Latest News
24 ਸਾਲ ਕੱਟੇ ਚੱਕਰ, ਹੁਣ ਜਾ ਕੇ ਮਿਲਿਆ ਤਲਾਕ

Published on 08 Jul, 2019 10:56 AM.


ਨਵੀਂ ਦਿੱਲੀ : ਇਨਸਾਫ਼ 'ਚ ਦੇਰੀ ਕਿਸੇ ਦੀ ਜ਼ਿੰਦਗੀ 'ਤੇ ਕਿੰਨਾ ਭਿਆਨਕ ਅਸਰ ਪਾ ਸਕਦੀ ਹੈ, ਇਸ ਦੀ ਤਾਜ਼ਾ ਉਦਾਹਰਣ ਸਾਹਮਣੇ ਆਈ ਹੈ। ਇਸ 'ਚ ਪਤਨੀ ਤੋਂ ਵੱਖ ਹੋਣ ਦੇ 24 ਸਾਲ ਬਾਅਦ ਵਿਅਕਤੀ ਨੂੰ ਅਧਿਕਾਰਤ ਤੌਰ 'ਤੇ ਤਲਾਕ ਮਿਲਿਆ ਹੈ। ਤਰੀਕ 'ਤੇ ਤਰੀਕ ਪੈਣ ਕਾਰਨ ਉਹ ਇਸ ਤਰ੍ਹਾਂ ਫਸਿਆ ਕਿ ਦੂਜਾ ਵਿਆਹ ਵੀ ਨਹੀਂ ਕਰ ਸਕਿਆ। ਪਿਛਲੇ ਹਫ਼ਤੇ ਦਿੱਲੀ ਹਾਈ ਕੋਰਟ ਨੇ ਇਸ ਮਾਮਲੇ 'ਤੇ ਫੈਸਲਾ ਸੁਣਾਇਆ। ਇਹ ਵਿਆਹ 1988 'ਚ ਹੋਇਆ ਸੀ, ਪਰ ਸ਼ੁਰੂਆਤ ਤੋਂ ਹੀ ਇਸ 'ਚ ਪ੍ਰੇਸ਼ਾਨੀ ਰਹੀ ਅਤੇ ਆਖਰਕਾਰ 1995 'ਚ ਦੋਵੇਂ ਵੱਖ ਰਹਿਣ ਲੱਗੇ।
ਹੁਣ ਫੈਸਲਾ ਸੁਣਾਉਂਦੇ ਹੋਏ ਜਸਟਿਸ ਰਾਜੀਵ ਸਹਾਏ ਨੇ ਪਤੀ ਦੀ ਗੱਲ ਨਾਲ ਸਹਿਮਤੀ ਪ੍ਰਗਟਾਈ ਕਿ ਇਸ ਵਿਆਹ 'ਚ ਕੁਝ ਨਹੀਂ ਬਚਿਆ। ਉਨ੍ਹਾ ਇਸ ਗੱਲ ਨੂੰ ਮੰਦਭਾਗਾ ਵੀ ਦੱਸਿਆ ਕਿ ਕੇਸ 24 ਸਾਲ ਚੱਲਿਆ। ਪਤੀ-ਪਤਨੀ ਦੀ ਪਛਾਣ ਜਨਤਕ ਨਹੀਂ ਕੀਤੀ ਗਈ, ਸਿਰਫ਼ ਏਨਾ ਦੱਸਿਆ ਗਿਆ ਕਿ ਦੋਵੇਂ ਸਰਕਾਰੀ ਮੁਲਾਜ਼ਮ ਹਨ। 1995 'ਚ ਵੱਖ ਹੋਣ ਤੋਂ ਬਾਅਦ ਹੀ ਵਿਅਕਤੀ ਨੇ ਤਲਾਕ ਲਈ ਅਰਜ਼ੀ ਦਿੱਤੀ ਸੀ, ਪਰ ਟਰਾਇਲ ਕੋਰਟ ਨੇ ਇਸ ਨੂੰ ਖਾਰਜ ਕਰ ਦਿੱਤਾ। ਉਸ ਤੋਂ ਬਾਅਦ ਹਾਈ ਕੋਰਟ 'ਚ ਅਪੀਲ ਕੀਤੀ ਗਈ। ਉਥੇ 2002 ਤੋਂ ਕੇਸ ਵਿਚਾਰ-ਅਧੀਨ ਹੀ ਸੀ। ਇਸ ਤੋਂ ਬਾਅਦ 2008 'ਚ ਅਦਾਲਤ ਨੇ ਵਿਅਕਤੀ ਨੂੰ ਰਾਹਤ ਵੀ ਦਿੱਤੀ, ਪਰ ਉਦੋਂ ਪਤਨੀ ਨੇ ਅਪੀਲ ਕਰ ਦਿੱਤੀ ਅਤੇ ਬੈਂਚ ਨੇ ਵਿਅਕਤੀ ਨੂੰ ਦੋਬਾਰਾ ਵਿਆਹ ਕਰਨ ਤੋਂ ਰੋਕ ਦਿੱਤਾ।
ਬੈਂਚ 2018 ਤੱਕ ਇਸ ਕੋਸ਼ਿਸ਼ 'ਚ ਸੀ ਕਿ ਕਿਸੇ ਤਰ੍ਹਾਂ ਦੋਵਾਂ ਦੇ ਸੰਬੰਧ ਠੀਕ ਹੋ ਜਾਣ। 2018 ਦੀ ਸੁਣਵਾਈ 'ਚ ਔਰਤ ਨੇ ਕਿਹਾ ਵੀ ਕਿ ਉਹ ਪਤੀ ਨਾਲ ਫਿਰ ਤੋਂ ਰਹਿਣ ਨੂੰ ਤਿਆਰ ਹੈ, ਪਰ ਆਖਰੀ ਸਮੇਂ 'ਚ ਉਸ ਨੇ ਫਿਰ ਨਾਂਹ ਕਰ ਦਿੱਤੀ। ਅਦਾਲਤ ਹੁਣ ਇਸ ਨਤੀਜੇ 'ਤੇ ਪਹੁੰਚੀ ਕਿ ਮਹਿਲਾ 1995 ਤੋਂ ਬਾਅਦ ਕਦੀ ਵੀ ਆਪਣੇ ਪਤੀ ਨਾਲ ਰਹਿਣਾ ਹੀ ਨਹੀਂ ਚਾਹੁੰਦੀ ਸੀ। ਅਦਾਲਤ ਨੇ ਆਰਡਰ 'ਚ ਲਿਖਿਆ ਕਿ ਸਾਥ ਨਾ ਰਹਿਣ ਲਈ ਰੋਜ਼ਾਨਾ ਇਨਕਾਰ ਕਰਨਾ ਪ੍ਰਤਿੱਗਿਆ ਦੇ ਨਾਲ-ਨਾਲ ਨਫ਼ਰਤ ਵੀ ਹੈ।

219 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper