Latest News
ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀ 25 ਨੂੰ ਨਸ਼ਿਆਂ ਬਾਰੇ ਅੰਤਰਰਾਜੀ ਮੀਟਿੰਗ ਕਰਨ ਲਈ ਸਹਿਮਤ

Published on 12 Jul, 2019 10:38 AM.

ਚੰਡੀਗੜ੍ਹ (ਗੁਰਜੀਤ ਬਿੱਲਾ)
ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਨੇ ਸ਼ੁੱਕਰਵਾਰ ਨੂੰ ਨਸ਼ਿਆਂ ਵਿਰੁੱਧ ਜੰਗ 'ਚ ਵਧੀਆ ਤਾਲਮੇਲ ਪੈਦਾ ਕਰਨ ਬਾਰੇ ਵਿਚਾਰ ਵਟਾਂਦਰਾ ਕੀਤਾ ਅਤੇ 25 ਜੁਲਾਈ ਨੂੰ ਸਾਰੇ ਉੱਤਰੀ ਸੂਬਿਆਂ ਦੀ ਅੰਤਰਰਾਜੀ ਮੀਟਿੰਗ ਕਰਨ 'ਤੇ ਸਹਿਮਤੀ ਪ੍ਰਗਟਾਈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਰਿਆਣਾ ਦੇ ਮੁੱਖ ਮੰਤਰੀ ਐੱਮ.ਐੱਲ. ਖੱਟੜ ਦੇ ਨਾਲ ਉਨ੍ਹਾਂ ਦੇ ਦਫ਼ਤਰ ਵਿੱਚ ਕੀਤੀ ਮੀਟਿੰਗ ਤੋਂ ਬਾਅਦ ਕਿਹਾ ਕਿ ਇਸ ਮੀਟਿੰਗ ਦੀ ਮੇਜ਼ਬਾਨੀ ਪੰਜਾਬ ਵੱਲੋਂ ਕੀਤੀ ਜਾਵੇਗੀ।
ਬੁਲਾਰੇ ਅਨੁਸਾਰ ਹਰਿਆਣਾ ਤੇ ਪੰਜਾਬ ਤੋਂ ਇਲਾਵਾ ਹਿਮਾਚਲ ਪ੍ਰਦੇਸ਼, ਰਾਜਸਥਾਨ, ਉੱਤਰਾਖੰਡ ਅਤੇ ਦਿੱਲੀ ਦੇ ਮੁੱਖ ਮੰਤਰੀ ਅਤੇ ਜੰਮੂ ਤੇ ਕਸ਼ਮੀਰ ਦੇ ਰਾਜਪਾਲ, ਦਿੱਲੀ ਦੇ ਲੈਫਟੀਨੈਂਟ ਗਵਰਨਰ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੱਲੋਂ ਵੀ ਨਸ਼ਿਆਂ ਬਾਰੇ ਦੂਜੀ ਅੰਤਰਰਾਜੀ ਮੀਟਿੰਗ ਵਿੱਚ ਹਿੱਸਾ ਲੈਣ ਦੀ ਸੰਭਾਵਨਾ ਹੈ। ਇਸ ਸੰਬੰਧੀ ਪਹਿਲੀ ਮੀਟਿੰਗ ਪਿਛਲੇ ਸਾਲ ਅਪ੍ਰੈਲ ਵਿੱਚ ਹੋਈ ਸੀ ਅਤੇ ਉੱਤਰੀ ਸੂਬਿਆਂ ਨੇ ਪੰਚਕੂਲਾ (ਹਰਿਆਣਾ) ਵਿਖੇ ਕੇਂਦਰੀ ਸਕੱਤਰੇਤ ਸਥਾਪਤ ਕਰਨ ਦਾ ਫੈਸਲਾ ਲੈਣ ਤੋਂ ਇਲਾਵਾ ਖੁਫੀਆ ਜਾਣਕਾਰੀ ਅਤੇ ਸੂਚਨਾ ਦੇ ਆਦਾਨ-ਪ੍ਰਦਾਨ ਵਾਸਤੇ ਹਰੇਕ ਸੂਬੇ ਵੱਲੋਂ ਨੋਡਲ ਅਫ਼ਸਰ ਤਾਇਨਾਤ ਕਰਨ ਦਾ ਫੈਸਲਾ ਕੀਤਾ ਸੀ। ਸੂਬਿਆਂ ਨੇ ਸਾਂਝੇ ਮੰਚ 'ਤੇ ਨਸ਼ਿਆਂ ਵਿਰੁੱਧ ਸਰਗਰਮ ਮੁਹਿੰਮ ਰਾਹੀਂ ਲੜਨ 'ਤੇ ਸਹਿਮਤੀ ਪ੍ਰਗਟਾਈ ਸੀ ਅਤੇ ਨਸ਼ਿਆਂ ਦੇ ਰੁਝਾਨ, ਦਰਜ ਕੀਤੇ ਗਏ ਕੇਸਾਂ ਅਤੇ ਗ੍ਰਿਫ਼ਤਾਰ ਜਾਂ ਸ਼ਨਾਖ਼ਤ ਕੀਤੇ ਗਏ ਵਿਅਕਤੀਆਂ ਦੀ ਤੇਜ਼ੀ ਨਾਲ ਸੂਚਨਾ ਦੇ ਆਦਾਨ-ਪ੍ਰਦਾਨ 'ਤੇ ਵੀ ਜ਼ੋਰ ਦਿੱਤਾ ਸੀ। ਖੱਟੜ ਨਾਲ ਮੀਟਿੰਗ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਦ੍ਰਿੜ੍ਹ ਹੈ ਜੋ ਕਿ ਸਰਹੱਦ ਪਾਰੋਂ ਪੰਜਾਬ ਵਿੱਚ ਸਮਗਲ ਕੀਤੇ ਜਾ ਰਹੇ ਹਨ।
ਇਹ ਨਾ ਕੇਵਲ ਪਾਕਿਸਤਾਨ ਸਗੋਂ ਦੇਸ਼ ਦੇ ਅੰਦਰੂਨੀ ਹਿੱਸਿਆਂ ਖਾਸਕਰ ਕਸ਼ਮੀਰ ਤੋਂ ਵੀ ਸਮਗਲ ਕੀਤੇ ਜਾ ਰਹੇ ਹਨ। ਉਨ੍ਹਾਂ ਦੁਹਰਾਇਆ ਕਿ ਉਨ੍ਹਾਂ ਦੀ ਸਰਕਾਰ ਨਸ਼ਿਆਂ ਵਿਰੁੱਧ ਰਤੀ ਭਰ ਵੀ ਢਿੱਲ ਸਹਿਣ ਨਹੀਂ ਕਰੇਗੀ। ਇਸ ਤੋਂ ਪਹਿਲਾਂ ਹਰਿਆਣੇ ਦੇ ਮੁੱਖ ਮੰਤਰੀ ਨੇ ਕੈਪਟਨ ਅਮਰਿੰਦਰ ਸਿੰਘ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਭਾਗਵਤ ਗੀਤਾ ਦੀ ਇੱਕ ਕਾਪੀ ਅਤੇ ਇੱਕ ਮਿਮੈਂਟੋ ਭੇਟ ਕੀਤਾ।

214 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper