Latest News
ਪੱਛਮੀ ਬੰਗਾਲ 'ਚ ਚੰਗੀ ਸ਼ੁਰੂਆਤ

Published on 08 Jul, 2019 10:53 AM.

ਲੋਕ ਸਭਾ ਚੋਣਾਂ ਵਿੱਚ ਵੱਡੀ ਸੱਟ ਖਾਣ ਤੋਂ ਬਾਅਦ ਪੱਛਮੀ ਬੰਗਾਲ 'ਚ ਪਿਛਲੇ ਕੁਝ ਹਫ਼ਤਿਆਂ ਤੋਂ ਕਾਂਗਰਸ ਤੇ ਖੱਬੀਆਂ ਪਾਰਟੀਆਂ ਦੇ ਆਗੂਆਂ ਦਾ ਅਸੰਬਲੀ, ਗਲੀਆਂ ਤੇ ਪ੍ਰੈੱਸ ਕਾਨਫ਼ਰੰਸਾਂ ਵਿੱਚ ਇਕੱਠੇ ਨਜ਼ਰ ਆਉਣਾ ਵੱਖਰਾ ਨਜ਼ਾਰਾ ਪੇਸ਼ ਕਰ ਰਿਹਾ ਹੈ। ਲੋਕ ਸਭਾ ਚੋਣਾਂ ਤੋਂ ਪਹਿਲਾਂ ਜੇ ਅਜਿਹਾ ਮੇਲਜੋਲ ਹੁੰਦਾ ਤਾਂ ਕਾਂਗਰਸ ਸਿਰਫ਼ ਦੋ ਸੀਟਾਂ ਤੇ ਖੱਬੀਆਂ ਪਾਰਟੀਆਂ ਸਿਫ਼ਰ ਸੀਟ ਤੱਕ ਨਾ ਲੁੜ੍ਹਕਦੀਆਂ। ਹਾਲਾਂਕਿ ਅਸੰਬਲੀ ਚੋਣਾਂ 2021 ਵਿੱਚ ਹੋਣੀਆਂ ਹਨ, ਪਰ ਇਨ੍ਹਾਂ ਪਾਰਟੀਆਂ ਵੱਲੋਂ ਹੁਣੇ ਤੋਂ ਇੱਕ ਸੁਰ 'ਚ ਗੱਲਾਂ ਕਰਨ ਤੋਂ ਲੱਗਦਾ ਹੈ ਕਿ ਇਨ੍ਹਾਂ ਮਹਿਸੂਸ ਕਰ ਲਿਆ ਹੈ ਕਿ ਮਮਤਾ ਬੈਲਰਜੀ ਦੀ ਤ੍ਰਿਣਮੂਲ ਕਾਂਗਰਸ ਅਤੇ ਫ਼ਿਰਕੂ ਜਨੂੰਨ ਤੇ ਅੰਧ-ਰਾਸ਼ਟਰਵਾਦ ਦੇ ਸਹਾਰੇ ਲੋਕ ਸਭਾ ਦੀਆਂ 42 ਵਿੱਚੋਂ 18 ਸੀਟਾਂ ਜਿੱਤਣ ਵਾਲੀ ਭਾਜਪਾ ਦਾ ਰਾਹ ਰੋਕਣ ਲਈ ਸੈਕੂਲਰ ਤੇ ਖੱਬੀਆਂ ਜਮਹੂਰੀ ਪਾਰਟੀਆਂ ਦਾ ਏਕਾ ਬਹੁਤ ਜ਼ਰੂਰੀ ਹੈ। ਅਸੰਬਲੀ ਵਿੱਚ ਆਪੋਜ਼ੀਸ਼ਨ ਕਾਂਗਰਸ ਦੇ ਆਗੂ ਅਬਦੁੱਲ ਮੰਨਣ ਦਾ ਇਹ ਕਹਿਣਾ ਇਸਦੀ ਪ੍ਰੋੜ੍ਹਤਾ ਕਰਦਾ ਹੈ ਕਿ ਚੋਣਾਂ ਦੇ ਐਨ ਮੌਕੇ ਇਕੱਠੇ ਹੋਣ ਦਾ ਕੋਈ ਮਤਲਬ ਨਹੀਂ ਨਿਕਲਦਾ, ਕਿਉਂਕਿ ਵੋਟਰ ਇਹੀ ਸੋਚਦੇ ਹਨ ਕਿ ਚੋਣਾਂ ਆਈਆਂ 'ਤੇ ਹੀ ਇਹ ਪਾਰਟੀਆਂ ਵੋਟਾਂ ਖਾਤਰ ਇਕੱਠੀਆਂ ਹੋਈਆਂ ਹਨ। ਸਾਨੂੰ ਇਕਮੁੱਠ ਸੈਕੂਲਰ ਤੇ ਜਮਹੂਰੀ ਤਾਕਤ ਵਜੋਂ ਦਿਖਾਈ ਦੇਣਾ ਪੈਣਾ ਹੈ। ਖੱਬੀਆਂ ਪਾਰਟੀਆਂ ਬਾਰੇ ਹੋਰ ਜੋ ਮਰਜ਼ੀ ਕਹਿ ਲਵੋ, ਪਰ ਉਨ੍ਹਾਂ 'ਤੇ ਫਿਰਕੂ ਹੋਣ ਦਾ ਦੋਸ਼ ਨਹੀਂ ਮੜ੍ਹ ਸਕਦੇ। ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਆਗੂ ਸੁਜਾਨ ਚੱਕਰਵਰਤੀ ਦਾ ਇਹ ਬਿਆਨ ਵੀ ਏਕਤਾ ਵਾਲੀ ਸੁਰ ਦਿਖਾਉਂਦਾ ਹੈ ਕਿ ਲੋਕਾਂ ਦੇ ਮੁੱਦੇ ਉਠਾਉਣ ਅਤੇ ਤ੍ਰਿਣਮੂਲ ਕਾਂਗਰਸ ਤੇ ਭਾਜਪਾ ਦਾ ਟਾਕਰਾ ਕਰਨ ਲਈ ਅਸੀਂ ਇਕੱਠੇ ਹਾਂ। 18 ਜੂਨ ਨੂੰ ਮੰਨਣ ਤੇ ਚੱਕਰਵਰਤੀ ਦੱਖਣੀ 24-ਪਰਗਨਾ ਜ਼ਿਲ੍ਹੇ ਦੇ ਮਥੂਰਾਪੁਰ 'ਚ ਇੱਕ ਸੀ ਪੀ ਆਈ (ਐੱਮ) ਕਾਰਕੁਨ ਦੇ ਪਰਵਾਰ ਨਾਲ ਦੁੱਖ ਸਾਂਝਾ ਕਰਨ ਇਕੱਠੇ ਗਏ ਸਨ, ਜਿਸ ਨੂੰ ਤ੍ਰਿਣਮੂਲ ਦੇ ਗੁੰਡਿਆਂ ਨੇ ਮਾਰ ਦਿੱਤਾ ਸੀ। 22 ਜੂਨ ਨੂੰ ਸੂਬਾਈ ਕਾਂਗਰਸ ਪ੍ਰਧਾਨ ਸੋਮੇਨ ਮਿੱਤਰਾ ਤੇ ਖੱਬੇ ਮੁਹਾਜ਼ ਦੇ ਚੇਅਰਮੈਨ ਬਿਮਾਨ ਬੋਸ ਭਾਟਪਾਰਾ ਵਿੱਚ ਅਮਨ ਰੈਲੀ ਵਿੱਚ ਇਕੱਠੇ ਤੁਰੇ, ਜਿਥੇ ਤ੍ਰਿਣਮੂਲ ਤੇ ਭਾਜਪਾ ਵਿਚਾਲੇ ਝੜਪਾਂ ਨੇ ਆਮ ਜਨਜੀਵਨ ਤਹਿਸ-ਨਹਿਸ ਕਰ ਦਿੱਤਾ ਸੀ। ਇਸ ਇਕਜੁੱਟਤਾ ਨੂੰ ਪਿਛਲੇ ਹਫ਼ਤੇ ਹੋਰ ਬਲ ਓਦੋਂ ਮਿਲਿਆ, ਜਦੋਂ ਕਾਂਗਰਸ ਤੇ ਖੱਬੀਆਂ ਪਾਰਟੀਆਂ ਨੇ ਫਿਰਕਾਪ੍ਰਸਤੀ ਵਿਰੁੱਧ ਅਸਬੰਲੀ ਵਿੱਚ ਸਾਂਝਾ ਮਤਾ ਪੇਸ਼ ਕੀਤਾ। ਤ੍ਰਿਣਮੂਲ ਕਾਂਗਰਸ ਤੇ ਭਾਜਪਾ ਵਿਰੁੱਧ ਸਾਂਝੀ ਲਹਿਰ ਪੈਦਾ ਕਰਨ ਦੀ ਇਸ ਕੋਸ਼ਿਸ਼ ਦੀ ਪਹਿਲੀ ਪਰਖ ਕੁਝ ਦਿਨਾਂ ਤੱਕ ਅਸੰਬਲੀ ਦੀਆਂ ਤਿੰਨ ਸੀਟਾਂ ਦੀ ਜ਼ਿਮਨੀ ਚੋਣ ਵਿੱਚ ਹੋ ਜਾਣੀ ਹੈ। ਇਸ ਸੰਦਰਭ ਵਿੱਚ ਲੋਕ ਸਭਾ ਵਿੱਚ ਕਾਂਗਰਸ ਦੇ ਆਗੂ ਅਧੀਰ ਰੰਜਨ ਚੌਧਰੀ ਦਾ ਬਿਆਨ ਬਹੁਤ ਅਹਿਮ ਹੈ ਕਿ ਚੋਣ ਅਧਾਰਤ ਸਮਝਬੂਝ ਹੁਣ ਪੱਛਮੀ ਬੰਗਾਲ 'ਚ ਕਾਰਆਮਦ ਨਹੀਂ। ਲੋਕ ਭਾਜਪਾ ਨੂੰ ਤ੍ਰਿਣਮੂਲ ਕਾਂਗਰਸ ਦੇ ਬਦਲ ਵਜੋਂ ਦੇਖ ਰਹੇ ਹਨ। ਕਾਂਗਰਸ ਤੇ ਖੱਬੀਆਂ ਪਾਰਟੀਆਂ ਨੂੰ ਬਦਲ ਬਣਨ ਲਈ ਮਿਲ ਕੇ ਗਲੀਆਂ 'ਚ ਉਤਰਨਾ ਪੈਣਾ ਹੈ। ਰਾਜ ਸਭਾ ਮੈਂਬਰ ਤੇ ਸੂਬੇ ਦੇ ਸਾਬਕਾ ਕਾਂਗਰਸ ਪ੍ਰਧਾਨ ਪ੍ਰਦੀਪ ਭੱਟਾਚਾਰੀਆ ਨੇ ਵੱਡੀ ਗੱਲ ਕੀਤੀ ਹੈ ਕਿ ਅਸੀਂ ਸਾਰੇ ਮਹਿਸੂਸ ਕਰਦੇ ਹਾਂ ਕਿ ਏਕੇ ਦੀ ਲੋੜ ਹੈ। ਸਿਆਸੀ ਵਿਸ਼ਲੇਸ਼ਕ ਤੇ ਸੈਂਟਰ ਫਾਰ ਸਟੱਡੀਜ਼ ਇਨ ਸੋਸ਼ਲ ਸਾਇੰਸਿਜ਼ ਕੋਲਕਾਤਾ, ਦੇ ਪੁਲੀਟੀਕਲ ਸਾਇੰਸ ਦੇ ਅਸਿਸਟੈਂਟ ਪ੍ਰੋਫ਼ੈਸਰ ਮੈਦੁਲ ਇਸਲਾਮ ਮੁਤਾਬਕ ਦੋਹਾਂ ਕੈਂਪ ਕੋਲ ਕੋਈ ਹੋਰ ਬਦਲ ਨਹੀਂ ਬਚਿਆ। ਇਕੱਲਿਆਂ ਚੱਲਣ 'ਚ ਇਨ੍ਹਾਂ ਦਾ ਕੋਈ ਭਵਿੱਖ ਨਹੀਂ, ਮਿਲ ਕੇ ਚੱਲਣਗੇ ਤਾਂ ਖੱਟਣਗੇ। 2014 ਵਿੱਚ ਭਾਜਪਾ ਕੋਲ ਤਿੰਨ ਸੀਟਾਂ ਸਨ ਤੇ ਉਸ ਨੂੰ 16.8 ਫ਼ੀਸਦੀ ਵੋਟਾਂ ਮਿਲੀਆਂ ਸਨ। 2019 ਵਿੱਚ ਜਿੱਥੇ ਉਹ ਸੀਟਾਂ 18 ਕਰ ਗਈ, ਉਥੇ ਵੋਟ ਫ਼ੀਸਦੀ ਵੀ 40.25 ਤੱਕ ਵਧਾ ਗਈ। ਖੱਬੀਆਂ ਪਾਰਟੀਆਂ ਤੇ ਕਾਂਗਰਸ ਵਿਚਾਲੇ ਏਕਤਾ ਨਾ ਹੋਣ ਕਾਰਨ ਇਨ੍ਹਾਂ ਦੇ ਕਾਡਰ ਤੇ ਵੋਟਰਾਂ ਨੇ ਭਾਜਪਾ ਨੂੰ ਏਨੀ ਤੱਕੜੀ ਹੋਣ ਵਿੱਚ ਮਦਦ ਕੀਤੀ। ਗਲੀਆਂ, ਕਾਰਖਾਨਿਆਂ ਤੇ ਖੇਤਾਂ ਵਿੱਚ ਇਕੱਠੀ ਲੜਾਈ ਲੜ ਕੇ ਇਹ ਪਾਰਟੀਆਂ ਰੁੱਸੇ ਕਾਡਰ ਤੇ ਵੋਟਰਾਂ ਨੂੰ ਆਪਣੇ ਵੱਲ ਖਿੱਚ ਸਕਦੀਆਂ ਹਨ। ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਤਾਮਿਲਨਾਡੂ ਵਿੱਚ ਡੀ ਐੱਮ ਕੇ ਨਾਲ ਇਨ੍ਹਾਂ ਦੇ ਗੱਠਜੋੜ ਦਾ ਚੰਗਾ ਨਤੀਜਾ ਨਿਕਲਿਆ ਸੀ। ਪੱਛਮੀ ਬੰਗਾਲ ਵਿੱਚ ਦਿਖਾਈ ਜਾ ਰਹੀ ਸਮਝਦਾਰੀ ਹੋਰਨਾਂ ਸੂਬਿਆਂ ਵਿੱਚ ਵੀ ਲਾਗੂ ਕੀਤੀ ਜਾਵੇ ਤਾਂ ਫ਼ਿਰਕੂ ਹਨੇਰੀ ਨੂੰ ਰੋਕਿਆ ਜਾ ਸਕਦਾ ਹੈ, ਜਿਹੜੀ ਆਪੋਜ਼ੀਸ਼ਨ ਪਾਰਟੀਆਂ ਦੀ ਘੋਲ-ਅਧਾਰਤ ਸੋਚ ਦੀ ਥਾਂ ਚੋਣ-ਅਧਾਰਤ ਪੈਂਤੜੇ ਕਾਰਨ ਤੂਫ਼ਾਨ ਦਾ ਰੂਪ ਧਾਰੀ ਜਾ ਰਹੀ ਹੈ। ਚੋਣਾਂ ਜਿੱਤਣ ਲਈ ਲੋਕਾਂ ਖਾਤਰ ਸੜਕਾਂ 'ਤੇ ਉਤਰਨਾ ਹੀ ਪੈਣਾ ਹੈ।

887 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper