Latest News
ਇਮਾਮ ਨੂੰ 'ਜੈ ਸ੍ਰੀ ਰਾਮ' ਬੋਲਣ ਲਈ ਕੀਤਾ ਮਜਬੂਰ

Published on 14 Jul, 2019 10:11 AM.


ਬਾਗਪਤ (ਨਵਾਂ ਜ਼ਮਾਨਾ ਸਰਵਿਸ)
ਬਾਗਪਤ ਦੇ ਦੋਘਟ ਖੇਤਰ 'ਚ ਇੱਕ ਮਸਜਿਦ ਦੇ ਇਮਾਮ ਨਾਲ ਕੁਝ ਨੌਜਵਾਨਾਂ ਨੇ ਕਥਿਤ ਰੂਪ 'ਚ ਕੁੱਟਮਾਰ ਕੀਤੀ ਅਤੇ ਉਸ ਦੀ ਦਾੜ੍ਹੀ ਤੱਕ ਪੁੱਟੀ ਅਤੇ ਉਸ 'ਤੇ 'ਜੈ ਸ੍ਰੀ ਰਾਮ' ਦੇ ਨਾਅਰੇ ਲਗਾਉਣ ਲਈ ਦਬਾਅ ਪਾਇਆ। ਪੁਲਸ ਕਮਿਸ਼ਨਰ ਸੈਲੇਸ਼ ਕੁਮਾਰ ਪਾਂਡੇ ਨੇ ਐਤਵਾਰ ਨੂੰ ਦੱਸਿਆ ਕਿ ਸ਼ੁਰੂਆਤ 'ਚ ਇਹ ਮਾਮਲਾ ਸਿਰਫ਼ ਕੁੱਟਮਾਰ ਦਾ ਲੱਗ ਰਿਹਾ ਹੈ। ਫਿਰ ਵੀ ਕਾਰਵਾਈ ਦੇ ਆਧਾਰ 'ਤੇ ਪੁਲਸ ਨੇ ਕਰੀਬ 12 ਨੌਜਵਾਨਾਂ ਦੇ ਖਿਲਾਫ਼ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਰਿਪੋਰਟ ਦੇ ਆਧਾਰ 'ਤੇ ਦੋਸ਼ੀਆ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।
ਉਨ੍ਹਾ ਦਰਜ ਰਿਪੋਰਟ ਦੇ ਆਧਾਰ 'ਤੇ ਦੱਸਿਆ ਕਿ ਮੁਜ਼ੱਫਰਨਗਰ ਦੇ ਜੌਲਾ ਨਿਵਾਸੀ ਇਸਲਾਕ ਰਹਿਮਾਨ ਸ਼ਨੀਵਾਰ ਸ਼ਾਮ ਮੋਟਰਸਾਈਕਲ 'ਤੇ ਸਰਧਨਾ ਤੋਂ ਆਪਣੇ ਪਿੰਡ ਜਾ ਰਿਹਾ ਸੀ। ਰਾਸਤੇ 'ਚ ਦੋਘਟ ਥਾਣਾ ਖੇਤਰ ਦੇ ਸਰੌਰਾ ਪਿੰਡ ਦੇ ਕੋਲ ਸੜਕ ਦੇ ਕਿਨਾਰੇ ਖੜ੍ਹੇ ਕਰੀਬ 12 ਨੌਜਵਾਨਾਂ ਨੇ ਉਨ੍ਹਾ ਨੂੰ ਰੋਕ ਲਿਆ ਅਤੇ ਕੁੱਟਮਾਰ ਕੀਤੀ ਅਤੇ ਉਨ੍ਹਾ ਦੀ ਦਾੜ੍ਹੀ ਤੱਕ ਪੁੱਟੀ। ਉਹ ਸਰਧਨਾ ਦੀ ਇੱਕ ਮਸਜਿਦ 'ਚ ਇਮਾਮਤ ਕਰਦੇ ਹਨ।
ਇਮਾਮ ਦਾ ਦੋਸ਼ ਹੈ ਕਿ ਨੌਜਵਾਨ ਉਨ੍ਹਾ ਤੋਂ ਜ਼ਬਰਦਸਤੀ 'ਜੈ ਸ੍ਰੀ ਰਾਮ' ਦਾ ਨਾਅਰਾ ਲਾਉਣਾ ਚਾਹੁੰਦੇ ਸਨ। ਇਮਾਮ ਦੇ ਰੌਲਾ ਪਾਉਣ 'ਤੇ ਰਾਹਗੀਰ ਅਤੇ ਉਨ੍ਹਾ ਦੇ ਪਿੰਡ ਦੇ ਸੁਹੈਲ ਅਤੇ ਨਦੀਮ ਮੌਕੇ 'ਤੇ ਪਹੁੰਚੇ ਅਤੇ ਉਨ੍ਹਾ ਨੂੰ ਹਮਲਾਵਰਾਂ ਤੋਂ ਛੁਡਾਇਆ। ਨੌਜਵਾਨ ਇਮਾਮ ਨੂੰ ਇਹ ਧਮਕੀ ਦੇ ਕੇ ਚਲੇ ਗਏ ਕਿ ਇੱਥੇ ਦੋਬਾਰਾ ਨਾ ਆਉਣਾ। ਜੇਕਰ ਆਉਣਾ ਤਾਂ ਦਾੜ੍ਹੀ ਕਟਵਾ ਕੇ ਆਉਣਾ ਹੋਵੇਗਾ।

109 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper