Latest News
ਬੰਗਲਾਦੇਸ਼ ਦੇ ਫੌਜੀ ਤਾਨਾਸ਼ਾਹ ਮੁਹੰਮਦ ਇਰਸ਼ਾਦ ਦਾ ਦੇਹਾਂਤ

Published on 14 Jul, 2019 10:17 AM.


ਢਾਕਾ (ਨਵਾਂ ਜ਼ਮਾਨਾ ਸਰਵਿਸ)
ਬੰਗਲਾਦੇਸ਼ ਦੇ ਸਾਬਕਾ ਫੌਜੀ ਤਾਨਾਸ਼ਾਹ ਹੁਸੈਨ ਮੁਹੰਮਦ ਇਰਸ਼ਾਦ ਦਾ ਐਤਵਾਰ ਨੂੰ ਢਾਕਾ ਦੇ ਇੱਕ ਹਸਪਤਾਲ 'ਚ ਦੇਹਾਂਤ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਉਹ 91 ਸਾਲ ਦੇ ਸਨ। ਉਨ੍ਹਾ ਦੇ ਪਰਵਾਰ 'ਚ ਪਤਨੀ ਰੌਸ਼ਨ ਇਰਸ਼ਾਦ, ਇੱਕ ਲੜਕੀ ਅਤੇ ਦੋ ਪੁੱਤਰ ਹਨ। ਜਾਤੀਆ ਪਾਰਟੀ ਦੇ ਪ੍ਰਮੁੱਖ ਅਤੇ ਸੰਸਦ 'ਚ ਵਿਰੋਧੀ ਦਲ ਦੇ ਨੇਤਾ ਇਰਸ਼ਾਦ ਨੂੰ 22 ਜੂਨ ਨੂੰ ਕੰਬਾਇੰਡ ਮਿਲਟਰੀ ਹਸਪਤਾਲ 'ਚ ਭਰਤੀ ਕਰਾਇਆ ਗਿਆ ਸੀ। ਇੰਟਰ ਸਰਵਿਸ ਰਿਲੇਸ਼ਨ ਦਾ ਕਹਿਣਾ ਹੈ ਕਿ ਐਤਵਾਰ ਸਵੇਰੇ ਅੱਠ ਵਜੇ ਦੇ ਕਰੀਬ ਸਾਬਕਾ ਰਾਸ਼ਟਰਪਤੀ ਨੇ ਆਖਰੀ ਸਾਹ ਲਿਆ। ਉਹ ਪਿਛਲੇ ਨੌਂ ਦਿਨਾਂ ਤੋਂ ਹਸਪਤਾਲ ਦੇ ਆਈ ਸੀ ਯੂ 'ਚ ਜੀਵਨ ਰੱਖਿਅਕ ਪ੍ਰਣਾਲੀ 'ਤੇ ਸਨ।
ਨਸਲੀ ਪਾਰਟੀ ਦੇ ਨੇਤਾ ਅਤੇ ਇਰਸ਼ਾਦ ਦੇ ਛੋਟੇ ਭਰਾ ਜੀ ਐੱਮ ਕਾਦਿਰ ਨੇ ਪੱਤਰਕਾਰਾਂ ਨੂੰ ਕਿਹਾ, 'ਪਹਿਲਾਂ ਉਹ ਅੱਖਾਂ ਦੇ ਇਸ਼ਾਰੇ ਨਾਲ ਗੱਲ ਕਰਦੇ ਸਨ, ਪਰ ਸ਼ਨੀਵਾਰ ਨੂੰ ਉਨ੍ਹਾ ਆਪਣੀਆਂ ਪਲਕਾਂ ਨਹੀਂ ਝਪਕਾਈਆਂ।'
ਸਾਬਕਾ ਫੌਜ ਮੁਖੀ ਇਰਸ਼ਾਦ 1982 'ਚ ਤਖ਼ਤਾ ਪਲਟਣ ਤੋਂ ਬਾਅਦ ਰਾਸ਼ਟਰਪਤੀ ਬਣੇ ਸਨ ਅਤੇ ਅੱਠ ਸਾਲ ਤੱਕ ਇਸ ਅਹੁਦੇ 'ਤੇ ਰਹੇ। 1990 'ਚ ਲੋਕਤੰਤਰ ਸਮਰੱਥਕ ਅੰਦੋਲਨ ਤੋਂ ਬਾਅਦ ਉਨ੍ਹਾ ਨੂੰ ਅਹੁਦਾ ਛੱਡਣ ਲਈ ਮਜਬੂਰ ਹੋਣਾ ਪਿਆ। ਇਸ ਤੋਂ ਬਾਅਦ ਕਈ ਦੋਸ਼ਾਂ 'ਚ ਇਰਸ਼ਾਦ ਨੂੰ ਜੇਲ੍ਹ ਭੇਜ ਦਿੱਤਾ ਗਿਆ, ਪਰ ਉਹ 1990 ਦੇ ਦਹਾਕੇ 'ਚ ਇੱਕ ਤਾਕਤਵਰ ਸਿਆਸੀ ਸ਼ਖ਼ਸੀਅਤ ਦੇ ਰੂਪ 'ਚ ਉਭਰੇ ਅਤੇ ਨਸਲੀ ਪਾਰਟੀ ਤੀਜਾ ਸਭ ਤੋਂ ਵੱਡਾ ਦਲ ਬਣ ਗਈ।
ਉਹ ਕਈ ਵਾਰ ਸੰਸਦ ਲਈ ਚੁਣੇ ਗਏ। ਇੱਕ ਵਾਰ ਤਾਂ ਉਹ ਜੇਲ੍ਹ ਤੋਂ ਸਾਂਸਦ ਚੁਣੇ ਗਏ ਸਨ। ਉਨ੍ਹਾ ਦੇ ਸ਼ਾਸਨਕਾਲ 'ਚ ਹੀ ਇਸਲਾਮ ਨੂੰ ਅਧਿਕਾਰਤ ਰੂਪ 'ਚ ਧਰਮ ਨਿਰਪੱਖ ਬੰਗਲਾਦੇਸ਼ ਦਾ ਸਰਕਾਰੀ ਮਜ਼ਹਬ ਬਣਾਇਆ ਗਿਆ। ਇਰਸ਼ਾਦ ਦਾ ਜਨਮ 1930 'ਚ ਕੂਚਬਿਹਾਰ ਦੇ ਉਪ ਮੰਡਲ ਦਿਨਹਾਟਾ 'ਚ ਹੋਇਆ, ਜੋ ਹੁਣ ਭਾਰਤ ਦੇ ਪੱਛਮੀ ਬੰਗਲ 'ਚ ਹੈ। ਉਨ੍ਹਾ ਦੇ ਪਿਤਾ ਮਕਬੂਲ ਹੁਸੈਨ ਅਤੇ ਮਾਂ ਮਾਜ਼ਿਦਾ ਖਾਤੂਨ ਭਾਰਤ-ਪਾਕਿਸਤਾਨ ਦੇ ਬਟਵਾਰੇ ਦੇ ਇੱਕ ਸਾਲ ਬਾਅਦ 1948 'ਚ ਬੰਗਲਾਦੇਸ਼ (ਉਦੋਂ ਪੂਰਬੀ ਪਾਕਿਸਤਾਨ) ਆਏ ਗਏ ਸਨ।

278 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper