Latest News
ਘੁੱਦਾ ਪਿੰਡ ਦੀ ਸਰਪੰਚ ਦੀ ਮੁਅੱਤਲੀ ਖਿਲਾਫ ਡੇਢ ਘੰਟਾ ਜਾਮ

Published on 14 Jul, 2019 10:16 AM.


ਬਠਿੰਡਾ (ਬਖਤੌਰ ਢਿੱਲੋਂ)
ਇਸ ਜ਼ਿਲ੍ਹੇ ਦੇ ਪਿੰਡ ਘੁੱਦਾ ਦੀ ਸਰਪੰਚ ਦੀ ਮੁਅੱਤਲੀ ਦਾ ਮਾਮਲਾ ਐਤਵਾਰ ਉਸ ਵੇਲੇ ਰਾਜਨੀਤਕ ਰੂਪ ਅਖ਼ਤਿਆਰ ਕਰ ਗਿਆ, ਜਦ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਖਿਲਾਫ ਨਾਅਰੇਬਾਜ਼ੀ ਕਰਦਿਆਂ ਉੱਥੋਂ ਦੇ ਵਸਨੀਕਾਂ ਨੇ ਬਠਿੰਡਾ-ਬਾਦਲ ਰੋਡ 'ਤੇ ਕਰੀਬ ਡੇਢ ਘੰਟੇ ਲਈ ਸੰਕੇਤਕ ਜਾਮ ਲਾ ਦਿੱਤਾ।
ਇਸ ਮਾਮਲੇ ਦਾ ਪਿਛੋਕੜ ਇਹ ਹੈ ਕਿ ਸਾਬਕਾ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਪੁਰਖਿਆਂ ਦਾ ਪਿੱਛਾ ਪਿੰਡ ਘੁੱਦਾ ਤੋਂ ਹੀ ਹੈ। ਕੁਝ ਮਹੀਨੇ ਪਹਿਲਾਂ ਹੋਈਆਂ ਪੰਚਾਇਤੀ ਚੋਣਾਂ ਦੌਰਾਨ ਅਗਰਵਾਲ ਭਾਈਚਾਰੇ ਨਾਲ ਸੰਬੰਧਤ ਸੀਮਾ ਰਾਣੀ ਵਿੱਤ ਮੰਤਰੀ ਦੇ ਦੋ ਓ ਐੱਸ ਡੀਜ਼, ਜੋ ਇਸੇ ਹੀ ਪਿੰਡ ਦੇ ਵਸਨੀਕ ਹਨ, ਦੀ ਕਰੀਬੀ ਰਿਸ਼ਤੇਦਾਰ ਰਾਜਮਹਿੰਦਰ ਕੌਰ ਨੂੰ ਹਰਾ ਕੇ ਸਰਪੰਚ ਚੁਣੀ ਗਈ ਸੀ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਸ ਖਿੱਤੇ ਵਿੱਚ ਸੀਮਾ ਰਾਣੀ ਇੱਕੋ-ਇੱਕ ਚੁਣੀ ਹੋਈ ਸਰਪੰਚ ਹੈ, ਜੋ ਹਿੰਦੂ ਭਾਈਚਾਰੇ ਨਾਲ ਸੰਬੰਧਤ ਹੈ। ਇਹ ਵੀ ਜ਼ਿਕਰ ਕਰਨਾ ਕੁਥਾਂ ਨਹੀਂ ਹੋਵੇਗਾ ਕਿ ਇਸ ਸਰਪੰਚ ਦੀ ਅਗਵਾਈ ਹੇਠ ਘੁੱਦਾ ਦੀ ਪੰਚਾਇਤ ਲੋਕ ਸਭਾ ਹਲਕਾ ਬਠਿੰਡਾ 'ਚੋਂ ਇੱਕੋ-ਇੱਕ ਅਜਿਹੀ ਪੰਚਾਇਤ ਹੈ, ਜਿਸ ਨੇ ਮੁਕੰਮਲ ਪਾਰਦਰਸ਼ਤਾ ਦੀ ਮਿਸਾਲ ਪੇਸ਼ ਕਰਦਿਆਂ ਨਾ ਸਿਰਫ ਗਰਾਮ ਤੇ ਪੰਚਾਇਤ ਸਭਾਵਾਂ ਦੇ ਸਮਾਗਮ ਆਨਲਾਈਨ ਕੀਤੇ, ਬਲਕਿ ਆਪਣਾ ਸਾਰਾ ਹਿਸਾਬ-ਕਿਤਾਬ ਵੈੱਬਸਾਈਟ ਉੱਪਰ ਵੀ ਲੋਡ ਕੀਤਾ ਹੋਇਆ ਹੈ। ਕਈ ਸੰਸਥਾਵਾਂ ਇਸ ਪੰਚਾਇਤ ਦੀ ਪਾਰਦਰਸ਼ਤਾ ਦੀ ਸ਼ਲਾਘਾ ਕਰ ਚੁੱਕੀਆਂ ਹਨ। ਜਿੱਥੋਂ ਤੱਕ ਬਾਰਸਾਂ ਦੇ ਪਾਣੀ ਨੂੰ ਸੰਭਾਲਣ ਦਾ ਸੁਆਲ ਹੈ, ਦਹਾਕਿਆਂ ਬਾਅਦ ਇਹ ਇੱਕ ਅਜਿਹੀ ਪੰਚਾਇਤ ਹੈ, ਜਿਸ ਨੇ ਪਿੰਡ ਦੇ ਛੱਪੜਾਂ ਦੀ ਸਫ਼ਾਈ ਕਰਵਾਉਣ ਦਾ ਕੰਮ ਵਿੱਢਿਆ ਹੋਇਆ ਹੈ।
ਸਰਪੰਚ ਸੀਮਾ ਰਾਣੀ ਦੇ ਦੋਸ਼ ਅਨੁਸਾਰ ਭਾਵੇਂ ਪਿੰਡ ਦੇ 90 ਫੀਸਦੀ ਲੋਕ ਪੰਚਾਇਤ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕਰ ਰਹੇ ਹਨ, ਪਰ ਕੁਝ ਅਜਿਹੇ ਭੱਦਰ ਪੁਰਸ਼ ਵੀ ਹਨ, ਜੋ ਆਪਣੀ ਹਾਰ ਬਰਦਾਸ਼ਤ ਨਹੀਂ ਕਰ ਸਕੇ। ਇਹੀ ਕਾਰਨ ਹੈ ਕਿ ਪਹਿਲੇ ਦਿਨ ਤੋਂ ਹੀ ਉਹ ਪੰਚਾਇਤ ਦੇ ਕੰਮਾਂ ਵਿੱਚ ਅੜਿੱਕੇ ਡਾਹ ਰਹੇ ਹਨ। ਸਰਪੰਚ ਨੇ ਦੱਸਿਆ ਕਿ ਪੰਚਾਇਤੀ ਦੁਕਾਨਾਂ ਨੂੰ ਵੀ ਕਿਰਾਏ 'ਤੇ ਦੇਣ ਲਈ 2 ਮਾਰਚ ਨੂੰ ਮਤਾ ਪਾਸ ਕਰਕੇ ਨਿਲਾਮੀ ਦੀ ਤਰੀਕ 18 ਮਾਰਚ ਤੈਅ ਕਰ ਦਿੱਤੀ ਸੀ।
ਜਦ ਮਿੱਥੀ ਹੋਈ ਤਰੀਕ 'ਤੇ ਬੋਲੀ ਹੋ ਰਹੀ ਸੀ ਤਾਂ ਡੀ ਡੀ ਪੀ ਓ ਬਠਿੰਡਾ ਨੇ ਉਹਨਾਂ ਤਿੰਨ ਦੁਕਾਨਾਂ ਨੂੰ ਨਿਲਾਮ ਕਰਨ ਤੋਂ ਰੋਕਣ ਦਾ ਸੁਨੇਹਾ ਭੇਜ ਦਿੱਤਾ, ਜੋ ਵਿੱਤ ਮੰਤਰੀ ਦੇ ਇੱਕ ਓ ਐੱਸ ਡੀ ਦੇ ਬਾਪ ਕੋਲ ਕਿਰਾਏ 'ਤੇ ਚਲੀਆਂ ਆ ਰਹੀਆਂ ਹਨ ਅਤੇ ਮੌਜੂਦਾ ਸਰਕਾਰ ਬਣਦਿਆਂ ਹੀ ਉਸ ਨੇ ਕਿਰਾਇਆ ਦੇਣਾ ਬੰਦ ਕੀਤਾ ਹੋਇਆ ਹੈ।
ਵਿੱਤੀ ਹਿੱਤਾਂ ਦੇ ਨੁਕਸਾਨ ਕਰਨ ਵਾਲੇ ਅਜਿਹੇ ਨਾਦਰਸ਼ਾਹੀ ਹੁਕਮ ਨੂੰ ਨਜ਼ਰ-ਅੰਦਾਜ਼ ਕਰਨ 'ਤੇ ਡੀ ਡੀ ਪੀ ਓ ਬਠਿੰਡਾ ਨੇ ਪੰਚਾਇਤ ਸਕੱਤਰ ਨੂੰ ਅੱਧਵਾਟਿਉਂ ਹੀ ਆਪਣੇ ਦਫ਼ਤਰ ਬੁਲਾ ਲਿਆ ਤੇ ਉਸ ਰਾਹੀਂ ਪੰਚਾਇਤ ਨੂੰ ਇਹ ਹਦਾਇਤ ਭੇਜ ਦਿੱਤੀ ਕਿ ਸਾਰਾ ਰਿਕਾਰਡ ਲੈ ਕੇ ਉਹ ਉਹਨਾਂ ਦੇ ਦਫ਼ਤਰ ਵਿਖੇ ਪੇਸ਼ ਹੋਣ। 19 ਮਾਰਚ ਨੂੰ ਜਦ ਪੰਚਾਇਤ ਨੇ ਪੇਸ਼ ਹੋ ਕੇ ਡੀ ਡੀ ਪੀ ਓ ਨੂੰ ਸ਼ਿਕਾਇਤ ਦਿਖਾਉਣ ਦੀ ਬੇਨਤੀ ਕੀਤੀ ਤਾਂ ਇਹ ਜਾਣ ਕੇ ਉਹਨਾਂ ਦੇ ਹੋਸ਼ ਉੱਡ ਗਏ ਕਿ ਜਿਸ ਦਰਖਾਸਤ ਦੇ ਆਧਾਰ 'ਤੇ ਉਹਨਾਂ ਨੂੰ ਇੱਕ ਦਿਨ ਪਹਿਲਾਂ ਤਲਬ ਕੀਤਾ ਗਿਆ ਸੀ, ਉਹ ਅਸਲ ਵਿੱਚ ਦਿੱਤੀ ਹੀ 19 ਮਾਰਚ ਨੂੰ ਸੀ।
ਸਰਪੰਚ ਮੁਤਾਬਕ 19 ਮਾਰਚ ਨੂੰ ਹੀ ਉਸ ਤੋਂ ਹਾਰੀ ਉਮੀਦਵਾਰ ਦੇ ਪੁੱਤਰ ਤੇ ਪੰਚਾਇਤ ਸਕੱਤਰ ਦਾ ਬਿਆਨ ਲਿਖਣ ਉਪਰੰਤ ਡੀ ਡੀ ਪੀ ਓ ਨੇ ਡਾਇਰੈਕਟਰ ਪੰਚਾਇਤਾਂ ਨੂੰ ਇਹ ਰਿਪੋਰਟ ਭੇਜ ਦਿੱਤੀ ਕਿ ਸਰਪੰਚ ਨੇ ਆਪਣੇ ਅਖ਼ਤਿਆਰਾਂ ਦੀ ਦੁਰਵਰਤੋਂ ਕਰਦਿਆਂ ਜਿੱਥੇ ਪੰਚਾਇਤੀ ਹਿੱਤਾਂ ਨੂੰ ਨੁਕਸਾਨ ਪਹੁੰਚਾਇਆ ਹੈ, ਉੱਥੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਵੀ ਕੀਤੀ, ਹਾਲਾਂਕਿ ਦੁਕਾਨਾਂ ਕਿਰਾਏ 'ਤੇ ਦੇਣ ਦੀ ਨਿਲਾਮੀ ਦਾ ਅਮਲ 2 ਮਾਰਚ ਦੇ ਮਤੇ ਨਾਲ ਹੀ ਸ਼ੁਰੂ ਹੋ ਗਿਆ ਸੀ।
ਡਾਇਰੈਕਟਰ ਪੰਚਾਇਤਾਂ ਵੱਲੋਂ ਸੀਮਾ ਰਾਣੀ ਦੀ ਮੁਅੱਤਲੀ ਬਾਦਲ ਪਰਵਾਰ ਦੇ ਭਾਈਚਾਰੇ ਸਮੇਤ ਪਿੰਡ ਦੇ ਲੋਕਾਂ ਨੂੰ ਬਰਦਾਸ਼ਤ ਨਹੀਂ ਹੋ ਰਹੀ, ਇਸ ਲਈ ਸੈਂਕੜੇ ਦੀ ਤਾਦਾਦ ਵਿੱਚ ਹੋਏ ਇਕੱਠ ਨੇ ਵਿੱਤ ਮੰਤਰੀ 'ਤੇ ਤਾਨਾਸ਼ਾਹੀ ਰਵੱਈਆ ਅਪਣਾਉਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਜਮਹੂਰੀਅਤ ਨਾਲ ਖਿਲਵਾੜ ਕਰਕੇ ਉਹਨਾਂ ਆਮ ਲੋਕਾਂ ਨੂੰ ਬਦਲ ਚੁੱਕੇ ਅਸਲ ਨਿਜਾਮ ਦਾ ਅਹਿਸਾਸ ਕਰਵਾ ਦਿੱਤਾ ਹੈ। ਇਸ ਤੋਂ ਬਾਅਦ ਕਾਲੇ ਝੰਡੇ ਲੈ ਕੇ ਪਿੰਡ ਦੀਆਂ ਗਲੀਆਂ ਵਿੱਚ ਰੋਸ ਪ੍ਰਦਰਸ਼ਨ ਕਰਦਿਆਂ ਬਠਿੰਡਾ-ਬਾਦਲ ਰੋਡ 'ਤੇ ਡੇਢ ਘੰਟੇ ਦੇ ਕਰੀਬ ਜਾਮ ਲਾਇਆ ਗਿਆ, ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਨੂੰ ਮੱਦੇਨਜ਼ਰ ਰੱਖਦਿਆਂ ਬਾਅਦ ਵਿੱਚ ਇਹ ਜਾਮ ਖੋਲ੍ਹ ਦਿੱਤਾ ਗਿਆ।

365 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper