Latest News
ਕਾਂਗਰਸ ਦੇ 5 ਵਿਧਾਇਕ ਪਹੁੰਚੇ ਸੁਪਰੀਮ ਕੋਰਟ

Published on 13 Jul, 2019 11:31 AM.


ਬੈਂਗਲੁਰੂ (ਨਵਾਂ ਜ਼ਮਾਨਾ ਸਰਵਿਸ)
ਕਰਨਾਟਕ 'ਚ ਕਾਂਗਰਸ-ਜੇ ਡੀ ਐੱਸ ਦੇ ਬਾਗੀ ਵਿਧਾਇਕਾਂ ਦੇ ਅਸਤੀਫੇ ਤੋਂ ਬਾਅਦ ਸਰਕਾਰ ਡਿੱਗਣ ਦਾ ਖ਼ਤਰਾ ਬਣਿਆ ਹੋਇਆ ਹੈ। ਕਾਂਗਰਸ ਵਿਧਾਇਕਾਂ ਦੇ ਅਸਤੀਫ਼ੇ ਨੂੰ ਹਾਲੇ ਤੱਕ ਵਿਧਾਨਸਭਾ ਸਪੀਕਰ ਰਮੇਸ਼ ਕੁਮਾਰ ਨੇ ਸਵੀਕਾਰ ਨਹੀਂ ਕੀਤਾ ਹੈ, ਜਦਕਿ ਐੱਚ ਡੀ ਕੁਮਾਰਸਵਾਮੀ ਵਿਧਾਨਸਭਾ 'ਚ ਬਹੁਮਤ ਪ੍ਰੀਖਣ ਲਈ ਇਜਾਜ਼ਤ ਮੰਗ ਚੁੱਕੇ ਹਨ। ਇਸ ਤੋਂ ਬਾਅਦ ਕਾਂਗਰਸ ਦੇ ਸੀਨੀਅਰ ਨੇਤਾ ਬਾਗੀ ਵਿਧਾਇਕਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਦੌਰਾਨ ਸ਼ਨੀਵਾਰ ਨੂੰ ਰੌਸ਼ਨ ਬੇਗ ਸਮੇਤ 5 ਹੋਰ ਕਾਂਗਰਸੀ ਵਿਧਾਇਕਾਂ ਨੇ ਅਸਤੀਫ਼ਾ ਸਵੀਕਾਰ ਨਾ ਕਰਨ 'ਤੇ ਸੁਪਰੀਮ ਕੋਰਟ ਦਾ ਰੁਖ ਕੀਤਾ ਹੈ। ਇਹ ਸਾਰੇ ਵਿਧਾਇਕ ਅਸਤੀਫ਼ਾ ਸਵੀਕਾਰ ਨਾ ਕਰਨ 'ਤੇ ਸਪੀਕਰ ਤੋਂ ਨਾਰਾਜ਼ ਹਨ। ਇਸ ਤੋਂ ਪਹਿਲਾਂ 10 ਬਾਗੀ ਵਿਧਾਇਕਾਂ ਨੇ ਵੀ ਇਸ ਮਾਮਲੇ 'ਤੇ ਸੁਪਰੀਮ ਕੋਰਟ 'ਚ ਅਰਜ਼ੀ ਦਿੱਤੀ ਸੀ। ਇਸ ਤਰ੍ਹਾਂ ਹੁਣ ਕੁੱਲ 15 ਵਿਧਾਇਕਾਂ ਨੇ ਇਸ 'ਤੇ ਸੁਪਰੀਮ ਕੋਰਟ ਦਾ ਰੁਖ ਕੀਤਾ ਹੈ।
ਉਥੇ ਹੀ ਵਿਧਾਨਸਭਾ 'ਚ ਵਿਸ਼ਵਾਸ ਮਤ ਤੋਂ ਪਹਿਲਾਂ ਕਾਂਗਰਸ-ਜੇ ਡੀ ਐੱਸ ਅਤੇ ਭਾਜਪਾ ਨੇ ਆਪਣੇ-ਆਪਣੇ ਵਿਧਾਇਕਾਂ ਨੂੰ ਇਕਜੁੱਟ ਕਰਨ ਲਈ ਵੱਖ-ਵੱਖ ਹੋਟਲਾਂ 'ਚ ਰੱਖਿਆ ਹੋਇਆ ਹੈ। ਜਨਤਾ ਦਲ ਸੈਕੂਲਰ (ਜੇ ਡੀ ਐੱਸ) ਨੇ ਆਪਣੇ 30 ਵਿਧਾਇਕਾਂ ਨੂੰ ਬੈਂਗਲੁਰੂ ਦੇ ਨੰਦੀ ਹਿਲਜ਼ ਦੇ ਕੋਲ ਗੋਲਫਸ਼ਾਇਰ ਰਿਜ਼ਾਰਟ 'ਚ ਠਹਿਰਾਇਆ ਹੈ, ਜਦਕਿ ਕਾਂਗਰਸ ਨੇ ਆਪਣੇ 50 ਵਿਧਾਇਕਾਂ ਨੂੰ ਕਲਾਕਰਸ ਇਕਸੋਟਿਕਾ ਕਨਵੇਸ਼ਨ ਰਿਜ਼ਾਰਟ 'ਚ ਠਹਿਰਾਇਆ ਹੈ। ਉਥੇ ਹੀ ਭਾਜਪਾ ਨੇ ਵੀ ਆਪਣੇ 105 ਵਿਧਾਇਕਾਂ ਨੂੰ ਯੇਲਹੰਕਾ ਦੇ ਰਮਾਡਾ ਰਿਜ਼ਾਰਟ 'ਚ ਠਹਿਰਾਇਆ ਹੋਇਆ ਹੈ।

176 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper