Latest News
ਮੌਤ ਨੂੰ ਸੱਦਾ

Published on 16 Jul, 2019 11:29 AM.

ਹਿਮਾਚਲ ਦੇ ਕੁਮਾਰਹੱਟੀ-ਨਾਹਨ ਹਾਈਵੇ 'ਤੇ ਸਥਿਤ ਰੈਸਟੋਰੈਂਟ ਦੇ ਢਹਿਣ ਨਾਲ ਅਸਾਮ ਰਜਮੈਂਟ ਦੇ 13 ਜਵਾਨਾਂ ਤੇ ਰੈਸਟੋਰੈਂਟ ਮਾਲਕ ਦੀ ਪਤਨੀ ਦੇ ਮਾਰੇ ਜਾਣ ਨੇ ਪਹਾੜੀ ਇਲਾਕਿਆਂ ਵਿੱਚ ਤਿੱਖੀਆਂ ਢਲਾਣਾਂ 'ਤੇ ਅੰਨ੍ਹੇਵਾਹ ਕੀਤੀਆਂ ਜਾ ਰਹੀਆਂ ਉਸਾਰੀਆਂ ਪ੍ਰਤੀ ਸਰਕਾਰੀ ਲਾਪਰਵਾਹੀ ਨੂੰ ਇੱਕ ਵਾਰ ਫਿਰ ਸਾਹਮਣੇ ਲਿਆਂਦਾ ਹੈ। ਸੈਲਾਨੀਆਂ ਦੀ ਗਿਣਤੀ 'ਚ ਭਾਰੀ ਵਾਧਾ ਹੋਣ ਕਰਕੇ ਸੜਕ ਕੰਢੇ ਰੈਸਟੋਰੈਂਟਾਂ ਤੇ ਢਾਬਿਆਂ ਦੀ ਗਿਣਤੀ ਵੀ ਕਾਫ਼ੀ ਵਧੀ ਹੈ। ਲੋਕ ਵੀ ਸ਼ਹਿਰ ਵਿਚਲੇ ਰੈਸਟੋਰੈਂਟਾਂ ਤੇ ਢਾਬਿਆਂ ਦੇ ਮੁਕਾਬਲਤਨ ਮਹਿੰਗੇ ਹੋਣ ਕਾਰਨ ਆਪਣੀਆਂ ਗੱਡੀਆਂ ਰਾਹ 'ਚ ਪੈਂਦੇ ਰੈਸਟੋਰੈਂਟਾਂ ਤੇ ਢਾਬਿਆਂ 'ਤੇ ਹੀ ਖੜ੍ਹੀਆਂ ਕਰਨ ਨੂੰ ਤਰਜੀਹ ਦਿੰਦੇ ਹਨ। ਫੌਜ ਦੇ ਜਵਾਨ ਵੀ ਪੇਟ-ਪੂਜਾ ਕਰਨ ਲਈ ਸ਼ਾਇਦ ਇਹੀ ਸੋਚ ਕੇ ਮੰਦਭਾਗੇ ਰੈਸਟੋਰੈਂਟ 'ਚ ਰੁਕੇ ਹੋਣਗੇ। ਪੈਸੇ ਦੇ ਲਾਲਚ ਵਿੱਚ ਲੋਕਾਂ ਨੇ ਸੇਫਟੀ ਨੇਮਾਂ ਦਾ ਖਿਆਲ ਰੱਖੇ ਬਿਨਾਂ ਤਿੱਖੀਆਂ ਢਲਾਣਾਂ ਤੇ ਕਮਜ਼ੋਰ ਮਿੱਟੀ 'ਤੇ ਹੀ ਕਈ-ਕਈ ਮੰਜ਼ਲੀਆਂ ਉਸਾਰੀਆਂ ਕਰ ਰੱਖੀਆਂ ਹਨ। ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਮੌਕੇ ਦਾ ਦੌਰਾ ਕਰਨ ਵੇਲੇ ਇੰਕਸ਼ਾਫ਼ ਕੀਤਾ ਕਿ ਇਕੱਲੇ ਸ਼ਿਮਲਾ 'ਚ ਹੀ ਕੋਈ 300 ਅਸੁਰੱਖਿਅਤ ਇਮਾਰਤਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ। ਸੂਬੇ ਦੇ ਹੋਰਨਾਂ ਸ਼ਹਿਰਾਂ 'ਚ ਵੀ ਅਸੁਰੱਖਿਅਤ ਇਮਾਰਤਾਂ ਦਾ ਪਤਾ ਲਾਇਆ ਗਿਆ ਹੈ। ਉਨ੍ਹਾ ਇਹ ਨਹੀਂ ਦੱਸਿਆ ਕਿ ਅਜਿਹੀਆਂ ਇਮਾਰਤਾਂ ਨੂੰ ਢਾਹੁਣਾ ਕਦੋਂ ਹੈ। ਨੈਸ਼ਨਲ ਗਰੀਨ ਟ੍ਰਿਬਿਊਨਲ ਨੇ ਨਵੰਬਰ 2017 ਵਿੱਚ ਚਿਤਾਵਨੀ ਦਿੱਤੀ ਸੀ ਕਿ ਸ਼ਿਮਲਾ ਸਥਿਰ ਵਾਦੀ 'ਤੇ ਨਹੀਂ ਵਸਿਆ ਹੋਇਆ, ਇਸ ਦੀਆਂ 90 ਫ਼ੀਸਦੀ ਇਮਾਰਤਾਂ 60 ਡਿਗਰੀ ਢਲਾਣ 'ਤੇ ਉਸਰੀਆਂ ਹੋਈਆਂ ਹਨ, ਜੋ ਕਿ ਭਵਨ ਨਿਰਮਾਣ ਤੇ ਭੂ-ਗਰਭੀ ਨੇਮਾਂ ਦੀ ਗੰਭੀਰ ਉਲੰਘਣਾ ਹੈ। ਉਸ ਨੇ ਇਹ ਤੱਥ ਵੀ ਸਾਹਮਣੇ ਲਿਆਂਦਾ ਸੀ ਕਿ ਸ਼ਿਮਲਾ ਦੀ ਯੋਜਨਾਬੰਦੀ 16 ਹਜ਼ਾਰ ਲੋਕਾਂ ਦੇ ਰਹਿਣ ਲਈ ਕੀਤੀ ਗਈ ਸੀ ਤੇ 2011 ਦੀ ਮਰਦਮਸ਼ੁਮਾਰੀ ਮੁਤਾਬਕ ਅਬਾਦੀ 2 ਲੱਖ 36 ਹਜ਼ਾਰ ਹੋ ਗਈ ਸੀ। ਹੈਰਾਨੀ ਨਹੀਂ ਹੋਵੇਗੀ ਕਿ ਅਗਲੀ ਮਰਦਮਸ਼ੁਮਾਰੀ ਤੱਕ ਇਹ ਡੇਢੀ ਜਾਂ ਦੁੱਗਣੀ ਹੋ ਜਾਵੇ। ਇਹ ਸਥਿਤੀ ਉਦੋਂ ਹੈ, ਜਦੋਂ ਸ਼ਹਿਰ 'ਚ ਕਿਸੇ ਵੀ ਉਸਾਰੀ ਲਈ ਸਰਕਾਰੀ ਵਿਭਾਗਾਂ ਦੀ ਮਨਜ਼ੂਰੀ ਲੈਣੀ ਜ਼ਰੂਰੀ ਹੈ। ਮੁੱਖ ਮੰਤਰੀ ਨੇ ਅੱਗੇ ਤੋਂ ਸ਼ਹਿਰਾਂ ਤੇ ਪਿੰਡਾਂ 'ਚ ਉਸਾਰੀਆਂ ਲਈ ਇੰਜੀਨੀਅਰਾਂ ਦੀ ਮਨਜ਼ੂਰੀ ਲੈਣੀ ਜ਼ਰੂਰੀ ਕਰਨ ਦੀ ਗੱਲ ਕਹੀ ਹੈ। ਹਿਮਾਚਲ ਦੇ ਸੰਬੰਧ 'ਚ ਇਹ ਤੱਥ ਵੀ ਬਹੁਤ ਭਿਆਨਕ ਹੈ ਕਿ ਇਸ ਦਾ 32 ਫ਼ੀਸਦੀ ਇਲਾਕਾ ਬਹੁਤ ਹੀ ਵੱਡੇ ਰਿਸਕ ਵਾਲਾ ਹੈ ਤੇ ਸੂਬੇ ਦੀ ਲੱਗਭੱਗ 60 ਫ਼ੀਸਦੀ ਅਬਾਦੀ ਇਸ 'ਚ ਹੀ ਵਸਦੀ ਹੈ। ਭਵਿੱਖ ਲਈ ਚੁੱਕੇ ਜਾਣ ਵਾਲੇ ਕਦਮਾਂ ਦੇ ਨਾਲ-ਨਾਲ ਹੁਣ ਤੱਕ ਹੋਈਆਂ ਨਜਾਇਜ਼ ਉਸਾਰੀਆਂ ਨੂੰ ਡੇਗਣ ਦਾ ਅਮਲ ਵੀ ਵੱਡੇ ਪੱਧਰ 'ਤੇ ਸ਼ੁਰੂ ਕੀਤਾ ਜਾਣਾ ਚਾਹੀਦਾ ਹੈ, ਵਰਨਾ ਹਿਮਾਚਲ ਦੇ ਲੋਕਾਂ ਤੇ ਸੈਲਾਨੀਆਂ ਦੇ ਸਿਰ 'ਤੇ ਮੌਤ ਤਾਂ ਲਮਕਦੀ ਹੀ ਰਹਿਣੀ ਹੈ।

772 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper