਾਂਗਰਸ ਦੀ ਕੁਲੀਸ਼ਨ ਸਰਕਾਰ ਨੂੰ ਕੋਈ ਖਤਰਾ ਨਹੀਂ ਹੈ। ਦੋਹਾਂ ਪਾਰਟੀਆਂ ਦੇ 13 ਵਿਧਾਇਕਾਂ ਵੱਲੋਂ ਸਪੀਕਰ ਰਮੇਸ਼ ਕੁਮਾਰ ਨੂੰ ਅਸਤੀਫੇ ਸੌਂਪਣ ਦੇ ਬਾਅਦ ਮਚੀ ਹਲਚਲ ਦਰਮਿਆਨ ਸਿੱਧਾਰਮਈਆ ਨੇ ਕਿਹਾ ਕਿ ਉਹ ਇਨ੍ਹਾਂ ਵਿਧਾਇਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾ ਕਿਹਾ ਕਿ ਅਸਤੀਫਿਆਂ ਪਿੱਛੇ ਭਾਜਪਾ ਦਾ ਹੱਥ ਹੈ ਪਰ ਸਰਕਾਰ ਡਿਗਣ ਨਹੀਂ ਲੱਗੀ।
ਇਸੇ ਦਰਮਿਆਨ ਸਿੱਧਾਰਮਈਆ ਨੇ ਵਿਧਾਇਕਾਂ ਦੀ 9 ਜੁਲਾਈ ਨੂੰ ਮੀਟਿੰਗ ਸੱਦੀ ਹੈ। ਕਿਹਾ ਗਿਆ ਹੈ ਕਿ ਮੀਟਿੰਗ ਵਿਚ ਨਾ ਆਉਣ ਵਾਲੇ ਵਿਧਾਇਕ ਵਿਰੁਧ ਕਾਰਵਾਈ ਕੀਤੀ ਜਾਵੇਗੀ। ਕਾਂਗਰਸ ਦੇ ਸੰਕਟਮੋਚਕ ਕਹੇ ਜਾਣ ਵਾਲੇ ਡੀ ਕੇ ਸ਼ਿਵਕੁਮਾਰ ਨੇ ਸਾਬਕਾ ਪ੍ਰਧਾਨ ਮੰਤਰੀ ਐਚ ਡੀ ਦੇਵੇਗੌੜਾ ਨਾਲ ਮੁਲਾਕਾਤ ਤੋਂ ਬਾਅਦ ਕਿਹਾ ਕਿ ਉਨ੍ਹਾ ਨੂੰ ਪੂਰਾ ਭਰੋਸਾ ਹੈ ਕਿ ਬਾਗੀ ਵਿਧਾਇਕ ਪਰਤ ਆਉਣਗੇ।
ਕੇਂਦਰੀ ਭਾਜਪਾ ਮੰਤਰੀ ਪ੍ਰਹਲਾਦ ਜੋਸ਼ੀ ਦਾ ਦਾਅਵਾ ਹੈ ਕਿ ਦਰਅਸਲ ਇਹ ਨਾਟਕ ਕਾਂਗਰਸ ਦਾ ਹੈ ਜਿਹੜੀ ਐਚ ਡੀ ਕੁਮਾਰਸਵਾਮੀ ਨੂੰ ਮੁਖ ਮੰਤਰੀ ਦੇ ਅਹੁਦੇ ਤੋਂ ਹਟਾਉਣਾ ਚਾਹੁੰਦੀ ਹੈ। ਇਸ ਲਈ ਸਿੱਧਾਰਮਈਆ ਜ਼ਿੰਮੇਦਾਰ ਹਨ। ਸਿੱਧਾਰਮਈਆ ਜਨਤਾ ਦਲ ਸੈਕੂਲਰ ਦੇ ਵੱਡੇ ਆਗੂ ਹੁੰਦੇ ਸਨ ਤੇ ਦੇਵੇਗੌੜਾ ਦੇ ਬਹੁਤ ਕਰੀਬੀ ਸਨ। ਕੁਮਾਰਸਵਾਮੀ ਨਾਲ ਅਣਬਣ ਦੇ ਬਾਅਦ ਉਹ 2006 ਵਿਚ ਕਾਂਗਰਸ ਵਿਚ ਚਲੇ ਗਏ। ਭਾਜਪਾ ਦੇ ਸੂਬਾ ਪ੍ਰਧਾਨ ਯੇਦੀਯੁਰੱਪਾ ਨੇ ਕਿਹਾ ਹੈ ਕਿ ਉਹ ਵਿਧਾਨਸਭਾ ਦੇ 12 ਜੁਲਾਈ ਨੂੰ ਸ਼ੁਰੂ ਹੋ ਰਹੇ ਮਾਨਸੂਨ ਅਜਲਾਸ ਦੀ ਉਡੀਕ ਕਰਨਗੇ। ਉਹ ਭਰੋਸੇ ਦਾ ਵੋਟ ਹਾਸਲ ਕਰਨ ਦੀ ਮੰਗ ਨਹੀਂ ਕਰਨਗੇ ਪਰ ਸਪੀਕਰ ਨੇ ਵਿਧਾਇਕਾਂ ਦੇ ਅਸਤੀਫੇ ਪ੍ਰਵਾਨ ਕਰ ਲਏ ਤਾਂ ਇਸ ਲਈ ਜ਼ੋਰ ਪਾਉਣਗੇ। ਯੇਦੀਯੁਰੱਪਾ ਨੇ ਇਹ ਅਹਿਮ ਗੱਲ ਵੀ ਕਹੀ ਕਿ ਉਨ੍ਹਾਂ ਦੀ ਪਾਰਟੀ ਦੇ ਲੋਕ ਸੰਨਿਆਸੀ ਨਹੀਂ ਹਨ ਜੋ ਸਰਕਾਰ ਬਣਾਉਣ ਦੀ ਸੰਭਾਵਨਾ ਤੋਂ ਇਨਕਾਰ ਕਰਨਗੇ। ਉਨ੍ਹਾਂ ਦੀ ਕੌਮੀ ਪਾਰਟੀ ਹੈ ਤੇ ਕੌਮੀ ਲੀਡਰਸ਼ਿਪ ਨਾਲ ਗੱਲ ਕਰਕੇ ਫੈਸਲਾ ਕੀਤਾ ਜਾਵੇਗਾ।

365 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper