Latest News
ਵਿਕਰਮ ਕਤਲ ਕਾਂਡ 'ਚ 11 ਪੁਲਸ ਮੁਲਾਜ਼ਮਾਂ ਸਣੇ 13 ਨੂੰ ਉਮਰ ਕੈਦ

Published on 08 Jul, 2019 11:15 AM.


ਅੰਮ੍ਰਿਤਸਰ (ਅਵਤਾਰ ਸਿੰਘ ਆਨੰਦ)
ਅੰਮ੍ਰਿਤਸਰ ਦੇ ਬਹੁ-ਚਰਚਿਤ ਵਿਕਰਮ ਸਿੰਘ ਕਤਲ ਕਾਂਡ ਮਾਮਲੇ 'ਚ ਸੰਦੀਪ ਸਿੰਘ ਬਾਜਵਾ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਦੀ ਅਦਾਲਤ ਨੇ ਅੱਜ ਵੱਡਾ ਫ਼ੈਸਲਾ ਸੁਣਾਉਂਦਿਆਂ ਇੱਕ ਇੰਸਪੈਕਟਰ ਸਣੇ 13 ਪੁਲਸ ਮੁਲਾਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਇਹ ਸਜ਼ਾ ਸਾਲ 2014 'ਚ ਇੱਕ ਕੈਦੀ ਦੀ ਹੋਈ ਮੌਤ ਦੇ ਮਾਮਲੇ 'ਚ ਸੁਣਾਈ ਹੈ। ਉਕਤ ਕੈਦੀ ਦੀ ਪੁਲਸ ਵੱਲੋਂ ਉਸ 'ਤੇ ਕੀਤੇ ਅਣਮਨੁੱਖੀ ਤਸ਼ੱਦਦ ਕਾਰਨ ਮੌਤ ਹੋ ਗਈ ਸੀ ਅਤੇ ਬਾਅਦ 'ਚ ਪੁਲਸ ਨੇ ਉਸ ਦੀ ਲਾਸ਼ ਨੂੰ ਕੀਰਤਪੁਰ ਸਾਹਿਬ ਨਹਿਰ 'ਚ ਰੋੜ੍ਹ ਦਿੱਤਾ ਸੀ।
ਇਕ ਦਹਾਕੇ ਤੋਂ ਵੀ ਵੱਧ ਸਮਾਂ ਪਹਿਲਾਂ ਅਲਗੋਂ ਕੋਠੀ ਕਸਬੇ 'ਚ 2 ਧਿਰਾਂ ਵਿਚਕਾਰ ਰੰਜਿਸ਼ ਕਾਰਨ ਕੁਝ ਲੋਕਾਂ ਦੀ ਹੱਤਿਆ ਕਰ ਦਿੱਤੀ ਗਈ ਸੀ। ਇਹ ਮਾਮਲਾ ਲੰਮੇ ਸਮੇਂ ਤੱਕ ਅਲਗੋਂ ਕੋਠੀ ਹੱਤਿਆ ਕਾਂਡ ਦੇ ਨਾਂਅ ਨਾਲ ਸੁਰਖੀਆਂ ਵਿਚ ਰਿਹਾ ਸੀ। ਇਸ ਮਾਮਲੇ 'ਚ ਸਜ਼ਾ ਪ੍ਰਾਪਤ ਇਕ ਦੋਸ਼ੀ ਵਿਕਰਮ ਸਿੰਘ ਕੇਂਦਰੀ ਜੇਲ੍ਹ ਵਿਚ ਸਜ਼ਾ ਕੱਟ ਰਿਹਾ ਸੀ, ਜਿਸ ਦੀ ਜੇਲ੍ਹ ਵਿਚ ਸਿਹਤ ਖ਼ਰਾਬ ਹੋਣ ਕਾਰਨ ਉਸ ਨੂੰ 2 ਜੂਨ 2014 ਨੂੰ ਗੁਰੂ ਨਾਨਕ ਦੇਵ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਉਸ ਸਮੇਂ ਪੰਜਾਬ ਪੁਲਸ ਦਾ ਇੰਸਪੈਕਟਰ ਨੌਰੰਗ ਸਿੰਘ ਬਟਾਲਾ ਵਿਚ ਸੀ ਆਈ ਏ ਬ੍ਰਾਂਚ ਦੇ ਇੰਚਾਰਜ ਦੇ ਤੌਰ 'ਤੇ ਤਾਇਨਾਤ ਸੀ, ਜਿਸ ਦਾ ਪਤਾ ਲੱਗਦੇ ਹੀ ਇੰਸਪੈਕਟਰ ਨੌਰੰਗ ਸਿੰਘ 6 ਜੂਨ 2014 ਨੂੰ ਆਪਣੇ ਕੁਝ ਸਹਾਇਕ ਪੁਲਸ ਅਫਸਰਾਂ ਤੇ ਕਰਮਚਾਰੀਆਂ ਨਾਲ ਗੁਰੂ ਨਾਨਕ ਦੇਵ ਹਸਪਤਾਲ ਪਹੁੰਚ ਗਿਆ ਅਤੇ ਕੈਦੀ ਦੇ ਤੌਰ 'ਤੇ ਕਾਨੂੰਨੀ ਹਿਰਾਸਤ 'ਚ ਬੰਦ ਵਿਕਰਮ ਸਿੰਘ ਨੂੰ ਹਸਪਤਾਲ ਤੋਂ ਜ਼ਬਰਦਸਤੀ ਚੁੱਕ ਕੇ ਬਟਾਲਾ ਇਲਾਕੇ 'ਚ ਲੈ ਗਿਆ , ਜਿੱਥੇ ਪੁਲਸ ਪਾਰਟੀ ਨੇ ਉਸ ਨੂੰ ਇਕ ਟਰੈਕਟਰ ਵਰਕਸ਼ਾਪ 'ਚ ਲਿਜਾ ਕੇ ਉਸ ਨਾਲ ਅਜਿਹਾ ਥਰਡ ਡਿਗਰੀ ਟਾਰਚਰ ਕੀਤਾ ਕਿ ਪੁਲਸ ਦੀ ਮਾਰ ਸਹਿਣ ਨਾ ਕਰਦਿਆਂ ਉਸ ਦੀ ਉਥੇ ਹੀ ਮੌਤ ਹੋ ਗਈ, ਜਿਸ ਤੋਂ ਬਾਅਦ ਦੋਸ਼ੀ ਪੁਲਸ ਕਰਮਚਾਰੀਆਂ ਨੇ ਵਿਕਰਮ ਦੀ ਲਾਸ਼ ਨੂੰ ਖੁਰਦ-ਬੁਰਦ ਕਰਨ ਦੀ ਨੀਅਤ ਨਾਲ ਉਸ ਨੂੰ ਆਨੰਦਪੁਰ ਸਾਹਿਬ ਦੇ ਨੇੜੇ ਨਹਿਰ 'ਚ ਸੁੱਟ ਦਿੱਤਾ।

369 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper