Latest News
ਜੇ ਸਿੱਧੂ ਕੰਮ ਨਹੀਂ ਕਰਨਾ ਚਾਹੁੰਦਾ ਤਾਂ ਮੈਂ ਕੀ ਕਰ ਸਕਦਾਂ : ਕੈਪਟਨ

Published on 15 Jul, 2019 11:37 AM.


ਨਵੀਂ ਦਿੱਲੀ/ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ)
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇਕਰ ਨਵਜੋਤ ਸਿੰਘ ਸਿੱਧੂ ਆਪਣਾ ਕੰਮ ਨਹੀਂ ਕਰਨਾ ਚਾਹੁੰਦਾ ਤਾਂ ਉਹ ਇਸ ਵਿੱਚ ਕੁਝ ਨਹੀਂ ਕਰ ਸਕਦੇ।
ਮੁੱਖ ਮੰਤਰੀ ਨੇ ਕਿਹਾ ਕਿ ਮੰਤਰੀ ਨੂੰ ਝੋਨੇ ਦੇ ਸੀਜ਼ਨ ਦੇ ਮਹੱਤਵਪੂਰਨ ਸਮੇਂ ਅੱਧ-ਵਿਚਾਲੇ ਕੰਮ ਛੱਡਣ ਦੀ ਬਜਾਏ ਨਵਾਂ ਮਹਿਕਮਾ ਪ੍ਰਵਾਨ ਕਰਨਾ ਚਾਹੀਦਾ ਸੀ। ਉਨ੍ਹਾ ਕਿਹਾ ਕਿ ਸਿੱਧੂ ਨੂੰ ਮਹਿਕਮਾ ਦਿੱਤਾ ਗਿਆ ਸੀ, ਜਿਸ ਨੂੰ ਉਸ ਵੱਲੋਂ ਪ੍ਰਵਾਨ ਕਰ ਕੇ ਆਪਣਾ ਕੰਮ ਕਰਨਾ ਚਾਹੀਦਾ ਸੀ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, 'ਜੇਕਰ ਸਿੱਧੂ ਕੰਮ ਨਹੀਂ ਕਰਨਾ ਚਾਹੁੰਦਾ ਤਾਂ ਉਹ ਇਸ ਵਿੱਚ ਕੀ ਕਰ ਸਕਦੇ ਹਨ।' ਉਨ੍ਹਾ ਸਵਾਲ ਕੀਤਾ ਕਿ ਜਰਨੈਲ ਵੱਲੋਂ ਸੌਂਪਿਆ ਗਿਆ ਕੰਮ ਕਰਨ ਤੋਂ ਇਕ ਸਿਪਾਹੀ ਕਿਵੇਂ ਇਨਕਾਰ ਕਰ ਸਕਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਸਰਕਾਰ ਦੀ ਕਾਰਵਾਈ ਕਾਰਗਰ ਢੰਗ ਨਾਲ ਚਲਾਉਣੀ ਹੈ ਤਾਂ ਇਸ ਵਿੱਚ ਕੁਝ ਅਨੁਸ਼ਾਸਨ ਵੀ ਹੋਣਾ ਚਾਹੀਦਾ ਹੈ। ਇਹ ਪੁੱਛੇ ਜਾਣ 'ਤੇ ਕੀ ਸਿੱਧੂ ਨੇ ਮੁੜ ਸੁਲਾਹ-ਸਫ਼ਾਈ ਦੀ ਕੋਸ਼ਿਸ਼ ਕੀਤੀ ਹੈ ਤਾਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਦੀ ਕੋਈ ਲੋੜ ਨਹੀਂ। ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾ ਕਿਹਾ, 'ਮੇਰਾ ਉਸ ਨਾਲ ਕੋਈ ਰੌਲਾ ਨਹੀਂ। ਜੇਕਰ ਸਿੱਧੂ ਨੂੰ ਮੇਰੇ ਨਾਲ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਹੈ ਤਾਂ ਤੁਸੀਂ ਇਸ ਬਾਰੇ ਉਸ ਨੂੰ ਹੀ ਪੁੱਛੋ।'
ਮੁੱਖ ਮੰਤਰੀ ਨੇ ਕਿਹਾ ਕਿ ਸਿੱਧੂ ਵੱਲੋਂ ਆਪਣਾ ਅਸਤੀਫ਼ਾ ਕਾਂਗਰਸ ਪ੍ਰਧਾਨ ਨੂੰ ਭੇਜਣ ਵਿੱਚ ਉਨ੍ਹਾ ਨੂੰ ਕੁਝ ਗਲਤ ਨਹੀਂ ਲੱਗਾ। ਪੱਤਰਕਾਰਾਂ ਦੇ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਮੰਤਰੀ ਮੰਡਲ ਦਾ ਫੈਸਲਾ ਕਾਂਗਰਸ ਹਾਈ ਕਮਾਂਡ ਦੀ ਸਲਾਹ ਨਾਲ ਕੀਤਾ ਜਾਂਦਾ ਹੈ, ਜਿਸ ਕਰਕੇ ਸਿੱਧੂ ਵੱਲੋਂ ਆਪਣਾ ਅਸਤੀਫ਼ਾ ਪਾਰਟੀ ਪ੍ਰਧਾਨ ਨੂੰ ਭੇਜਣਾ ਠੀਕ ਹੈ। ਮੁੱਖ ਮੰਤਰੀ ਸੰਸਦ ਭਵਨ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸ਼ਿਸ਼ਟਾਚਾਰ ਮਿਲਣੀ ਤੋਂ ਬਾਅਦ ਪੱਤਰਕਾਰਾਂ ਨਾਲ ਗੈਰ-ਰਸਮੀ ਗੱਲਬਾਤ ਕਰ ਰਹੇ ਸਨ। ਉਹਨਾ ਕਿਹਾ ਕਿ ਉਨ੍ਹਾ ਅੱਜ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ, ਕਿਉਂਕਿ ਮੋਦੀ ਦੇ ਦੂਜੇ ਕਾਰਜਕਾਲ ਤੋਂ ਬਾਅਦ ਉਹ ਉਨ੍ਹਾ ਨੂੰ ਹੁਣ ਤੱਕ ਨਹੀਂ ਮਿਲੇ ਸਨ। ਹਾਲਾਂਕਿ ਉਨ੍ਹਾ ਪ੍ਰਧਾਨ ਮੰਤਰੀ ਕੋਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਕਰਵਾਏ ਜਾਣ ਵਾਲੇ ਸਮਾਗਮਾਂ 'ਤੇ ਵੀ ਵਿਚਾਰ-ਚਰਚਾ ਕੀਤੀ। ਮੁੱਖ ਮੰਤਰੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਇਸ ਮਹਾਨ ਸਮਾਗਮ ਵਿੱਚ ਸ਼ਾਮਲ ਹੋਣ ਦੀ ਪੁਸ਼ਟੀ ਕੀਤੀ ਹੈ ਅਤੇ ਇਸ ਸਮਾਰੋਹ ਨੂੰ ਸਫ਼ਲਤਾਪੂਰਵਕ ਬਣਾਉਣ ਲਈ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ ਹੈ। ਕੈਪਟਨ ਨੇ ਕਿਹਾ ਕਿ ਵਿਚਾਰ-ਚਰਚਾ ਦੌਰਾਨ 31000 ਕਰੋੜ ਰੁਪਏ ਦੇ ਅਨਾਜ ਕਰਜ਼ੇ ਦਾ ਮਾਮਲਾ ਵੀ ਉੱਠਿਆ ਅਤੇ ਪ੍ਰਧਾਨ ਮੰਤਰੀ ਨੇ ਆਖਿਆ ਕਿ ਉਹ ਇਸ ਤੋਂ ਭਲੀ-ਭਾਂਤ ਜਾਣੂ ਹਨ। ਸਿੱਧੂ ਦੇ ਅਸਤੀਫ਼ੇ ਦੇ ਮੁੱਦੇ 'ਤੇ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾ ਨੂੰ ਦੱਸਿਆ ਗਿਆ ਹੈ ਕਿ ਅਸਤੀਫ਼ਾ ਚੰਡੀਗੜ੍ਹ ਵਿਖੇ ਉਨ੍ਹਾ ਦੀ ਰਿਹਾਇਸ਼ 'ਤੇ ਭੇਜ ਦਿੱਤਾ ਗਿਆ ਹੈ, ਪਰ ਉਨ੍ਹਾ ਅਜੇ ਇਹ ਅਸਤੀਫ਼ਾ ਦੇਖਣਾ ਹੈ। ਉਹ ਇਸ ਬਾਰੇ ਕੋਈ ਵੀ ਟਿੱਪਣੀ ਕਰਨ ਤੋਂ ਪਹਿਲਾਂ ਅਸਤੀਫ਼ਾ ਪੜ੍ਹਣਗੇ। ਮੁੱਖ ਮੰਤਰੀ ਨੇ ਸਿੱਧੂ ਅਤੇ ਉਸ ਦੀ ਪਤਨੀ ਵੱਲੋਂ ਸੰਸਦੀ ਚੋਣਾਂ ਲਈ ਸ੍ਰੀਮਤੀ ਸਿੱਧੂ ਦੀ ਉਮੀਦਵਾਰੀ ਬਾਰੇ ਜਾਰੀ ਕੀਤੇ ਬਿਆਨ 'ਤੇ ਆਪਣੀ ਨਾਖੁਸ਼ੀ ਜ਼ਾਹਰ ਕੀਤੀ। ਉਨ੍ਹਾ ਸਪੱਸ਼ਟ ਕੀਤਾ ਕਿ ਉਨ੍ਹਾ ਕਦੇ ਵੀ ਨਵਜੋਤ ਕੌਰ ਸਿੱਧੂ ਦੀ ਉਮੀਦਵਾਰੀ ਦਾ ਵਿਰੋਧ ਨਹੀਂ ਕੀਤਾ ਅਤੇ ਸੁਝਾਅ ਦਿੱਤਾ ਸੀ ਕਿ ਉਸ ਨੂੰ ਬਠਿੰਡਾ ਤੋਂ ਚੋਣ ਲੜਣੀ ਚਾਹੀਦੀ ਹੈ, ਜਿਸ ਨੂੰ ਸਿੱਧੂ ਜੋੜੇ ਨੇ ਰੱਦ ਕਰ ਦਿੱਤਾ ਸੀ।

198 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper