ਪਟਨਾ (ਨਵਾਂ ਜ਼ਮਾਨਾ ਸਰਵਿਸ)
ਬਿਹਾਰ ਦੇ ਉਤਰੀ ਹਿੱਸੇ ਤੇ ਨੇਪਾਲ ਦੇ ਤਰਾਈ ਖੇਤਰਾਂ 'ਚ ਹੋ ਰਹੀ ਲਗਾਤਾਰ ਬਾਰਿਸ਼ ਤੋਂ ਬਾਅਦ ਕਈ ਨਦੀਆਂ ਦਾ ਪਾਣੀ ਵਧ ਗਿਆ ਹੈ, ਜਿਸ ਕਾਰਨ ਸੂਬੇ 'ਚ ਘੱਟੋ-ਘੱਟ ਛੇ ਜ਼ਿਲ੍ਹਿਆਂ 'ਚ ਹੜ੍ਹ ਦੀ ਸਥਿਤੀ ਪੈਦਾ ਹੋ ਗਈ ਹੈ। ਇਸ ਦੌਰਾਨ ਸੂਬੇ ਦੇ ਕਈ ਸਥਾਨਾਂ 'ਚ ਰੇਲ ਪਟੜੀਆਂ 'ਤੇ ਪਾਣੀ ਵਧ ਜਾਣ ਨਾਲ ਰੇਲ ਆਵਾਜਾਈ 'ਚ ਰੁਕਾਵਟ ਆਈ ਹੈ। ਸੂਬੇ 'ਚ ਭਾਰੀ ਬਾਰਿਸ਼ ਕਾਰਨ ਕੋਸੀ ਨਦੀ ਸੀਮਾਂਚਲ ਦੇ ਖੇਤਰਾਂ 'ਚ ਤਬਾਹੀ ਲੈ ਕੇ ਆਈ ਹੈ। ਕੋਸੀ ਦਾ ਪਾਣੀ ਲਗਾਤਾਰ ਵਧ ਰਿਹਾ ਹੈ, ਜਿਸ ਕਾਰਨ ਕਈ ਖੇਤਰਾਂ 'ਚ ਹੜ੍ਹ ਦਾ ਪਾਣੀ ਦਾਖ਼ਲ ਹੋ ਗਿਆ ਹੈ। ਵੀਰਪੁਰ ਬੈਰਾਜ ਦੇ ਹੜ੍ਹ ਕੰਟਰੋਲ ਅਧਿਕਾਰੀਆਂ ਮੁਤਾਬਕ ਸ਼ਨੀਵਾਰ ਨੂੰ ਕੋਸੀ ਦੇ ਪਾਣੀ 'ਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ।
ਉਧਰ ਅਰਰੀਆ ਅਤੇ ਪੂਣੀਆ ਦੇ ਇਲਾਕਿਆਂ 'ਚ ਹੜ੍ਹ ਦਾ ਖ਼ਤਰਾ ਪੈਦਾ ਹੋ ਗਿਆ ਹੈ। ਉਥੇ ਐੱਨ ਡੀ ਆਰ ਐੱਫ਼ ਨੂੰ ਅਲਰਟ ਕਰ ਦਿੱਤਾ ਗਿਆ ਹੈ। ਭਾਰੀ ਬਾਰਸ਼ ਦੇ ਚਲਦੇ ਨੇਪਾਲ ਤੋਂ ਨਿਕਲਣ ਵਾਲੀਆਂ ਨਦੀਆਂ ਨੇ ਚੰਪਾਰਨ 'ਚ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ ਹੈ। ਲਾਲਬਕੇਆ, ਬਾਗਮਤੀ ਅਤੇ ਗੰਡਕ ਨੇ ਚੰਪਾਰਨ, ਸ਼ਿਵਹਰ ਅਤੇ ਮੁਜ਼ੱਫਰਪੁਰ ਦੇ ਕਈ ਪਿੰਡਾਂ ਨੂੰ ਆਪਣੀ ਲਪੇਟ 'ਚ ਲੈਣਾ ਸ਼ੁਰੂ ਕਰ ਦਿੱਤਾ ਹੈ। ਪੂਰਬੀ ਚੰਪਾਰਨ ਦੇ ਕਈ ਪਿੰਡਾਂ 'ਚ ਹੜ੍ਹ ਦਾ ਪਾਣੀ ਦਾਖ਼ਲ ਹੋ ਗਿਆ ਹੈ।