Latest News
ਸੀ ਪੀ ਆਈ ਵੱਲੋਂ ਵਧੀਆਂ ਬਿਜਲੀ ਦਰਾਂ ਵਿਰੁੱਧ, ਕਿਸਾਨੀ ਤੇ ਖੇਤ ਮਜ਼ਦੂਰਾਂ ਨੂੰ ਕਰਜ਼ਾ ਮੁਕਤ ਕਰਨ ਲਈ ਸੰਘਰਸ਼ ਦਾ ਐਲਾਨ

Published on 15 Jul, 2019 11:47 AM.


ਚੰਡੀਗੜ੍ਹ (ਗੁਰਜੀਤ ਬਿੱਲਾ)
ਪੰਜਾਬ ਸੀ ਪੀ ਆਈ ਆਉਂਦੇ ਸਮੇਂ ਵਿਚ ਖੱਬੀਆਂ ਪਾਰਟੀਆਂ ਨੂੰ ਏਕਤਾਬੱਧ ਕਰਨ ਦੀ ਪਹਿਲਕਦਮੀ ਲੈ ਕੇ ਦੂਜੀਆਂ ਜਮਹੂਰੀ ਪਾਰਟੀਆਂ ਨਾਲ ਮਿਲ ਕੇ ਪੰਜਾਬ ਸਰਕਾਰ ਦੀਆਂ ਲੋਕ-ਵਿਰੋਧੀ ਅਤੇ ਕੇਂਦਰ ਦੀਆਂ ਫਿਰਕੂ ਤੇ ਨਿਗਮਾਂ-ਪੱਖੀ ਆਰਥਕ ਨੀਤੀਆਂ ਵਿਰੁੱਧ ਸਾਂਝੇ ਤੇ ਆਜ਼ਾਦ ਸੰਘਰਸ਼ਾਂ ਲਈ ਲੋਕਾਂ ਨੂੰ ਲਾਮਬੰਦ ਕਰੇਗੀ। ਸੀ ਪੀ ਆਈ ਨੇ ਪੰਜਾਬ ਅੰਦਰ ਬਿਜਲੀ ਰੇਟਾਂ ਦੇ ਰਿਕਾਰਡ-ਤੋੜ ਵਾਧੇ, ਕਿਸਾਨੀ ਕਰਜ਼ਿਆਂ ਦੀ ਮੁਆਫੀ, ਐੱਸ ਸੀ ਵਿਦਿਆਰਥੀਆਂ ਦੇ ਵਜ਼ੀਫਿਆਂ ਲਈ ਅਤੇ ਠੇਕੇਦਾਰੀ ਪ੍ਰਣਾਲੀ ਦੇ ਖਾਤਮੇ ਲਈ ਲਗਾਤਾਰ ਸੰਘਰਸ਼ ਚਲਾਉਣ ਦਾ ਸੱਦਾ ਦਿੱਤਾ ਹੈ।
ਸੀ ਪੀ ਆਈ ਦੀ ਪੰਜਾਬ ਸੂਬਾ ਕੌਂਸਲ ਦੀ ਮੀਟਿੰਗ ਦੇ ਫੈਸਲੇ ਪ੍ਰੈੱਸ ਨੂੰ ਜਾਰੀ ਕਰਦਿਆਂ ਪੰਜਾਬ ਇਕਾਈ ਦੇ ਸਕੱਤਰ ਬੰਤ ਸਿੰਘ ਬਰਾੜ ਨੇ ਦੱਸਿਆ ਕਿ ਸਰਵਸਾਥੀ ਕਸ਼ਮੀਰ ਸਿੰਘ ਗਦਾਈਆ, ਦੇਵੀ ਦਿਆਲ ਸ਼ਰਮਾ ਅਤੇ ਅਤੇ ਡੀ ਪੀ ਮੌੜ ਉਤੇ ਆਧਾਰਤ ਪ੍ਰਧਾਨਗੀ ਮੰਡਲ ਅਧੀਨ ਹੋਈ ਸੂਬਾ ਕੌਂਸਲ ਦੀ ਮੀਟਿੰਗ ਨੂੰ ਪਾਰਟੀ ਦੇ ਕੌਮੀ ਸਕੱਤਰੇਤ ਦੇ ਮੈਂਬਰ ਡੀ ਰਾਜਾ ਐੱਮ ਪੀ ਨੇ ਸੰਬੋਧਨ ਕਰਦਿਆਂ ਕੌਮੀ ਪ੍ਰਸਥਿਤੀ ਦੀ ਰਿਪੋਰਟ ਕੀਤੀ ਕਿ ਫਿਰਕੂ ਅਤੇ ਕੌਮਵਾਦੀ ਭਾਵਨਾਵਾਂ ਭੜਕਾ ਕੇ ਅਤੇ ਵਿਰੋਧੀ ਸੈਕੂਲਰ ਧਿਰਾਂ ਦੀਆਂ ਸੌੜੀਆਂ ਸੋਚਾਂ ਕਾਰਨ ਮਹਾਂ-ਗਠਜੋੜ ਨਾ ਬਣ ਸਕਣ ਦਾ ਫਾਇਦਾ ਉਠਾ ਕੇ ਭਾਜਪਾ ਵੱਡੀ ਜਿੱਤ ਪ੍ਰਾਪਤ ਕਰਕੇ ਸੱਤਾ ਵਿਚ ਆਈ ਹੈ, ਜੋ ਵਿਰੋਧੀ ਸਰਕਾਰਾਂ ਨੂੰ ਖਰੀਦਣ-ਤੋੜਣ 'ਤੇ ਲੱਗੀ ਹੋਈ ਹੈ, ਹਿੰਦੂ-ਰਾਸ਼ਟਰ ਦੇ ਏਜੰਡੇ ਉਤੇ ਤੁਰ ਰਹੀ ਹੈ, ਕਾਰਪੋਰੇਟਾਂ ਨੂੰ ਗੱਫੇ ਦੇ ਰਹੀ ਹੈ ਅਤੇ ਸੰਵਿਧਾਨ ਨੂੰ ਖੋਰਾ ਲਾਉਣ ਵੱਲ ਅਗੇ ਵਧ ਰਹੀ ਹੈ। ਉਹਨਾ ਕਿਹਾ ਕਿ ਚੋਣਾਂ ਵਿਚ ਖੱਬੀਆਂ ਪਾਰਟੀਆਂ ਨੂੰ ਸਖਤ ਧੱਕਾ ਲੱਗਿਆ ਹੈ। ਸੀ ਪੀ ਆਈ ਦੀ ਮਾੜੀ ਕਾਰਗੁਜ਼ਾਰੀ ਦਾ 19-20 ਤੇ 21 ਜੁਲਾਈ ਨੂੰ ਹੋ ਰਹੀ ਕੌਮੀ ਕੌਂਸਲ ਮੀਟਿੰਗ ਬਾਹਰਮੁਖੀ ਜਾਇਜ਼ਾ ਲਵੇਗੀ, ਆਪਾ-ਪੜਚੋਲ ਵੀ ਕਰੇਗੀ ਅਤੇ ਪਾਰਟੀ ਵਿਚ ਨਵੀਂ ਜਾਨ ਪਾਉਣ, ਮੁੜ ਮਜ਼ਬੂਤ ਕਰਨ ਅਤੇ ਵਿਸ਼ਾਲ ਕਰਨ ਦੀ ਰਣਨੀਤੀ ਤੈਅ ਕਰੇਗੀ।
ਸਾਥੀ ਬਰਾੜ ਨੇ ਦੱਸਿਆ ਕਿ ਸੂਬਾ ਕੌਂਸਲ ਨੇ ਪੰਜਾਬ ਵਿਚ ਲੋਕ ਸਭਾ ਚੋਣਾਂ ਲਈ ਕਮਿਊਨਿਸਟ ਪਾਰਟੀ ਵੱਲੋਂ ਪੰਜਾਬ ਜਮਹੂਰੀ ਗਠਜੋੜ (ਪੀ ਡੀ ਏ) ਦਾ ਅੰਗ ਬਣ ਕੇ ਲੜਨ ਦੇ ਫੈਸਲੇ ਦਾ ਸਰਬਸੰਮਤੀ ਨਾਲ ਸਮਰਥਨ ਕੀਤਾ, ਪੀ ਡੀ ਏ ਨੂੰ ਲੋਕਾਂ ਵੱਲੋਂ ਮਿਲੇ ਹੁੰਗਾਰੇ ਨੂੰ ਉਤਸ਼ਾਹਜਨਕ ਕਿਹਾ ਅਤੇ ਪਾਰਟੀ ਉਮੀਦਵਾਰਾਂ ਲਈ ਸਾਥੀਆਂ ਵੱਲੋਂ, ਖਾਸ ਕਰਕੇ ਫਿਰੋਜ਼ਪੁਰ ਸੀਟ ਦੇ ਸਾਥੀਆਂ ਵੱਲੋਂ ਚਲਾਈ ਜ਼ੋਰਦਾਰ ਮੁਹਿੰਮ ਨੂੰ ਅਤੇ ਦੂਜੇ ਪੀ ਡੀ ਏ ਭਾਈਵਾਲਾਂ, ਖਾਸ ਕਰਕੇ ਬਸਪਾ ਵੱਲੋਂ ਮਿਲੇ ਸਹਿਯੋਗ ਨੂੰ ਉਤਸ਼ਾਹਜਨਕ ਕਿਹਾ। ਪਾਰਟੀ ਨੇ ਅੰਮ੍ਰਿਤਸਰ ਦੀ ਮਜ਼ਦੂਰ ਸਰਗਰਮੀ ਵਾਲੀ ਸੀਟ 'ਤੇ ਘੱਟ ਵੋਟਾਂ ਮਿਲਣ ਦਾ ਵੀ ਨੋਟਿਸ ਲਿਆ। ਪਾਰਟੀ ਨੇ ਪੰਜਾਬ ਵਿਚ ਕਾਂਗਰਸ ਅਤੇ ਅਕਾਲੀ-ਭਾਜਪਾ ਦੇ ਤੀਜੇ ਬਦਲ ਲਈ ਕੰਮ ਕਰਨ ਵਾਸਤੇ ਖੱਬੀਆਂ ਪਾਰਟੀਆਂ ਨਾਲ ਤਾਲਮੇਲ ਦਾ ਫੈਸਲਾ ਕੀਤਾ।
ਮੀਟਿੰਗ ਨੇ ਸੂਬਾ ਸਕੱਤਰ ਬੰਤ ਸਿੰਘ ਬਰਾੜ ਵਲੋਂ ਪੇਸ਼ ਕੀਤੀ ਸੂਬੇ ਦੀ ਹਾਲਤ ਬਾਰੇ, ਚੋਣਾਂ ਦੇ ਰੀਵਿਊ ਬਾਰੇ ਅਤੇ ਪਿਛਲੀਆਂ ਸਰਗਰਮੀਆਂ ਅਤੇ ਅਗਲੇ ਕਾਰਜਾਂ ਬਾਰੇ ਰਿਪੋਰਟ ਨੂੰ ਸਰਬਸੰਮਤੀ ਨਾਲ ਪ੍ਰਵਾਨ ਕੀਤਾ, ਜਿਸ ਵਿਚ ਪੰਜਾਬ ਦੀ ਸਥਿਤੀ ਬਾਰੇ, ਕੈਪਟਨ ਸਰਕਾਰ ਦੀ ਅਸਫਲਤਾ ਬਾਰੇ, ਅਕਾਲੀ-ਭਾਜਪਾ ਦੀ ਨਾ-ਕਾਰਗੁਜ਼ਾਰੀ ਬਾਰੇ, ਅੱਤਵਾਦ ਨੂੰ ਉਭਾਰਨ ਦੇ ਖਤਰੇ ਬਾਰੇ, ਲੋਕਾਂ ਦੇ ਮੁੱਦਿਆਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ। ਇਸ ਉਤੇ ਬਹਿਸ ਵਿਚ 30 ਸਾਥੀਆਂ ਨੇ ਹਿੱਸਾ ਲਿਆ, ਜਿਸ ਵਿਚ ਸਰਵਸਾਥੀ ਹਰਦੇਵ ਅਰਸ਼ੀ, ਜਗਰੂਪ ਸਿੰਘ, ਨਿਰਮਲ ਸਿੰਘ ਧਾਲੀਵਾਲ, ਡਾ. ਜੋਗਿੰਦਰ ਦਿਆਲ, ਭੁਪਿੰਦਰ ਸਾਂਬਰ, ਪ੍ਰਿਥੀਪਾਲ ਮਾੜੀਮੇਘਾ, ਹਰਭਜਨ ਸਿੰਘ, ਡਾ. ਅਰੁਣ ਮਿਤਰਾ, ਗੁਲਜ਼ਾਰ ਗੋਰੀਆ, ਪਾਰਟੀ ਦੇ ਦੋਹਾਂ ਉਮੀਦਵਾਰਾਂ ਹੰਸ ਰਾਜ ਗੋਲਡਨ ਅਤੇ ਦਸਵਿੰਦਰ ਕੌਰ ਅਤੇ ਕਈ ਜ਼ਿਲ੍ਹਾ ਸਕੱਤਰਾਂ ਅਤੇ ਅਵਾਮੀ ਜਥੇਬੰਦੀਆਂ ਦੇ ਆਗੂਆਂ, ਜਿਵੇਂ ਰਾਜਿੰਦਰਪਾਲ ਕੌਰ, ਦੇਵੀ ਕੁਮਾਰੀ, ਬਲਦੇਵ ਸਿੰਘ, ਰਮੇਸ਼ ਰਤਨ ਅਤੇ ਗੁਰਨਾਮ ਕੰਵਰ ਨੇ ਹਿੱਸਾ ਲਿਆ। ਮੀਟਿੰਗ ਨੂੰ ਭਾਰਤੀ ਮਹਿਲਾ ਫੈਡਰੇਸ਼ਨ ਦੀ ਜਨਰਲ ਸਕੱਤਰ ਕਾਮਰੇਡ ਐਨੀ ਰਾਜਾ ਨੇ ਵੀ ਮੁਖਾਤਬ ਕੀਤਾ।
ਪਾਰਟੀ ਨੇ ਸਿਧਾਂਤਕ, ਵਿਚਾਰਧਾਰਕ ਤੇ ਰਾਜਨੀਤਕ ਸੂਝ ਤਿੱਖੀ ਕਰਨ ਲਈ ਅਗਸਤ ਦੇ ਆਖਰੀ ਤੇ ਸਤੰਬਰ ਦੇ ਪਹਿਲੇ ਦਿਨਾਂ ਵਿਚ ਸੂਬਾ ਪੱਧਰ 'ਤੇ ਪਾਰਟੀ ਸਿਧਾਂਤਕ ਸਕੂਲ ਚੰਡੀਗੜ੍ਹ ਵਿਚ ਕਰਨ ਦਾ ਫੈਸਲਾ ਲਿਆ। ਸੂਬਾ ਕੌਂਸਲ ਨੇ ਪੰਜਾਬ ਦੇ ਪਾਣੀਆਂ ਦੇ ਹੱਕ ਦੀ ਰਾਖੀ ਕਰਦਿਆਂ ਗੁਆਂਢੀਆਂ ਨਾਲ ਪਾਣੀ ਦੇ ਝਗੜੇ ਗੱਲਬਾਤ ਰਾਹੀਂ ਹੱਲ ਕਰਨ ਦੀ ਮੰਗ ਕੀਤੀ ਅਤੇ ਆ ਰਹੀਆਂ ਹਰਿਆਣਾ ਚੋਣਾਂ 'ਤੇ ਨਜ਼ਰ ਰੱਖ ਕੇ ਭਾਜਪਾ ਵੱਲੋਂ ਇਸ ਨੂੰ ਭੜਕਾਉਣ ਦੀਆਂ ਕੋਸ਼ਿਸ਼ਾਂ ਦੀ ਨੁਕਤਾਚੀਨੀ ਕੀਤੀ। ਪਾਰਟੀ ਨੇ ਕੇਂਦਰੀ ਬਜਟ ਵਿਚ ਪਾਣੀ ਦੇ ਮਸਲੇ, ਬੇਰੁਜ਼ਗਾਰੀ, ਸਿਹਤ, ਵਿਦਿਆ ਆਦਿ ਵੱਲ ਬਣਦਾ ਧਿਆਨ ਨਾ ਦੇਣ ਦੀ ਨਿਖੇਧੀ ਕੀਤੀ।
ਪਾਰਟੀ ਨੇ ਅਨੁਸੂਚਿਤ ਜਾਤਾਂ ਦੇ ਵਿਦਿਆਰਥੀਆਂ ਦੇ ਵਜ਼ੀਫਿਆਂ ਬਾਰੇ ਕੇਂਦਰ ਸਰਕਾਰ ਵੱਲੋਂ ਪਿਛੇ ਹਟਣ ਦੀ ਨਿਖੇਧੀ ਕੀਤੀ। ਚੇਤੇ ਰਹੇ ਕਿ ਕਿ ਇਨ੍ਹਾਂ ਗਰੀਬ ਵਿਦਿਆਰਥੀਆਂ ਨੂੰ ਮਿਲਦੇ ਵਜ਼ੀਫਿਆਂ ਵਿਚ ਪਹਿਲਾਂ 90 ਫੀਸਦੀ ਹਿੱਸਾ ਕੇਂਦਰ ਸਰਕਾਰ ਅਤੇ 10 ਫੀਸਦੀ ਹਿੱਸਾ ਰਾਜ ਸਰਕਾਰ ਪਾਉਂਦੀ ਸੀ, ਪਰ ਹੁਣ ਕੇਂਦਰ ਦੀ ਨਵੀਂ ਤਜਵੀਜ਼ ਮੁਤਾਬਕ ਇਹ ਹਿਸਾ 60:40 ਕਰ ਦਿੱਤਾ ਗਿਆ ਹੈ। ਪਾਰਟੀ ਨੇ ਮੰਗ ਕੀਤੀ ਕਿ ਵਜ਼ੀਫੇ ਦੀ ਰਾਸ਼ੀ ਪਹਿਲਾਂ ਵਾਲੇ ਅਨੁਪਾਤ ਨਾਲ ਹੀ ਕੀਤੀ ਜਾਵੇ ਅਤੇ ਇਸ ਦੀ ਅਦਾਇਗੀ ਯਕੀਨੀ ਬਣਾਈ ਜਾਵੇ। ਪਾਰਟੀ ਨੇ ਅਗਲੇ ਕੰਮਾਂ ਵਿਚ ਗੁਰੂ ਨਾਨਕ ਦੇਵ ਜੀ ਦਾ 550ਵਾਂ ਗੁਰਪੁਰਬ ਮਨਾਉਣ ਲਈ ਸੈਮੀਨਾਰ, ਗੋਸ਼ਟੀਆਂ ਕਰਨ ਦਾ ਅਤੇ ਉਹਨਾ ਦੇ ਮਾਨਵਤਾ, ਭਾਈਚਾਰੇ, ਕਿਰਤ, ਔਰਤ, ਵਾਤਾਵਰਣ ਪੱਖੀ ਅਤੇ ਝੂਠੇ ਵਹਿਮਾਂ-ਭਰਮਾਂ ਦਾ ਪਰਦਾ ਫਾਸ਼ ਕਰਨ ਦੇ ਸੁਨੇਹੇ ਨੂੰ ਲੋਕਾਂ ਵਿਚ ਲਿਜਾਣ ਦਾ ਫੈਸਲਾ ਕੀਤਾ। ਜਲ੍ਹਿਆਂਵਾਲਾ ਬਾਗ ਦੀ ਸ਼ਤਾਬਦੀ ਵੀ ਮਨਾਉਣ ਦਾ ਫੈਸਲਾ ਲਿਆ ਗਿਆ। ਮੀਟਿੰਗ ਨੇ ਆਰੰਭ ਵਿਚ ਪਾਰਟੀ ਦੀ ਕੌਮੀ ਸਕੱਤਰੇਤ ਦੇ ਮੈਂਬਰ ਅਤੇ ਪ੍ਰਸਿੱਧ ਅੰਗਰੇਜ਼ੀ ਸਪਤਾਹਿਕ 'ਨਿਊਏਜ' ਦੇ ਮੁੱਖ ਸੰਪਾਦਕ ਸ਼ਮੀਮ ਫੈਜ਼ੀ, ਇਸਤਰੀ ਵੀਰਾਂਗਣਾ ਪ੍ਰੋਮਿਲਾ ਲੂੰਬਾ ਅਤੇ ਪਿਛਲੇ ਸਮੇਂ ਵਿਚ ਵਿਛੜੇ ਸਾਥੀਆਂ ਅਤੇ ਬੱਚੇ ਫਤਹਿਬੀਰ ਸਿੰਘ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ।

351 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper