Latest News
ਵਿਦੇਸ਼ੀ ਬਾਂਡ ਨਾਲ ਧਨ ਜੁਟਾਉਣ ਦਾ ਮੋਨਟੇਕ ਤੇ ਰਘੁਰਾਮ ਵੱਲੋਂ ਵਿਰੋਧ

Published on 14 Jul, 2019 10:12 AM.


ਮੁੰਬਈ : ਅਰਥ ਸ਼ਾਸਤਰੀ ਤੇ ਯੋਜਨਾ ਕਮਿਸ਼ਨ ਦੇ ਸਾਬਕਾ ਡਿਪਟੀ ਚੇਅਰਮੈਨ ਮੋਨਟੇਕ ਸਿੰਘ ਆਹਲੂਵਾਲੀਆ ਨੇ ਮੋਦੀ ਸਰਕਾਰ ਨੂੰ ਵਿਦੇਸ਼ੀ ਬਾਂਡ ਬਾਜ਼ਾਰ ਤੋਂ ਧਨ ਜੁਟਾਉਣ ਦੀ ਯੋਜਨਾ ਟਾਲਣ ਦਾ ਸੁਝਾਅ ਦਿੱਤਾ ਹੈ। ਉਨ੍ਹਾ ਕਿਹਾ ਕਿ ਪਹਿਲਾਂ ਵੀ ਇਸ 'ਤੇ ਵਿਚਾਰ ਕੀਤਾ ਗਿਆ ਸੀ, ਪਰ ਫੈਸਲਾ ਨਹੀਂ ਲਿਆ ਗਿਆ, ਕਿਉਂਕਿ ਇਸ 'ਚ ਨੁਕਸਾਨ ਵੱਧ ਤੇ ਫਾਇਦਾ ਘੱਟ ਦਿਖਾਈ ਦਿੱਤਾ। ਸਰਕਾਰ ਵਿਦੇਸ਼ਾਂ ਵਿਚ ਸਰਕਾਰੀ ਬਾਂਡ ਵੇਚ ਕੇ ਘੱਟੋ-ਘੱਟ 70 ਹਜ਼ਾਰ ਕਰੋੜ ਰੁਪਏ ਜੁਟਾਉਣਾ ਚਾਹੁੰਦੀ ਹੈ। ਉਨ੍ਹਾ ਕਿਹਾ ਕਿ ਜੇ ਸਰਕਾਰ ਚਾਹੁੰਦੀ ਹੈ ਕਿ ਵਿਦੇਸ਼ੀ ਧਨ ਭਾਰਤ ਵਿਚ ਆਏ ਤਾਂ ਵਿਦੇਸ਼ੀ ਕਰੰਸੀ ਵਿਚ ਸਿੱਧੇ ਉਧਾਰ ਲੈਣ ਦੀ ਕੀ ਲੋੜ ਹੈ। ਬਾਹਰਲਿਆਂ ਨੂੰ ਭਾਰਤ ਵਿਚ ਪੈਸਾ ਲਿਆਉਣ ਦਿਓ ਤੇ ਇਥੇ ਬਾਂਡ ਖਰੀਦਣ ਦਿਓ। ਜਨਤਕ ਬਾਂਡ ਦੀ ਵਿਕਰੀ ਵਿਦੇਸ਼ੀ ਨਿਵੇਸ਼ਕਾਂ ਨੂੰ ਕਰਨ ਨਾਲ ਸਿਰਫ ਵਿਦੇਸ਼ੀ ਬੈਂਕਰਾਂ ਨੂੰ ਹੀ ਫਾਇਦਾ ਹੋਵੇਗਾ। ਉਹ ਧਨ ਦੀ ਵਿਵਸਥਾ ਕਰਨ ਲਈ ਭਾਰੀ ਕਮਿਸ਼ਨ ਲੈਣਗੇ। ਹਾਲਾਂਕਿ ਆਹਲੂਵਾਲੀਆ ਨੇ ਕਿਹਾ ਕਿ ਥੋੜ੍ਹੀ ਰਕਮ ਲਈ ਸਰਕਾਰ ਅਜਿਹਾ ਕਰ ਸਕਦੀ ਹੈ। ਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਰਘੁਰਾਮ ਰਾਜਨ ਨੇ ਵੀ ਕਿਹਾ ਹੈ ਕਿ ਵਿਦੇਸ਼ੀ ਕਰੰਸੀ ਬਾਂਡ ਦੀ ਯੋਜਨਾ ਖਤਰਿਆਂ ਨਾਲ ਭਰਪੂਰ ਹੈ। ਬਿਹਤਰ ਇਹ ਹੋਵੇਗਾ ਕਿ ਵਿਦੇਸ਼ੀਆਂ ਨੂੰ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ ਵਜੋਂ ਰਜਿਸਟਰ ਹੋਣ ਦੀਆਂ ਸ਼ਰਤ ਨਰਮ ਕੀਤੀਆਂ ਜਾਣ ਤੇ ਸਰਕਾਰੀ ਰੁਪਈਆ ਬਾਂਡ ਵਿਚ ਨਿਵੇਸ਼ ਦੀ ਚਲੰਤ ਸੀਲਿੰਗ ਵਧਾ ਦਿੱਤੀ ਜਾਏ। ਉਨ੍ਹਾ ਕਿਹਾ ਕਿ ਚਿੰਤਾ ਵਾਲੀ ਗੱਲ ਇਹ ਹੈ ਕਿ ਇਕ ਵਾਰ ਦਰਵਾਜ਼ਾ ਖੋਲ੍ਹ ਦਿੱਤਾ ਤਾਂ ਸਰਕਾਰ ਨੂੰ ਪੈਸੇ ਨਜ਼ਰ ਆਉਂਦੇ ਦੇਖ ਬਾਂਡ ਜਾਰੀ ਕਰਨ ਦੀ ਆਦਤ ਪੈ ਜਾਣੀ ਹੈ। ਹਰ ਅਮਲ ਦੀ ਸ਼ੁਰੂਆਤ ਸਵਾਦ ਚੱਖਣ ਨਾਲ ਹੀ ਹੁੰਦੀ ਹੈ। ਆਰ ਐੱਸ ਐੱਸ ਦੀ ਜਥੇਬੰਦੀ ਸਵਦੇਸ਼ੀ ਜਾਗਰਣ ਮੰਚ ਦੇ ਕੋ-ਕਨਵੀਨਰ ਅਸ਼ਵਨੀ ਮਹਾਜਨ ਦਾ ਕਹਿਣਾ ਹੈ ਕਿ ਸਰਕਾਰ ਦੀ ਯੋਜਨਾ ਖਤਰਨਾਕ ਹੈ ਤੇ ਇਸ ਨੂੰ ਤੁਰੰਤ ਠੱਪ ਕਰਨਾ ਚਾਹੀਦਾ ਹੈ।

107 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper