Latest News
ਚਾਕੂ ਮਾਰ ਕੇ ਪਤਨੀ ਦਾ ਕਤਲ

Published on 13 Jul, 2019 11:21 AM.


ਮੋਗਾ (ਅਮਰਜੀਤ ਬੱਬਰੀ)
ਸਥਾਨਕ ਬੇਦੀ ਨਗਰ ਖੇਤਰ 'ਚ ਇੱਕ ਨੌਜਵਾਨ ਨੇ ਚਾਕੂ ਮਾਰ ਕੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ। ਮੁਲਜ਼ਮ ਉਦੋਂ ਤੱਕ ਚਾਕੂ ਨਾਲ ਵਾਰ ਕਰਦਾ ਰਿਹਾ, ਜਦੋਂ ਤੱਕ ਔਰਤ ਦਾ ਸਾਹ ਨਹੀਂ ਰੁਕਿਆ। ਮ੍ਰਿਤਕਾ ਆਪਣੇ ਬੱਚਿਆਂ ਨੂੰ ਸਕੂਲ ਛੱਡ ਕੇ ਘਰ ਪਰਤ ਰਹੀ ਸੀ। ਘਟਨਾ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ।
ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਜਗਤਾਰ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੇ ਪਿਤਾ ਮੰਗਤ ਸਿੰਘ ਉਰਫ਼ ਬਿੱਟੂ ਦੇ ਬਿਆਨ ਉੱਤੇ ਉਸ ਦੇ ਜਵਾਈ ਸੰਜੇ ਕੁਮਾਰ ਉਰਫ਼ ਸੰਜੂ ਵਾਸੀ ਹਕੀਕਤਪੁਰ ਉੱਤਰ ਪ੍ਰਦੇਸ਼ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਮੁਲਜ਼ਮ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪੁਲਸ ਮੁਤਾਬਕ ਮੁਲਜ਼ਮ ਅਰਸਾ ਪਹਿਲਾਂ ਇੱਥੇ ਪ੍ਰਾਈਵੇਟ ਫੈਕਟਰੀ 'ਚ ਕੰਮ ਕਰਦਾ ਸੀ। ਇਸ ਦੌਰਾਨ ਉਸ ਦੀ ਫੈਕਟਰੀ 'ਚ ਕੰਮ ਕਰਦੀ ਜੋਤੀ ਨਾਮੀ ਲੜਕੀ ਨਾਲ ਦੋਸਤੀ ਹੋ ਗਈ ਤੇ ਫਿਰ ਦੋਨਾਂ ਨੇ ਕਰੀਬ 10 ਸਾਲ ਪਹਿਲਾਂ ਵਿਆਹ ਕਰ ਲਿਆ ਤੇ ਇਥੇ ਬੇਦੀ ਨਗਰ 'ਚ ਹੀ ਰਹਿਣ ਲੱਗ ਪਏ। ਉਨ੍ਹਾਂ ਦੇ ਘਰ ਇੱਕ ਪੁੱਤ ਤੇ ਇੱਕ ਧੀ ਹਨ। ਮੁਲਜ਼ਮ ਇੱਥੇ ਪ੍ਰਾਈਵੇਟ ਡਰਾਈਵਰ ਵਜੋਂ ਨੌਕਰੀ ਕਰ ਰਿਹਾ ਸੀ। ਮ੍ਰਿਤਕਾ ਦੇ ਪਿਤਾ ਨੇ ਪੁਲਸ ਨੂੰ ਦੱਸਿਆ ਕਿ ਮੁਲਜ਼ਮ ਸ਼ਰਾਬ ਪੀ ਕੇ ਉਸ ਦੀ ਧੀ ਦੀ ਕੁੱਟਮਾਰ ਕਰਦਾ ਸੀ ਅਤੇ ਮੋਹਤਬਰਾਂ ਦੀ ਹਾਜ਼ਰੀ 'ਚ ਕਈ ਵਾਰ ਸਮਝੌਤਾ ਵੀ ਹੋਇਆ ਸੀ।।
ਕਰੀਬ 6 ਮਹੀਨੇ ਤੋਂ ਦੋਵਾਂ 'ਚ ਘਰੇਲੂ ਝਗੜਾ ਵਧ ਗਿਆ ਸੀ ਤੇ ਜੋਤੀ ਆਪਣੇ ਪੇਕੇ ਘਰ ਰਹਿਣ ਲੱਗ ਪਈ। ਜੋਤੀ ਸਵੇਰੇ ਤਕਰੀਬਨ 8.30 ਵਜੇ ਆਪਣੇ ਦੋਵਾਂ ਬੱਚਿਆਂ ਨੂੰ ਸਕੂਲ ਛੱਡ ਕੇ ਪਰਤ ਰਹੀ ਸੀ, ਤਾਂ ਮੁਲਜ਼ਮ ਨੇ ਚਾਕੂ ਨਾਲ ਹਮਲਾ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਮੌਕੇ ਤੋਂ ਫ਼ਰਾਰ ਹੋ ਗਿਆ।

292 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper