Latest News
ਭੀੜਤੰਤਰੀ ਹਿੰਸਾ ਤੇ ਭਾਜਪਾ

Published on 16 Jul, 2019 11:31 AM.


ਭਾਜਪਾ ਦੇ ਕੇਂਦਰ ਦੀ ਸੱਤਾ ਉੱਤੇ ਬਿਰਾਜਮਾਨ ਹੋਣ ਤੋਂ ਬਾਅਦ ਦੇਸ਼ ਭਰ ਵਿੱਚ ਭੀੜਤੰਤਰ ਵੱਲੋਂ ਕੀਤੀਆਂ ਜਾ ਰਹੀਆਂ ਹੱਤਿਆਵਾਂ ਹੁਣ ਇੱਕ ਵਰਤਾਰਾ ਬਣ ਚੁੱਕੀਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਪਣੀ ਦੂਜੀ ਪਾਰੀ ਸਮੇਂ ਲੋਕਾਂ ਨੂੰ ਦਿੱਤਾ ਸਭ ਫਿਰਕਿਆਂ ਦੇ ਵਿਸ਼ਵਾਸ ਜਿੱਤਣ ਦਾ ਭਰੋਸਾ ਵੀ ਇੱਕ ਜੁਮਲਾ ਹੀ ਸਾਬਤ ਹੋ ਰਿਹਾ ਹੈ। ਹਿੰਦੂਤਵ ਦੇ ਜ਼ਹਿਰ ਨਾਲ ਡੰਗੇ ਗੁੰਡਾ ਟੋਲੇ ਨਿੱਤ ਦਿਨ ਇੱਕ ਤੋਂ ਬਾਅਦ ਦੂਜੇ ਸੂਬੇ ਵਿੱਚ ਇਹ ਕਹਿਰ ਵਰਤਾ ਰਹੇ ਹਨ।
ਝਾਰਖੰਡ ਵਿੱਚ ਤਬਰੇਜ਼ ਨਾਂਅ ਦੇ 24 ਸਾਲਾ ਨੌਜਵਾਨ ਦੇ ਕਤਲ ਤੋਂ ਬਾਅਦ ਪਿਛਲੇ ਵੀਰਵਾਰ ਇੱਕ ਹੋਰ ਘਟਨਾ ਦੀ ਖ਼ਬਰ ਆ ਗਈ ਹੈ। ਗਿਰਡੀਹ ਜ਼ਿਲ੍ਹੇ ਦੇ ਬਗੋਦਰ ਥਾਣਾ ਇਲਾਕੇ ਵਿੱਚ ਗਊ ਮਾਸ ਦੇ ਸ਼ੱਕ ਵਿੱਚ ਕੁਝ ਹੁੱਲੜਬਾਜ਼ਾਂ ਨੇ ਇੱਕ ਟਰੱਕ ਨੂੰ ਰੋਕ ਲਿਆ। ਡਰਾਈਵਰ ਤਾਂ ਜਾਨ ਬਚਾ ਕੇ ਭੱਜ ਗਿਆ, ਪਰ ਕਲੀਨਰ ਨੂੰ ਭੀੜ ਨੇ ਕਾਬੂ ਕਰਕੇ ਕੁੱਟਣਾ ਸ਼ੁਰੂ ਕਰ ਦਿੱਤਾ। ਮੌਕੇ ਉੱਤੇ ਪਹੁੰਚੀ ਪੁਲਸ ਉੱਤੇ ਵੀ ਭੀੜ ਨੇ ਹਮਲਾ ਕਰ ਦਿੱਤਾ। ਆਖਰ ਪੁਲਸ ਨੇ ਹਵਾਈ ਫਾਇਰ ਕਰਕੇ ਭੀੜ ਤੋਂ ਮੁਹੰਮਦ ਕਾਦਿਰ ਨਾਂਅ ਦੇ ਕਲੀਨਰ ਤੇ ਆਪਣੇ-ਆਪ ਨੂੰ ਬਚਾਇਆ। ਬਗੋਦਰ ਦੇ ਐੱਸ ਡੀ ਪੀ ਓ ਬਿਨੋਦ ਕੁਮਾਰ ਮੁਤਾਬਕ ਟਰੱਕ ਦੀ ਜਾਂਚ ਤੋਂ ਬਾਅਦ ਪਤਾ ਲੱਗਾ ਕਿ ਉਸ ਵਿੱਚ ਮਰੇ ਪਸ਼ੂਆਂ ਦੀਆਂ ਹੱਡੀਆਂ ਸਨ।
ਰਾਜਸਥਾਨ ਦੇ ਰਾਜਸਮੰਦ ਦੇ ਭੀਮ ਥਾਣੇ ਵਿੱਚ ਤੈਨਾਤ ਹਵਾਲਦਾਰ ਅਬਦੁੱਲ ਗਨੀ ਜ਼ਮੀਨ ਦੇ ਇੱਕ ਝਗੜੇ ਦੀ ਜਾਂਚ ਕਰਨ ਲਈ ਬੇਰ ਪਿੰਡ ਵਿੱਚ ਗਏ ਸਨ। ਜਦੋਂ ਉਹ ਮੋਟਰ ਸਾਈਕਲ ਉੱਤੇ ਵਾਪਸ ਆ ਰਹੇ ਸਨ ਤਾਂ ਲੋਕਾਂ ਦੀ ਭੀੜ ਨੇ ਉਨ੍ਹਾ ਉੱਤੇ ਲਾਠੀਆਂ ਨਾਲ ਹਮਲਾ ਕਰ ਦਿੱਤਾ। ਭੀੜ ਵੱਲੋਂ ਬੇਰਹਿਮੀ ਨਾਲ ਕੁੱਟੇ ਜਾਣ ਤੋਂ ਬਾਅਦ ਜਦੋਂ ਉਨ੍ਹਾ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਉਨ੍ਹਾ ਦੀ ਮੌਤ ਹੋ ਗਈ।
ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ ਵਿੱਚ ਸਰਧਨਾ ਦੀ ਇੱਕ ਮਸਜਿਦ ਦੇ ਇਮਾਮ ਜਦੋਂ ਮੋਟਰ ਸਾਈਕਲ ਉੱਤੇ ਆਪਣੇ ਪਿੰਡ ਨੂੰ ਜਾ ਰਹੇ ਸਨ ਤਾਂ ਉਨ੍ਹਾਂ ਨੂੰ ਰਾਹ ਵਿੱਚ ਨੌਜਵਾਨਾਂ ਦੇ ਇੱਕ ਟੋਲੇ ਨੇ ਘੇਰ ਲਿਆ। ਇਮਾਮ ਵੱਲੋਂ ਕੀਤੀ ਸ਼ਿਕਾਇਤ ਮੁਤਾਬਕ ਉਨ੍ਹਾਂ ਨੌਜਵਾਨਾਂ ਨੇ ਉਸ ਦੀ ਦਾੜ੍ਹੀ ਪੁੱਟੀ ਤੇ ਜੈ ਸ੍ਰੀ ਰਾਮ ਦੇ ਨਾਅਰੇ ਲਾਉਣ ਲਈ ਕਿਹਾ। ਇਮਾਮ ਵੱਲੋਂ ਰੌਲਾ ਪਾਉਣ ਉਤੇ ਰਾਹਗੀਰਾਂ ਨੇ ਉਸ ਨੂੰ ਹੁੱਲੜਬਾਜ਼ਾਂ ਤੋਂ ਛੁਡਾਇਆ। ਉਹ ਜਾਂਦੇ ਹੋਏ ਇਮਾਮ ਨੂੰ ਧਮਕੀ ਦੇ ਗਏ ਕਿ ਦੁਬਾਰਾ ਇਧਰ ਨਾ ਆਉਣਾ, ਜੇ ਆਉਣਾ ਹੈ ਤਾਂ ਦਾੜ੍ਹੀ ਕਟਵਾ ਕੇ ਆਉਣਾ। ਯੂ ਪੀ ਦੇ ਹੀ ਫਤਿਹਪੁਰ ਜ਼ਿਲ੍ਹੇ ਦੇ ਇੱਕ ਮਦਰੱਸੇ ਉੱਤੇ ਮੰਗਲਵਾਰ ਸਵੇਰੇ ਗਾਂ ਦਾ ਮਾਸ ਹੋਣ ਦੀ ਅਫ਼ਵਾਹ ਫੈਲਾ ਕੇ ਹਮਲਾ ਕਰ ਦਿੱਤਾ ਗਿਆ। ਮਦਰੱਸੇ ਦੀ ਬਾਉਂਡਰੀ ਢਾਅ ਦਿੱਤੀ ਗਈ ਤੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ। ਪੁਲਸ ਮੁਤਾਬਕ ਅਫ਼ਵਾਹ ਝੂਠੀ ਸੀ ਤੇ ਪਿੰਡ ਵਿੱਚ ਪੁਲਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ।
ਰੋਜ਼ ਵਾਪਰਦੀਆਂ ਅਜਿਹੀਆਂ ਘਟਨਾਵਾਂ ਤੋਂ ਭਾਜਪਾਈ ਸਰਕਾਰ ਬਿਲਕੁੱਲ ਚਿੰਤਤ ਨਹੀਂ ਹੈ, ਕਿਉਂਕਿ ਇਸ ਨਾਲ ਘੱਟ-ਗਿਣਤੀਆਂ ਵਿੱਚ ਡਰ ਦੀ ਭਾਵਨਾ ਪੈਦਾ ਹੁੰਦੀ ਹੈ, ਜਿਹੜੀ ਉਨ੍ਹਾ ਦੀ ਫ਼ਿਰਕੂ ਸਿਆਸਤ ਨੂੰ ਰਾਸ ਆਉਂਦੀ ਹੈ। ਕੇਂਦਰੀ ਪਸ਼ੂ ਪਾਲਣ ਮੰਤਰੀ ਤੇ ਭਾਜਪਾ ਦੇ ਫਾਇਰ ਬਰਾਂਡ ਨੇਤਾ ਵਜੋਂ ਮਸ਼ਹੂਰ ਗਿਰੀਰਾਜ ਸਿੰਘ ਦਾ ਬਿਆਨ ਇਸੇ ਸੋਚ ਦੀ ਗਵਾਹੀ ਭਰਦਾ ਹੈ। ਜਦੋਂ ਉਨ੍ਹਾ ਨੂੰ ਪੱਤਰਕਾਰਾਂ ਨੇ ਪੁੱਛਿਆ ਕਿ ਅਵਾਰਾ ਫਿਰਨ ਵਾਲੇ ਪਸ਼ੂਆਂ ਦੀ ਸਮਗਲਿੰਗ ਤੇ ਹੱਤਿਆ ਦੇ ਸ਼ੱਕ ਵਿੱਚ ਭੀੜ ਵੱਲੋਂ ਲੋਕਾਂ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਜਾਂਦਾ ਹੈ ਤਾਂ ਸਰਕਾਰ ਇਸ ਦੀ ਰੋਕਥਾਮ ਲਈ ਕੀ ਕਦਮ ਚੁੱਕੇਗੀ ਤਾਂ ਉਨ੍ਹਾ ਗੁੱਸੇ ਭਰੇ ਲਹਿਜੇ ਵਿੱਚ ਕਿਹਾ ਕਿ 'ਲਿੰਚਿੰਗ-ਵਿੰਚਿੰਗ' ਇੱਕ ਨਵਾਂ ਸਿਆਸੀ ਕਦਮ ਹੈ, ਜਿਸ ਨੂੰ ਚਲਾਉਣ ਵਾਲੇ ਅਖੌਤੀ ਧਰਮ ਨਿਰਪੱਖ ਵਿਅਕਤੀ ਹਨ। ਇਸ ਲਈ ਜਮਹੂਰੀਅਤ ਪਸੰਦ ਲੋਕਾਂ ਨੂੰ ਖੁਦ ਇਸ ਵਰਤਾਰੇ ਵਿਰੁੱਧ ਲੋਕ ਲਹਿਰ ਬਣਾਉਣੀ ਪਵੇਗੀ, ਸਰਕਾਰ ਤੋਂ ਆਸ ਰੱਖਣੀ ਫਜ਼ੂਲ ਹੈ।

917 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper