Latest News
ਕਰਤਾਰਪੁਰ ਕਮੇਟੀ 'ਚੋਂ ਲਾਂਭੇ ਕੀਤਾ ਗੋਪਾਲ ਚਾਵਲਾ

Published on 13 Jul, 2019 11:32 AM.


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਕਰਤਾਰਪੁਰ ਲਾਂਘੇ ਨੂੰ ਛੇਤੀ ਤੋਂ ਛੇਤੀ ਪੂਰਾ ਕਰਨ ਅਤੇ ਸ਼ਰਧਾਲੂਆਂ ਦੀ ਆਵਾਜਾਈ ਦੇ ਮੁੱਦੇ 'ਤੇ ਭਾਰਤ ਅਤੇ ਪਾਕਿਸਤਾਨ ਦੇ ਅਧਿਕਾਰੀਆਂ ਵਿਚਾਲੇ ਐਤਵਾਰ 14 ਜੁਲਾਈ ਨੂੰ ਇੱਕ ਵਾਰ ਫਿਰ ਤੋਂ ਮੀਟਿੰਗ ਹੋਵੇਗੀ। ਇਸ ਮੀਟਿੰਗ ਤੋਂ ਪਹਿਲਾਂ ਪਾਕਿਸਤਾਨ ਨੇ ਖਾਲਿਸਤਾਨ ਸਮਰੱਥਕ ਗੋਪਾਲ ਸਿੰਘ ਚਾਵਲਾ ਨੂੰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ 'ਚੋਂ ਹਟਾ ਦਿੱਤਾ ਹੈ। ਗੋਪਾਲ ਸਿੰਘ ਚਾਵਲਾ ਹੁਣ ਕਰਤਾਰਪੁਰ ਲਾਂਘਾ ਕਮੇਟੀ ਦਾ ਵੀ ਮੈਂਬਰ ਨਹੀਂ ਰਿਹਾ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਨਗਰ ਕੀਰਤਨ 'ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਪਾਕਿਸਤਾਨ ਨੇ ਭਾਰਤ ਦੇ ਦਬਾਅ ਦੇ ਅੱਗੇ ਝੁਕਦੇ ਹੋਏ ਮੁੰਬਈ ਹਮਲੇ ਦੇ ਸਾਜਿਸ਼ਘਾੜੇ ਹਾਫਿਜ਼ ਸਈਦ ਦੇ ਖਾਸ ਗੁਰਗੇ ਅਤੇ ਖਾਲਿਸਤਾਨ ਸਮਰਥਕ ਗੋਪਾਲ ਸਿੰਘ ਚਾਵਲਾ ਨੂੰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀ ਐੱਸ ਜੀ ਪੀ ਸੀ) ਤੋਂ ਬਾਹਰ ਕਰ ਦਿੱਤਾ ਹੈ।
ਚਾਵਲਾ ਨੂੰ ਨਵੰਬਰ 2018 'ਚ ਪਾਕਿਸਤਾਨ 'ਚ ਕਰਤਾਰਪੁਰ ਲਾਂਘੇ ਦੇ ਨੀਂਹ ਪੱਥਰ ਰੱਖਣ ਸਮਾਰੋਹ ਦੌਰਾਨ ਪਾਕਿਸਤਾਨ ਦੇ ਫੌਜ ਮੁਖੀ ਕੰਵਰ ਜਾਵੇਦ ਬਾਜਵਾ ਦੇ ਨਾਲ ਹੱਥ ਮਿਲਾਉਂਦੇ ਦੇਖਿਆ ਗਿਆ ਸੀ। ਬਾਅਦ 'ਚ ਨਵਜੋਤ ਸਿੰਘ ਸਿੱਧੂ ਦੇ ਨਾਲ ਵੀ ਉਸ ਦੀ ਤਸਵੀਰ ਸਾਹਮਣੇ ਆਈ ਸੀ, ਜੋ ਪੰਜਾਬ ਸਰਕਾਰ ਦੇ ਮੰਤਰੀ ਦੀ ਹੈਸੀਅਤ ਨਾਲ ਇਸ ਪ੍ਰੋਗਰਾਮ 'ਚ ਸ਼ਾਮਲ ਹੋਏ ਸਨ। ਸਿੱਧੂ ਦੇ ਨਾਲ ਆਈ ਚਾਵਲਾ ਦੀ ਤਸਵੀਰ ਨੂੰ ਲੈ ਕੇ ਭਾਰਤੀ ਰਾਜਨੀਤੀ 'ਚ ਖੂਬ ਹੰਗਾਮਾ ਹੋਇਆ ਸੀ, ਜਿਸ 'ਤੇ ਸਫਾਈ ਦਿੰਦੇ ਹੋਏ ਕਾਂਗਰਸ ਨੇਤਾ ਨੇ ਕਿਹਾ ਸੀ ਕਿ ਪਾਕਿਸਤਾਨ ਦੌਰੇ ਦੌਰਾਨ ਉਨ੍ਹਾ ਦੀਆਂ ਕਈ ਤਸਵੀਰਾਂ ਲਈਆਂ ਗਈਆਂ ਅਤੇ ਉਨ੍ਹਾ ਨੂੰ ਨਹੀਂ ਪਤਾ ਕਿ ਗੋਪਾਲ ਸਿੰਘ ਚਾਵਲਾ ਕੌਣ ਹੈ।ਕਰਤਾਰਪੁਰ ਲਾਂਘੇ 'ਤੇ ਇੱਕ ਵਾਰ ਫਿਰ ਭਾਰਤ ਤੇ ਪਾਕਿਸਤਾਨ ਵਿਚਾਲੇ ਗੱਲਬਾਤ ਹੋਣ ਜਾ ਰਹੀ ਹੈ, ਜਿਸ ਤੋਂ ਠੀਕ ਪਹਿਲਾਂ ਉਸ ਨੇ ਚਾਵਲਾ ਨੂੰ ਪੀ ਐੱਸ ਜੀ ਪੀ ਸੀ ਤੋਂ ਹਟਾ ਦਿੱਤਾ ਹੈ। ਚਾਵਲਾ ਹੁਣ ਕਰਤਾਰਪੁਰ ਕਮੇਟੀ ਦਾ ਵੀ ਮੈਂਬਰ ਨਹੀਂ ਰਿਹਾ, ਜਿਸ ਦੀ ਕਰਤਾਰਪੁਰ ਲਾਂਘੇ ਦੇ ਸੰਚਾਲਨ 'ਚ ਅਹਿਮ ਭੂਮਿਕਾ ਹੈ।
ਕਮੇਟੀ 'ਚੋਂ ਭਾਰਤ-ਪਾਕਿ ਅਤੇ ਖਾਲਿਸਤਾਨ ਸਮਰੱਥਕ ਮੰਨੇ ਜਾਣ ਵਾਲੇ ਮਨਿੰਦਰ ਸਿੰਘ, ਤਾਰਾ ਸਿੰਘ, ਬਿਸ਼ਨ ਸਿੰਘ ਅਤੇ ਕੁਲਜੀਤ ਸਿੰਘ ਨੂੰ ਵੀ ਹਟਾ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇੱਕ ਨਵੀਂ ਕਮੇਟੀ ਦਾ ਗਠਨ ਕੀਤਾ ਜਾਵੇਗਾ, ਜਿਸ 'ਚ ਕੋਈ ਵੀ ਖਾਲਿਸਤਾਨ ਸਮਰਥਕ ਸ਼ਾਮਲ ਨਹੀਂ ਹੋਵੇਗਾ।
ਭਾਰਤ ਨੇ ਕਰਤਾਰਪੁਰ ਕਮੇਟੀ 'ਚ ਚਾਵਲਾ ਨੂੰ ਸ਼ਾਮਲ ਕੀਤੇ ਜਾਣ ਦਾ ਸਖ਼ਤ ਇਤਰਾਜ਼ ਕੀਤਾ ਸੀ। ਇਸ ਮੁੱਦੇ 'ਤੇ ਨਾਰਾਜ਼ਗੀ ਪ੍ਰਗਟ ਕਰਦੇ ਹੋਏ ਦੋ ਅਪ੍ਰੈਲ 2019 ਨੂੰ ਹੋਣ ਵਾਲੀ ਗੱਲਬਾਤ ਨੂੰ ਰੱਦ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਐਤਵਾਰ ਨੂੰ ਅਟਾਰੀ-ਵਾਹਗਾ ਬਾਰਡਰ 'ਤੇ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਪਾਕਿਸਤਾਨ ਸਰਕਾਰ ਨੇ ਚਾਵਲਾ ਨੁੰ ਕਮੇਟੀ ਤੋਂ ਹਟਾ ਦਿੱਤਾ ਹੈ।

204 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper