Latest News
ਪਾਕਿ ਪੁਲ ਬਣਾਉਣ ਤੇ ਪੰਜ ਹਜ਼ਾਰ ਯਾਤਰੀਆਂ ਦੀ ਵੀਜ਼ਾ ਫ੍ਰੀ ਐਂਟਰੀ ਲਈ ਰਾਜ਼ੀ

Published on 14 Jul, 2019 10:22 AM.


ਅੰਮ੍ਰਿਤਸਰ (ਅਵਤਾਰ ਸਿੰਘ ਆਨੰਦ)
ਪਾਕਿਸਤਾਨ ਰੋਜ਼ਾਨਾ ਪੰਜ ਹਜ਼ਾਰ ਤੇ ਖਾਸ ਮੌਕਿਆਂ 'ਤੇ 10 ਹਜ਼ਾਰ ਸ਼ਰਧਾਲੂਆਂ ਨੂੰ ਬਿਨਾਂ ਵੀਜ਼ੇ ਦੇ ਗੁਰਦਵਾਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦੀ ਆਗਿਆ ਦੇਣ ਲਈ ਰਾਜ਼ੀ ਹੋ ਗਿਆ ਹੈ। ਸ਼ਰਧਾਲੂ ਸਾਰਾ ਸਾਲ ਇਕੱਲੇ, ਗਰੁੱਪਾਂ ਵਿਚ ਤੇ ਪੈਦਲ ਵੀ ਜਾ ਸਕਦੇ ਹਨ। ਇਨ੍ਹਾਂ ਵਿਚ ਭਾਰਤੀ ਪਾਸਪੋਰਟ ਵਾਲਿਆਂ ਦੇ ਨਾਲ-ਨਾਲ ਓਵਰਸੀਜ਼ ਸਿਟੀਜ਼ਨਸ਼ਿਪ ਆਫ ਇੰਡੀਆ ਦਾ ਕਾਰਡ ਰੱਖਣ ਵਾਲੇ ਵੀ ਸ਼ਾਮਲ ਹੋਣਗੇ। ਵਾਹਗਾ ਬਾਰਡਰ 'ਤੇ ਦੋਵਾਂ ਦੇਸ਼ਾਂ ਦੇ ਵਫਦਾਂ ਦੀ ਐਤਵਾਰ ਹੋਈ ਮੀਟਿੰਗ ਵਿਚ ਭਾਰਤ ਵੱਲੋਂ ਕਿਸੇ ਵਿਅਕਤੀ ਤੇ ਗਰੁੱਪਾਂ ਵਲੋਂ ਸ਼ਰਧਾਲੂਆਂ ਨੂੰ ਤੰਗ ਕਰਨ ਜਾਂ ਉਨ੍ਹਾਂ ਦੇ ਜਜ਼ਬਾਤ ਨਾਲ ਖੇਡਣ ਦੀਆਂ ਕੋਸ਼ਿਸ਼ਾਂ ਬਾਰੇ ਪ੍ਰਗਟਾਈ ਗਈ ਚਿੰਤਾ ਨੂੰ ਦੂਰ ਕਰਦਿਆਂ ਪਾਕਿਸਤਾਨ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਭਾਰਤ ਵਿਰੋਧੀ ਸਰਗਰਮੀ ਦੀ ਆਗਿਆ ਨਹੀਂ ਦਿੱਤੀ ਜਾਵੇਗੀ।
ਪਾਕਿਸਤਾਨ ਭਾਰਤੀ ਪਾਸੇ ਵਾਲੇ ਪੁਲ ਨਾਲ ਜੁੜਦਾ ਪੁਲ ਬਣਾਉਣ 'ਤੇ ਵੀ ਰਾਜ਼ੀ ਹੋ ਗਿਆ ਹੈ। ਪਾਕਿਸਤਾਨ ਇਸ ਵੇਲੇ ਕਾਜ਼ਵੇ ਬਣਾ ਰਿਹਾ ਹੈ। ਭਾਰਤ ਨੇ ਉਸ ਨੂੰ ਹੜ੍ਹ ਦੇ ਵਿਸਤ੍ਰਿਤ ਵਿਸ਼ਲੇਸ਼ਣ ਨਾਲ ਸਮਝਾਇਆ ਕਿ ਕਾਜ਼ਵੇ ਨਾਲ ਰਾਵੀ ਦਰਿਆ ਵਿਚ ਹੜ੍ਹਾਂ ਦੌਰਾਨ ਭਾਰਤ ਦੇ ਡੇਰਾ ਬਾਬਾ ਨਾਨਕ ਅਤੇ ਆਸ-ਪਾਸ ਦੇ ਇਲਾਕਿਆਂ ਡੁੱਬ ਜਾਣਗੇ। ਭਾਰਤ ਨੇ ਉਸ ਨੂੰ ਇਹ ਪੇਸ਼ਕਸ਼ ਵੀ ਕੀਤੀ ਕਿ ਜੇ ਨਵੰਬਰ ਵਿਚ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਤੱਕ ਉਸ ਤੋਂ ਪੁਲ ਨਹੀਂ ਬਣਦਾ ਤਾਂ ਉਹ ਲਾਂਘਾ ਚਾਲੂ ਕਰਨ ਲਈ ਆਰਜ਼ੀ ਪ੍ਰਬੰਧ ਕਰਕੇ ਦੇ ਸਕਦਾ ਹੈ, ਪਰ ਪੁਲ ਜ਼ਰੂਰ ਬਣਾਉਣਾ ਪੈਣਾ। ਭਾਰਤੀ ਵਫਦ ਨੇ ਸ਼ਰਧਾਲੂਆਂ ਦੀ ਸਹਾਇਤਾ ਲਈ ਭਾਰਤੀ ਡਿਪਲੋਮੈਟਾਂ ਨੂੰ ਕਰਤਾਰਪੁਰ ਜਾਣ ਦੀ ਖੁੱਲ੍ਹ ਦੇਣ ਦੀ ਮੰਗ ਵੀ ਰੱਖੀ। ਮੀਟਿੰਗ ਵਿਚ ਪਿਛਲੀਆਂ ਤਿੰਨ ਟੈਕਨੀਕਲ ਮੀਟਿੰਗਾਂ ਤੋਂ ਬਾਅਦ ਹੋਈ ਪ੍ਰਗਤੀ ਦਾ ਵੀ ਜਾਇਜ਼ਾ ਲਿਆ ਗਿਆ। ਟੈਕਨੀਕਲ ਟੀਮਾਂ ਦੇ ਫਿਰ ਮਿਲਣ 'ਤੇ ਵੀ ਸਹਿਮਤੀ ਬਣੀ। ਪਾਕਿਸਤਾਨ ਨੂੰ ਜੁਲਾਈ ਵਿਚ ਨਵੀਂ ਦਿੱਲੀ ਤੋਂ ਨਨਕਾਣਾ ਸਾਹਿਬ ਲਈ ਨਗਰ ਕੀਰਤਨ ਦੀ ਆਗਿਆ ਦੇਣ ਦੀ ਵੀ ਬੇਨਤੀ ਕੀਤੀ ਗਈ। ਇਹ ਨਗਰ ਕੀਰਤਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਦਿੱਲੀ ਸਿੱਖ ਗੁਰਦਵਾਰਾ ਮੈਨੇਜਮੈਂਟ ਕਮੇਟੀ ਨੇ ਆਯੋਜਿਤ ਕਰਨੇ ਹਨ। ਪਾਕਿਸਤਾਨ ਸਰਕਾਰ ਨੇ ਕਿਹਾ ਕਿ 80 ਫੀਸਦੀ ਮੁੱਦਿਆਂ 'ਤੇ ਸਹਿਮਤੀ ਬਣ ਗਈ ਹੈ। ਉਸ ਨੇ ਇਹ ਵੀ ਕਿਹਾ ਕਿ ਉਸ ਵਾਲੇ ਪਾਸੇ 70 ਫੀਸਦੀ ਕੰਮ ਮੁਕੰਮਲ ਹੋ ਗਿਆ ਹੈ।
20 ਮੈਂਬਰੀ ਪਾਕਿਸਤਾਨੀ ਵਫਦ ਦੀ ਅਗਵਾਈ ਵਿਦੇਸ਼ ਮੰਤਰਾਲੇ ਦੇ ਬੁਲਾਰੇ ਡਾ. ਮੁਹੰਮਦ ਫੈਸਲ ਨੇ ਕੀਤੀ। ਭਾਰਤੀ ਟੀਮ ਦੀ ਅਗਵਾਈ ਅੰਦਰੂਨੀ ਸੁਰੱਖਿਆ ਦੇ ਜਾਇੰਟ ਸੈਕਟਰੀ ਐੱਸ ਸੀ ਐੱਲ ਦਾਸ ਨੇ ਕੀਤੀ। ਭਾਰਤੀ ਵਫਦ ਵਿਚ ਪੰਜਾਬ ਸਰਕਾਰ ਦਾ ਨੁਮਾਇੰਦਾ ਵੀ ਸੀ। ਅਟਾਰੀ ਸਰਹੱਦ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਐੱਸ ਸੀ ਐੱਲ ਸੀ ਦਾਸ ਨੇ ਦੱਸਿਆ ਕਿ ਕਰਤਾਰਪੁਰ ਲਾਂਘਾ ਮਿਥੇ ਸਮੇਂ 'ਤੇ ਨਵੰਬਰ 2019 ਤੱਕ ਮੁਕੰਮਲ ਕਰ ਲਿਆ ਜਾਵੇਗਾ। ਦਾਸ ਅਤੇ ਦੀਪਕ ਮਿੱਤਲ ਨੇ ਦੱਸਿਆ ਕਿ ਸਿਰਫ ਸਿੱਖ ਸੰਗਤ ਹੀ ਨਹੀਂ, ਸਗੋਂ ਦੁਨੀਆ ਦੇ ਹਰੇਕ ਕੋਨੇ ਵਿਚ ਬੈਠੇ ਬਾਬਾ ਨਾਨਕ ਦੇ ਸ਼ਰਧਾਲੂ ਪਾਕਿਸਤਾਨ ਜਾ ਕੇ ਪ੍ਰਸਿੱਧ ਗੁਰਦੁਆਰਾ ਸਾਹਿਬ ਦੇ ਦਰਸਨ ਕਰ ਸਕਣਗੇ। ਇਸ ਮੌਕੇ ਉਨ੍ਹਾਂ ਕਿਹਾ ਕਿ ਭਾਰਤ ਵੱਲੋਂ 50 ਫ਼ੀਸਦੀ ਕੰਮ ਪੂਰਾ ਹੋ ਚੁੱਕਾ ਹੈ ਤੇ ਬਾਕੀ ਕੰਮ ਮਿਥੇ ਸਮੇਂ 'ਤੇ ਪੂਰਾ ਕਰ ਲਿਆ ਜਾਵੇਗਾ।ਉਨ੍ਹਾਂ ਦੱਸਿਆ ਕਿ ਕਰਤਾਰਪੁਰ ਲਾਂਘੇ ਨੂੰ ਲੈ ਕੇ ਭਾਰਤੀ ਸਰ ਜ਼ਮੀਨ 'ਤੇ ਕਾਰਜ ਪੂਰੀ ਤੇਜ਼ੀ ਨਾਲ ਚੱਲ ਰਿਹਾ ਹੈ। ਸੜਕ ਮਾਰਗ ਦੇ ਨਾਲ-ਨਾਲ ਵਿਸ਼ੇਸ਼ ਪੁਲ ਵੀ ਬਣਾਏ ਜਾ ਰਹੇ ਹਨ, ਜਿਸ ਬਾਰੇ ਪਕਿਸਤਾਨ ਸਰਕਾਰ ਨੂੰ ਵੀ ਜਾਣਕਾਰੀ ਦੇ ਦਿੱਤੀ ਗਈ ਹੈ। ਇਸ ਦਾ ਬਾਕੀ ਹਿੱਸਾ ਗੁਆਂਢੀ ਦੇਸ਼ ਵੱਲੋਂ ਤਿਆਰ ਕੀਤਾ ਜਾਵੇਗਾ। ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਵਿਚਾਲੇ ਇਹ ਬੈਠਕ ਕਾਫੀ ਸਫਲ ਰਹੀ। ਉਨ੍ਹਾਂ ਨੂੰ ਆਸ ਹੈ ਕਿ ਬਾਕੀ ਲੋੜੀਂਦੇ ਮੁੱਦਿਆਂ 'ਤੇ ਅਗਲੀ ਬੈਠਕ ਵਿਚ ਸਹਿਮਤੀ ਬਣ ਜਾਵੇਗੀ।

216 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper