ਪੱਟੀ (ਬਲਦੇਵ ਸਿੰਘ ਸੰਧੂ)
ਪੱਟੀ ਦੇ ਰੋਹੀ ਪੁਲ ਨੇੜਿਓਂ ਇੱਕ ਰਿਕਸ਼ਾ ਚਾਲਕ ਤੋਂ ਤਿੰਨ ਜ਼ਿੰਦਾ ਬੰਬ ਬਰਾਮਦ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਮੁੱਖ ਅਫਸਰ ਥਾਣਾ ਪੱਟੀ ਕਰਨਜੀਤ ਸਿੰਘ ਨੇ ਦੱਸਿਆ ਕਿ ਰਾਜੂ ਪੁੱਤਰ ਕਰਨੈਲ ਸਿੰਘ ਵਾਸੀ ਵਾਰਡ ਨੰਬਰ 2 ਪੱਟੀ, ਜੋ ਕਿ ਰਿਕਸ਼ਾ ਚਲਾ ਕੇ ਆਪਣੇ ਪਰਵਾਰ ਦਾ ਗੁਜ਼ਾਰਾ ਚਲਾ ਰਿਹਾ ਹੈ, ਨੂੰ ਕਿਸੇ ਵਿਅਕਤੀ ਨੇ ਘਰ ਦਾ ਪੁਰਾਣਾ ਸਾਮਾਨ ਵੇਚਣ ਲਈ ਕੁਆੜੀਏ ਦੀ ਦੁਕਾਨ 'ਤੇ ਸਾਮਾਨ ਦੇ ਕੇ ਭੇਜਿਆ। ਜਦੋਂ ਉਹ ਕੁਆੜੀਏ ਦੀ ਦੁਕਾਨ 'ਤੇ ਸਾਮਾਨ ਲੈ ਕੇ ਗਿਆ ਤਾਂ ਕੁਆੜੀਏ ਨੇ ਇੱਕ ਸਾਮਾਨ ਦਾ ਡੱਬਾ ਵਾਪਸ ਮੋੜ ਦਿੱਤਾ। ਰਾਜੂ ਨੇ ਉਹ ਡੱਬਾ ਘਰ ਲਿਜਾ ਕੇ ਤੋੜਣਾ ਸ਼ੁਰੂ ਕਰ ਦਿੱਤਾ, ਜਦੋਂ ਉਹ ਡੱਬਾ ਟੁੱਟਾ ਤਾਂ ਉਸ 'ਚੋਂ ਤਿੰਨ ਬੰਬ ਨਿਕਲੇ, ਜਿਸ 'ਤੇ ਰਾਜੂ ਨੇ ਬੰਬਾਂ ਨੂੰ ਪੱਟੀ ਰੋਹੀ ਵਿਚ ਸੁੱਟਣਾ ਚਾਹਿਆ, ਸੁੱਟਦੇ ਸਮੇਂ ਕੁਝ ਨੌਜਵਾਨਾਂ ਨੇ ਉਸ ਨੂੰ ਵੇਖ ਲਿਆ। ਇਸ ਸੰਬੰਧੀ ਉਹਨਾਂ ਵੱਲੋਂ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ। ਪੁਲਸ ਪਾਰਟੀ ਮੌਕੇ 'ਤੇ ਪੁੱਜੀ। ਰਿਕਸ਼ਾ ਚਾਲਕ ਤੋਂ ਤਿੰਨ ਬੰਬ ਬਰਾਮਦ ਕੀਤੇ ਗਏ, ਜਿਸ ਦੀ ਜਾਣਕਾਰੀ ਉੱਚ ਅਧਿਕਾਰੀਆ ਦੇ ਦਿੱਤੀ ਗਈ ਹੈ।