Latest News
ਕਰਨਾਟਕ 'ਚ ਸਸਪੈਂਸ ਜਾਰੀ, ਅਸਤੀਫਿਆਂ ਬਾਰੇ ਸੰਵਿਧਾਨ ਮੁਤਾਬਕ ਫੈਸਲਾ ਕਰਾਂਗਾ :”ਸਪੀਕਰ

Published on 11 Jul, 2019 11:44 AM.


ਬੇਂਗਲੁਰੂ : ਸੁਪਰੀਮ ਕੋਰਟ ਦੇ ਕਹਿਣ 'ਤੇ ਵੀਰਵਾਰ ਸ਼ਾਮ ਬਾਗੀ ਵਿਧਾਇਕਾਂ ਨੂੰ ਮਿਲਣ ਤੋਂ ਬਾਅਦ ਕਰਨਾਟਕ ਦੇ ਸਪੀਕਰ ਕੇ ਆਰ ਰਮੇਸ਼ ਕੁਮਾਰ ਨੇ ਕਿਹਾ ਕਿ ਅਜੇ ਉਨ੍ਹਾ ਵਿਧਾਇਕਾਂ ਦੇ ਅਸਤੀਫਿਆਂ ਬਾਰੇ ਕੋਈ ਫੈਸਲਾ ਨਹੀਂ ਕੀਤਾ ਹੈ। ਮੀਡੀਆ ਨਾਲ ਗੱਲਬਾਤ ਵਿਚ ਉਨ੍ਹਾ ਕਿਹਾ ਕਿ ਉਹ ਪੂਰੀ ਜ਼ਿੰਮੇਦਾਰੀ ਨਾਲ ਆਪਣਾ ਫਰਜ਼ ਨਿਭਾ ਰਹੇ ਹਨ। ਕਿਸੇ ਵੀ ਬਾਗੀ ਵਿਧਾਇਕ ਨੇ ਮੁਲਾਕਾਤ ਲਈ ਸਮਾਂ ਨਹੀਂ ਮੰਗਿਆ ਸੀ। ਸੁਪਰੀਮ ਕੋਰਟ ਨੇ ਉਨ੍ਹਾ ਨੂੰ ਫੈਸਲਾ ਲੈਣ ਲਈ ਕਿਹਾ ਹੈ ਤੇ ਉਹ ਸਭ ਦੀ ਵੀਡੀਓਗ੍ਰਾਫੀ ਦੇ ਨਾਲ ਆਪਣਾ ਫੈਸਲਾ ਸੁਪਰੀਮ ਕੋਰਟ ਨੂੰ ਭੇਜਣਗੇ।
ਉਨ੍ਹਾ ਕਿਹਾ, ''ਮੈਂ ਕੁਝ ਚੈਨਲਾਂ ਵੱਲੋਂ ਸੁਸਤ ਸੁਣਵਾਈ ਦੇ ਦੋਸ਼ਾਂ ਤੋਂ ਦੁਖੀ ਹਾਂ। ਰਾਜਪਾਲ ਨੇ ਮੈਨੂੰ 6 ਜੁਲਾਈ ਨੂੰ ਅਸਤੀਫਿਆਂ ਦੀ ਸੂਚਨਾ ਦਿੱਤੀ ਸੀ। ਡੇਢ ਵਜੇ ਤਕ ਮੈਂ ਦਫਤਰ ਵਿਚ ਸੀ ਤੇ ਫਿਰ ਕੁਝ ਨਿਜੀ ਕੰਮਾਂ ਲਈ ਚਲੇ ਗਿਆ। ਵਿਧਾਇਕ ਮੈਨੂੰ ਦੋ ਵਜੇ ਮਿਲਣ ਆਏ। ਕਿਸੇ ਨੇ ਵੀ ਸਮਾਂ ਨਹੀਂ ਮੰਗਿਆ ਸੀ। ਇਸ ਲਈ ਇਹ ਗੱਲ ਗਲਤ ਹੈ ਕਿ ਮੈਂ ਉਨਾਂ ਦੇ ਆਉਣ ਕਰਕੇ ਦਫਤਰੋਂ ਨਿਕਲ ਗਿਆ। ਮੈਂ ਐਤਵਾਰ ਦਫਤਰ ਖੁਲ੍ਹਾ ਨਹੀਂ ਰੱਖ ਸਕਦਾ। ਮੈਂ ਸੋਮਵਾਰ ਸਾਰੇ ਅਸਤੀਫਿਆਂ ਦੀ ਜਾਂਚ ਕੀਤੀ ਜਿਨ੍ਹਾਂ ਵਿਚੋਂ 8 ਨਿਰਧਾਰਤ ਫਾਰਮੇਟ ਵਿਚ ਨਹੀਂ ਸਨ। ਬਾਕੀਆਂ ਬਾਰੇ ਦੇਖਣਾ ਹੈ ਕਿ ਕੀ ਉਨ੍ਹਾਂ ਇੱਛਾ ਨਾਲ ਅਸਤੀਫੇ ਦਿੱਤੇ। ਮੈਂ ਪੂਰੀ ਰਾਤ ਅਸਤੀਫਿਆਂ ਦੀ ਜਾਂਚ ਕਰਾਂਗਾ ਤੇ ਪਤਾ ਲਾਵਾਂਗਾ ਕਿ ਕੀ ਇਹ ਅਸਲੀ ਹਨ।''
ਸਪੀਕਰ ਨੇ ਅੱਗੇ ਕਿਹਾ, ''ਵਿਧਾਇਕਾਂ ਨੇ ਅਸਤੀਫੇ ਦੇਣ ਤੋਂ ਪਹਿਲਾਂ ਮੇਰੇ ਨਾਲ ਗੱਲ ਨਹੀਂ ਕੀਤੀ, ਉਹ ਸਿੱਧੇ ਗਵਰਨਰ ਕੋਲ ਭੱਜੇ ਗਏ। ਫਿਰ ਉਨ੍ਹਾਂ ਸੁਪਰੀਮ ਕੋਰਟ ਨਾਲ ਸੰਪਰਕ ਕੀਤਾ। ਮੇਰੀ ਜ਼ਿੰਮੇਦਾਰੀ ਦੇਸ਼ ਦੇ ਸੰਵਿਧਾਨ ਤੇ ਸੂਬੇ ਦੇ ਲੋਕਾਂ ਪ੍ਰਤੀ ਹੈ। ਮੈਂ ਦੇਰੀ ਕਰ ਰਿਹਾ ਹਾਂ ਕਿਉਂਕਿ ਮੈਂ ਇਸ ਮਿੱਟੀ ਨਾਲ ਪਿਆਰ ਕਰਦਾ ਹਾਂ। ਮੈਂ ਕਾਹਲੀ ਨਹੀਂ ਕਰਨੀ। ਮੈਨੂੰ ਸੁਪਰੀਮ ਕੋਰਟ ਨੇ ਫੈਸਲਾ ਲੈਣ ਲਈ ਕਿਹਾ ਹੈ। ਮੈਂ ਸਾਰੀਆਂ ਚੀਜ਼ਾਂ ਦੀ ਵੀਡੀਓਗ੍ਰਾਫੀ ਕੀਤੀ ਹੈ ਤੇ ਸੁਪਰੀਮ ਕੋਰਟ ਭੇਜਾਂਗਾ।'' ਸਪੀਕਰ ਨੇ ਵਿਧਾਇਕਾਂ ਨੂੰ ਧਮਕੀ ਤੇ ਉਨ੍ਹਾਂ ਦੇ ਮੁੰਬਈ ਜਾਣ ਬਾਰੇ ਕਿਹਾ, ''ਬਾਗੀ ਵਿਧਾਇਕਾਂ ਨੇ ਮੈਨੂੰ ਦੱਸਿਆ ਕਿ ਕੁਝ ਲੋਕਾਂ ਨੇ ਉਨ੍ਹਾਂ ਨੂੰ ਧਮਕੀ ਦਿੱਤੀ ਸੀ ਤੇ ਉਹ ਡਰ ਕੇ ਮੁੰਬਈ ਚਲੇ ਗਏ। ਮੈਂ ਉਨ੍ਹਾਂ ਨੂੰ ਕਿਹਾ ਕਿ ਮੇਰੇ ਨਾਲ ਸੰਪਰਕ ਕਰਨਾ ਸੀ, ਮੈਂ ਉਨ੍ਹਾਂ ਨੂੰ ਸੁਰੱਖਿਆ ਦਿਵਾਉਂਦਾ। ਸਿਰਫ ਤਿੰਨ ਕੰਮ ਦਿਨ ਹੀ ਬੀਤੇ ਹਨ ਪਰ ਉਨ੍ਹਾਂ ਅਜਿਹਾ ਵਿਹਾਰ ਕੀਤਾ ਜਿਵੇਂ ਭੂਚਾਲ ਆ ਗਿਆ ਹੋਵੇ।'' ਸੁਪਰੀਮ ਕੋਰਟ ਨੇ ਮਾਮਲੇ ਦੀ ਸੁਣਵਾਈ ਦੌਰਾਨ ਕਾਂਗਰਸ-ਜੇ ਡੀ ਐੱਸ ਦੇ 10 ਬਾਗੀ ਵਿਧਾਇਕਾਂ ਨੂੰ ਵੀਰਵਾਰ ਹੀ ਕਰਨਾਟਕ ਵਿਧਾਨ ਸਭਾ ਦੇ ਸਪੀਕਰ ਨਾਲ ਮੁਲਾਕਾਤ ਕਰਨ ਨੂੰ ਕਿਹਾ। ਨਾਲ ਹੀ ਕਿਹਾ ਜੇਕਰ ਵਿਧਾਇਕ ਚਾਹੁਣ ਤਾਂ ਅਸਤੀਫ਼ਾ ਸੌਂਪ ਸਕਦੇ ਹਨ। ਇਸ ਦੇ ਨਾਲ ਹੀ ਬਾਗੀ ਵਿਧਾਇਕਾਂ ਨੂੰ ਸੁਰੱਖਿਆ ਮੁਹੱਈਆ ਕਰਾਉਣ ਦਾ ਵੀ ਆਦੇਸ਼ ਦਿੱਤਾ ਹੈ। 16 ਵਿਧਾਇਕਾਂ ਦੇ ਅਸਤੀਫ਼ੇ ਤੋਂ ਬਾਅਦ ਸੂਬੇ 'ਚ ਐੱਚ ਡੀ ਕੁਮਾਰਸਵਾਮੀ ਦੀ ਅਗਵਾਈ ਵਾਲੀ ਕਾਂਗਰਸ-ਜੇ ਡੀ ਐੱਸ ਸਰਕਾਰ ਸੰਕਟ 'ਚ ਘਿਰੀ ਹੋਈ ਹੈ। ਸੁਪਰੀਮ ਕੋਰਟ ਨੇ ਆਦੇਸ਼ ਦਿੱਤਾ ਕਿ ਅਸਤੀਫ਼ੇ ਦੇ ਚੁੱਕੇ ਵਿਧਾਇਕ ਬੈਂਗਲੁਰੂ ਪਹੁੰਚਣ ਅਤੇ ਸ਼ਾਮ ਛੇ ਵਜੇ ਤੱਕ ਸਪੀਕਰ ਰਮੇਸ਼ ਕੁਮਾਰ ਦੇ ਸਾਹਮਣੇ ਹਾਜ਼ਰ ਹੋਣ। ਇਸ ਦੇ ਨਾਲ ਹੀ ਅਦਾਲਤ ਨੇ ਨਿਰਦੇਸ਼ ਦਿੱਤਾ ਕਿ ਵਿਧਾਇਕਾਂ ਦੇ ਅਸਤੀਫ਼ੇ 'ਤੇ ਸਪੀਕਰ ਨੂੰ ਅੱਜ ਹੀ ਫੈਸਲਾ ਲੈਣਾ ਹੋਵੇਗਾ। ਅਦਾਲਤ ਨੇ ਉਨ੍ਹਾਂ ਦੇ ਅਸਤੀਫ਼ੇ 'ਤੇ ਆਦੇਸ਼ ਜਾਰੀ ਕਰਨ ਨੂੰ ਕਿਹਾ। ਆਦੇਸ਼ ਦੀ ਕਾਪੀ ਜਮ੍ਹਾਂ ਹੋਣ ਤੋਂ ਬਾਅਦ ਸ਼ੁੱਕਰਵਾਰ ਨੂੰ ਇੱਕ ਵਾਰ ਫਿਰ ਮਾਮਲੇ 'ਤੇ ਸੁਪਰੀਮ ਕੋਰਟ ਸੁਣਵਾਈ ਕਰੇਗੀ। ਉਧਰ ਕਾਂਗਰਸ ਨੇਤਾ ਡੀ ਕੇ ਸ਼ਿਵਕੁਮਾਰ ਨੇ ਕਿਹਾ, 'ਸਾਨੂੰ ਵਿਸ਼ਵਾਸ ਹੈ ਕਿ ਵਿਧਾਇਕ ਸਾਡੇ ਨਾਲ ਆਉਣਗੇ। ਸਾਨੂੰ ਉਮੀਦ ਹੈ ਕਿ ਉਹ ਵਾਪਸ ਆ ਜਾਣਗੇ ਅਤੇ ਆਪਣਾ ਅਸਤੀਫ਼ਾ ਵਾਪਸ ਲੈ ਲੈਣਗੇ।' ਇਸੇ ਦੌਰਾਨ ਕਰਨਾਟਕ ਕੈਬਿਨੇਟ ਦੀ ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕਿ ਜੇ ਭਾਜਪਾ ਅਵਿਸ਼ਵਾਸ ਦਾ ਮਤਾ ਲਿਆਉਣਾ ਚਾਹੁੰਦੀ ਹੈ ਤਾਂ ਸਰਕਾਰ ਮੁਕਾਬਲਾ ਕਰਨ ਲਈ ਤਿਆਰ ਹੈ। ਇਥੇ ਘੁੰਡੀ ਇਹ ਹੈ ਕਿ ਮਤੇ 'ਤੇ ਵੋਟਿੰਗ ਸਮੇਂ ਕਾਂਗਰਸ ਤੇ ਜਨਤਾ ਦਲ (ਸੈਕੂਲਰ) ਬਾਗੀਆਂ ਨੂੰ ਵ੍ਹਿਪ ਜਾਰੀ ਕਰ ਸਕਦੇ ਹਨ ਤੇ ਫਿਰ ਉਹ ਅਯੋਗ ਠਹਿਰਾਏ ਜਾਣ ਦੇ ਡਰੋਂ ਸਰਕਾਰ ਦੇ ਖਿਲਾਫ ਵੋਟਿੰਗ ਨਹੀਂ ਕਰ ਸਕਦੇ। ਇਸਦੇ ਮੱਦੇਨਜ਼ਰ ਭਾਜਪਾ ਇਹੀ ਕਹੀ ਜਾ ਰਹੀ ਹੈ ਕਿ ਕੁਮਾਰਸਵਾਮੀ ਘਟਗਿਣਤੀ ਵਿਚ ਰਹਿ ਗਏ ਹਨ, ਇਸ ਕਰਕੇ ਅਸਤੀਫਾ ਦੇਣ। ਉਹ ਅਵਿਸ਼ਵਾਸ ਮਤਾ ਲਿਆਉਣ ਤੋਂ ਡਰ ਰਹੀ ਹੈ। ਵਿਰੋਧੀ ਦਲਾਂ ਨੇ ਵੀਰਵਾਰ ਨੂੰ ਸੰਸਦ ਦੇ ਬਾਹਰ ਕਰਨਾਟਕ ਅਤੇ ਗੋਆ ਦੀਆਂ ਘਟਨਾਵਾਂ ਲੈ ਕੇ ਧਰਨਾ ਦਿੱਤਾ ਅਤੇ ਪ੍ਰਦਰਸ਼ਨ ਕੀਤਾ ਅਤੇ ਭਾਰਤੀ ਜਨਤਾ ਪਾਰਟੀ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ। ਕਾਂਗਰਸ, ਤ੍ਰਿਣਮੂਲ ਕਾਂਗਰਸ, ਸਮਾਜਵਾਦੀ ਪਾਰਟੀ, ਰਾਸ਼ਟਰਵਾਦੀ ਕਾਂਗਰਸ ਪਾਰਟੀ, ਰਾਸ਼ਟਰੀ ਜਨਤਾ ਦਲ, ਮਾਰਕਸਵਾਦੀ ਕਮਿਊਨਿਸਟ ਪਾਰਟੀ ਅਤੇ ਭਾਰਤੀ ਕਮਿਊਨਿਸਟ ਪਾਰਟੀ ਦੇ ਸਾਂਸਦਾਂ ਦੇ ਹੱਥਾਂ 'ਚ ਕਾਲੇ ਰੰਗ ਦੇ ਪੋਸਟਰ ਲਏ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਮੂਰਤੀ ਦੇ ਸਾਹਮਣੇ ਪ੍ਰਦਰਸ਼ਨ ਕੀਤਾ। ਪੋਸਟਰ 'ਤੇ ਲਿਖਿਆ ਸੀ, 'ਭਾਜਪਾ ਲੋਕਤੰਤਰ ਦੀ ਹੱਤਿਆ ਬੰਦ ਕਰੇ।'

398 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper