Latest News
ਚੀਨੀ ਫੌਜ ਨੇ ਲੱਦਾਖ ਦੇ 6 ਕਿਲੋਮੀਟਰ ਅੰਦਰ ਆ ਕੇ ਝੰਡਾ ਝੁਲਾਇਆ

Published on 12 Jul, 2019 10:46 AM.

ਦਾਖ : ਡੋਕਲਾਮ ਡੈੱਡਲਾਕ ਦੇ ਦੋ ਸਾਲ ਬਾਅਦ ਚੀਨੀ ਫੌਜ ਨੇ ਇਕ ਵਾਰ ਫਿਰ ਭਾਰਤੀ ਇਲਾਕੇ ਵਿਚ ਘੁਸਪੈਠ ਕੀਤੀ ਹੈ। ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਨੇ ਕੁਝ ਦਿਨ ਪਹਿਲਾਂ ਜੰਮੂ-ਕਸ਼ਮੀਰ ਦੇ ਲੱਦਾਖ ਵਿਚ ਪੂਰਬੀ ਡੈਮਚੋਕ ਇਲਾਕੇ ਵਿਚ 6 ਕਿਲੋਮੀਟਰ ਅੰਦਰ ਆ ਕੇ ਆਪਣਾ ਝੰਡਾ ਝੁਲਾ ਦਿੱਤਾ। ਇਹ ਘੁਸਪੈਠ ਉਦੋਂ ਹੋਈ ਹੈ, ਜਦੋਂ ਸਥਾਨਕ ਲੋਕ ਤਿੱਬਤੀ ਧਰਮ ਗੁਰੂ ਦਲਾਈ ਲਾਮਾ ਦਾ ਜਨਮ ਦਿਨ ਮਨਾ ਰਹੇ ਹਨ। ਡੈਮਚੋਕ ਦੀ ਸਰਪੰਚ ਉਰਗੇਨ ਚੋਡੋਨ ਨੇ ਘੁਸਪੈਠ ਦੀ ਪੁਸ਼ਟੀ ਕੀਤੀ ਹੈ। ਉਸ ਮੁਤਾਬਕ ਚੀਨੀ ਫੌਜੀ ਗੱਡੀਆਂ ਵਿਚ ਆਏ ਤੇ ਚੀਨੀ ਝੰਡਾ ਝੁਲਾ ਦਿੱਤਾ। ਅਸਲ ਕੰਟਰੋਲ ਲਾਈਨ 'ਤੇ ਇਕ ਨਾਲੇ ਕੋਲ ਅਜੇ ਵੀ ਚੀਨ ਦੇ ਦੋ ਟੈਂਟ ਲੱਗੇ ਹੋਏ ਹਨ। ਉਸ ਨੇ ਅਗਸਤ 2018 ਵਿਚ ਘੁਸਪੈਠ ਕਰਕੇ ਉਥੇ ਕਈ ਟੈਂਟ ਲਾ ਦਿੱਤੇ ਸਨ। ਭਾਰਤ ਦੇ ਵਿਰੋਧ ਦੇ ਬਾਵਜੂਦ ਦੋ ਟੈਂਟ ਅਜੇ ਵੀ ਨਹੀਂ ਹਟਾਏ। ਇਹੀ ਨਹੀਂ ਚੀਨ ਨੇ ਆਪਣੇ ਵੱਲ ਕਾਫੀ ਸੜਕਾਂ ਬਣਾ ਲਈਆਂ ਹਨ ਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਹੈ।
ਉਰਗੇਨ ਨੇ ਦੱਸਿਆ ਕਿ ਦੱਸਿਆ ਕਿ ਦਲਾਈ ਲਾਮਾ ਦਾ ਜਨਮ ਦਿਨ ਮਨਾਉਣ ਦੇ ਪ੍ਰੋਗਰਾਮ ਦੀ ਫੌਜ ਤੇ ਸਰਕਾਰ ਨੂੰ ਜਾਣਕਾਰੀ ਹੈ। ਇਹ ਇਲਾਕਾ ਭਾਰਤ ਤੇ ਚੀਨ ਵਿਚਾਲੇ ਆਖਰੀ ਰਿਹਾਇਸ਼ੀ ਇਲਾਕਾ ਹੈ। ਚੀਨ ਦੇ ਇਸ ਕਦਮ ਨੂੰ ਵੁਹਾਨ ਸਿਖਰ ਸੰਮੇਲਨ ਦੀ ਭਾਵਨਾ ਦੇ ਖਿਲਾਫ ਮੰਨਿਆ ਜਾ ਰਿਹਾ ਹੈ। ਪੀ ਐੱਮ ਮੋਦੀ ਤੇ ਚੀਨੀ ਰਾਸ਼ਟਰਪਤੀ ਸ਼ੀ ਚਿਨਫਿੰਗ ਵਿਚਾਲੇ 27-28 ਅਪ੍ਰੈਲ ਨੂੰ ਹੋਈ ਮੀਟਿੰਗ ਵਿਚ ਮੋਟੇ ਤੌਰ 'ਤੇ ਦੁਵੱਲੇ ਸੰਬੰਧਾਂ ਵਿਚ ਸੁਧਾਰ ਦਾ ਸਿਹਰਾ ਦਿੱਤਾ ਜਾਂਦਾ ਹੈ। ਡੋਕਲਾਮ ਵਿਚ 73 ਦਿਨ ਚੱਲੇ ਡੈੱਡਲਾਕ ਨਾਲ ਪੈਦਾ ਹੋਈ ਖਟਾਸ ਤੋਂ ਬਾਅਦ ਇਹ ਮੀਟਿੰਗ ਹੋਈ ਸੀ।
ਇਕ ਖਬਰ ਏਜੰਸੀ ਨੇ ਸਰਕਾਰ ਦੇ ਹਵਾਲੇ ਨਾਲ ਕਿਹਾ ਹੈ ਕਿ ਚੀਨ ਨੇ ਕੋਈ ਘੁਸਪੈਠ ਨਹੀਂ ਕੀਤੀ। ਲੋਕ ਦਲਾਈ ਲਾਮਾ ਦਾ ਜਨਮ ਦਿਨ ਮਨਾ ਰਹੇ ਸਨ ਤੇ ਚੀਨੀ ਫੌਜੀ ਸਾਦੇ ਕੱਪੜਿਆਂ ਵਿਚ ਆਮ ਗੱਡੀ ਵਿਚ ਆਏ ਤੇ ਕੰਟਰੋਲ ਲਾਈਨ ਦੇ ਦੂਜੇ ਪਾਸੇ ਖੜ੍ਹੇ ਰਹੇ।

185 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper