Latest News
ਕਾਂਗਰਸੀ ਖੁਦ 'ਕਾਂਗਰਸ ਮੁਕਤ ਭਾਰਤ' ਬਣਾ ਰਹੇ ਹਨ

Published on 15 Jul, 2019 11:31 AM.


ਰਾਹੁਲ ਗਾਂਧੀ ਨੇ ਪਿਛਲੇ ਦਿਨੀਂ ਪਾਰਟੀ ਪ੍ਰਧਾਨਗੀ ਤੋਂ ਆਪਣੇ ਅਸਤੀਫ਼ੇ ਦੀ ਚਿੱਠੀ ਨੂੰ ਸੋਸ਼ਲ ਮੀਡੀਆ ਰਾਹੀਂ ਸਰਵਜਨਕ ਕੀਤਾ ਸੀ। ਉਨ੍ਹਾ ਲਿਖਿਆ ਸੀ ਕਿ ਭਾਰਤ ਵਿੱਚ ਇਹ ਆਮ ਧਾਰਨਾ ਬਣ ਗਈ ਹੈ ਕਿ ਕੋਈ ਮਜ਼ਬੂਤ ਵਿਅਕਤੀ ਹੱਥ ਆਈ ਸੱਤਾ ਨਹੀਂ ਛੱਡਦਾ, ਪ੍ਰੰਤੂ ਅਸੀਂ ਸੱਤਾ ਦਾ ਮੋਹ ਛੱਡੇ ਬਿਨਾਂ ਵਿਚਾਰਧਾਰਕ ਲੜਾਈ ਵਿੱਚ ਆਪਣੇ ਵਿਰੋਧੀ ਨੂੰ ਹਰਾ ਨਹੀਂ ਸਕਦੇ। ਸਾਡੇ ਦੇਸ਼ ਦੇ ਸੰਸਥਾਗਤ ਢਾਂਚੇ ਉੱਤੇ ਕਬਜ਼ੇ ਦਾ ਰਾਸ਼ਟਰੀ ਸਵੈਮ ਸੇਵਕ ਸੰਘ ਦਾ ਐਲਾਨਿਆ ਟੀਚਾ ਪੂਰਾ ਹੋ ਚੁੱਕਾ ਹੈ। ਸਾਡਾ ਲੋਕਤੰਤਰ ਬੁਨਿਆਦੀ ਤੌਰ ਉੱਤੇ ਕਮਜ਼ੋਰ ਹੋ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾ ਕਿਹਾ ਸੀ ਕਿ ਸਾਡੀ ਲੜਾਈ ਵਿਚਾਰਧਾਰਾ ਦੀ ਲੜਾਈ ਹੈ ਅਤੇ ਉਹ ਇਸ ਲੜਾਈ ਨੂੰ ਦਸ ਗੁਣਾ ਵੱਧ ਤਾਕਤ ਨਾਲ ਲੜਦੇ ਰਹਿਣਗੇ।
ਪਰ ਲੋਕ ਸਭਾ ਚੋਣਾਂ ਤੋਂ ਬਾਅਦ ਹੁਣ ਤੱਕ ਕਾਂਗਰਸ ਵਿੱਚ ਜੋ ਕੁਝ ਵਾਪਰਿਆ ਜਾਂ ਵਾਪਰ ਰਿਹਾ ਹੈ, ਉਹ ਰਾਹੁਲ ਗਾਂਧੀ ਦੀਆਂ ਚਿੰਤਾਵਾਂ ਨੂੰ ਹੋਰ ਡੂੰਘੀਆਂ ਕਰਨ ਵਾਲਾ ਹੈ। ਇਸ ਵੇਲੇ ਤਾਂ ਇੰਝ ਲੱਗਦਾ ਹੈ ਕਿ ਕਾਂਗਰਸ ਦਾ ਨਾ ਕੋਈ ਕੇਂਦਰ ਰਿਹਾ ਹੈ ਤੇ ਨਾ ਕੋਈ ਵਿਚਾਰਧਾਰਾ। ਲੋਕ ਸਭਾ ਦੀਆਂ ਚੋਣਾਂ ਦੇ ਨਾਲ ਹੋਈਆਂ ਤੇਲੰਗਾਨਾ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਕਾਂਗਰਸ ਦੇ ਜਿੱਤੇ 16 ਵਿਧਾਇਕਾਂ ਵਿੱਚੋਂ 12 ਵਿਧਾਇਕ ਰਾਜ ਕਰਦੀ ਤੇਲੰਗਾਨਾ ਰਾਸ਼ਟਰੀ ਸਮਿਤੀ ਵਿੱਚ ਸ਼ਾਮਲ ਹੋ ਗਏ।
ਕਰਨਾਟਕ ਵਿੱਚ ਕਾਂਗਰਸ ਦੇ 10 ਵਿਧਾਇਕ ਅਸਤੀਫ਼ਾ ਦੇ ਚੁੱਕੇ ਹਨ ਤੇ ਭਾਜਪਾ ਖੇਮੇ ਵਿੱਚ ਰਲਣ ਲਈ ਕਾਹਲੇ ਹਨ। ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਉਨ੍ਹਾਂ ਦੇ ਵਾਪਸ ਮੁੜਨ ਲਈ ਤਰਲੇ ਕੱਢ ਰਹੀ ਹੈ, ਪਰ ਉਹ ਪੈਰਾਂ ਉੱਤੇ ਪਾਣੀ ਨਹੀਂ ਪੈਣ ਦੇ ਰਹੇ। ਕਰਨਾਟਕ ਦਾ ਨਾਟਕ ਹਾਲੇ ਚੱਲ ਹੀ ਰਿਹਾ ਸੀ ਕਿ ਗੋਆ ਦੇ 15 ਵਿੱਚੋਂ 10 ਕਾਂਗਰਸੀ ਵਿਧਾਇਕ ਭਾਜਪਾ ਨਾਲ ਜਾ ਮਿਲੇ ਤੇ ਕੁਝ ਨੇ ਮੰਤਰੀਆਂ ਦੇ ਅਹੁਦੇ ਹਾਸਲ ਕਰ ਲਏ। ਇਸ ਦੌਰਾਨ ਬੰਗਾਲ ਦੇ ਭਾਜਪਾ ਆਗੂ ਮੁਕੁਲ ਰਾਹੇ ਨੇ ਇਹ ਦਾਅਵਾ ਕਰ ਦਿੱਤਾ ਹੈ ਕਿ ਕਾਂਗਰਸ ਤੇ ਟੀ ਐੱਮ ਸੀ ਦੇ 107 ਵਿਧਾਇਕ ਉਨ੍ਹਾ ਦੀ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਹਨ।
ਰਾਜਸਥਾਨ ਵਿੱਚ ਮੁੱਖ ਮੰਤਰੀ ਅਸ਼ੋਕ ਗਹਿਲੋਤ ਤੇ ਸਚਿਨ ਪਾਇਲਟ ਵਿੱਚ ਜੰਗ ਜਾਰੀ ਹੈ। ਅਸ਼ੋਕ ਗਹਿਲੋਤ ਨੇ ਜਨਤਕ ਤੌਰ ਉੱਤੇ ਕਹਿ ਦਿੱਤਾ ਹੈ ਕਿ ਉਹ ਲੋਕਾਂ ਦੀ ਇੱਛਾ ਕਾਰਨ ਮੁੱਖ ਮੰਤਰੀ ਬਣੇ ਹਨ। ਇਹ ਬਿਆਨ ਸਿੱਧਾ ਕੇਂਦਰੀ ਲੀਡਰਸ਼ਿਪ ਨੂੰ ਚੁਣੌਤੀ ਦੇਣ ਵਾਲਾ ਸੀ। ਮੱਧ ਪ੍ਰਦੇਸ਼ ਵਿੱਚ ਹਾਲਤ ਇਹ ਹੈ ਕਿ ਹਰ ਮੰਤਰੀ ਨੂੰ 4-4 ਵਿਧਾਇਕਾਂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ, ਤਾਂ ਜੋ ਉਹ ਛੜੱਪਾ ਮਾਰ ਕੇ ਭਾਜਪਾ ਦਾ ਪੱਲਾ ਲਾ ਫੜ ਲੈਣ।
ਪੰਜਾਬ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਵਿੱਚ ਯੁੱਧ ਲੋਕ ਸਭਾ ਚੋਣਾਂ ਦੇ ਆਖਰੀ ਦੌਰ ਸਮੇਂ ਹੀ ਸ਼ੁਰੂ ਹੋ ਗਿਆ ਸੀ। ਆਖਰ ਜਦੋਂ ਮੁੱਖ ਮੰਤਰੀ ਨੇ ਨਵਜੋਤ ਸਿੱਧੂ ਤੋਂ ਸਥਾਨਕ ਸਰਕਾਰਾਂ ਵਿਭਾਗ ਖੋਹ ਕੇ ਉਸ ਨੂੰ ਬਿਜਲੀ ਮੰਤਰੀ ਬਣਾ ਦਿੱਤਾ ਤਾਂ ਸਿੱਧੂ ਨੇ ਨਵਾਂ ਵਿਭਾਗ ਸੰਭਾਲਣ ਤੋਂ ਇਨਕਾਰ ਕਰ ਦਿੱਤਾ। ਸਿੱਧੂ ਨੇ ਰਾਹੁਲ ਗਾਂਧੀ ਦੇ ਘਰ ਦੀ ਪ੍ਰਕਰਮਾ ਵੀ ਕੀਤੀ ਤੇ ਹੋਰ ਕੇਂਦਰੀ ਆਗੂਆਂ ਨੂੰ ਵੀ ਮਿਲੇ, ਪਰ ਉਸ ਨੂੰ ਕਿਸੇ ਪਾਸਿਓਂ ਖੈਰ ਨਾ ਪਈ। ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਹਫ਼ਤੇ ਇੱਕ ਅੰਗਰੇਜ਼ੀ ਅਖ਼ਬਾਰ ਵਿੱਚ ਲਿਖੇ ਲੇਖ ਰਾਹੀਂ ਇਹ ਕਹਿ ਕੇ ਕਿ ਉਹ ਕਾਂਗਰਸ ਦੀਆਂ ਸੂਬਾਈ ਇਕਾਈਆਂ ਨੂੰ ਖੁਦਮੁਖਤਿਆਰੀ ਦੇਣ ਦੀ ਵਕਾਲਤ ਕਰਦੇ ਹਨ, ਕੇਂਦਰੀ ਲੀਡਰਸ਼ਿਪ ਨੂੰ ਦੱਸ ਦਿੱਤਾ ਸੀ ਕਿ ਉਹ ਆਪਣੇ ਫ਼ੈਸਲੇ ਤੋਂ ਪਿੱਛੇ ਨਹੀਂ ਹਟਣਗੇ। ਆਖਰ ਨਵਜੋਤ ਸਿੱਧੂ ਨੂੰ 10 ਜੂਨ ਨੂੰ ਰਾਹੁਲ ਗਾਂਧੀ ਨੂੰ ਭੇਜੇ ਅਸਤੀਫ਼ੇ ਨੂੰ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਬਾਅਦ ਕੱਲ੍ਹ ਜਨਤਕ ਕਰਕੇ ਮੁੱਖ ਮੰਤਰੀ ਨੂੰ ਭੇਜਣਾ ਪਿਆ। ਅੱਗੋਂ ਨਵਜੋਤ ਸਿੰਘ ਸਿੱਧੂ ਕੀ ਫ਼ੈਸਲਾ ਲੈਂਦੇ ਹਨ, ਇਹ ਤਾਂ ਭਵਿੱਖ ਦੀ ਕੁੱਖ ਵਿੱਚ ਹੈ, ਪਰ ਸੱਦੇ ਉਨ੍ਹਾ ਨੂੰ ਕਈ ਪਾਸਿਓਂ ਆਉਣੇ ਸ਼ੁਰੂ ਹੋ ਗਏ ਹਨ।
ਅਜਿਹੀ ਸਥਿਤੀ ਵਿੱਚ ਰਾਹੁਲ ਗਾਂਧੀ ਕਿਸ ਜਥੇਬੰਦੀ ਦੇ ਆਸਰੇ ਭਾਜਪਾ ਨਾਲ 10 ਗੁਣਾ ਵੱਧ ਤਾਕਤ ਨਾਲ ਲੜਨ ਦਾ ਦਾਅਵਾ ਕਰ ਰਹੇ ਹਨ। ਅੱਜ ਤਾਂ ਇਸ ਤਰ੍ਹਾਂ ਜਾਪਦਾ ਹੈ ਕਿ ਮੋਦੀ ਦੇ ਕਾਂਗਰਸ ਮੁਕਤ ਭਾਰਤ ਦੇ ਨਾਅਰੇ ਨੂੰ ਕਾਂਗਰਸੀ ਖੁਦ ਅਮਲੀ ਜਾਮਾ ਪਹਿਨਾ ਰਹੇ ਹਨ।

879 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper